Now Reading
ਸ਼ਹੀਦ ਮਹਿੰਦਰ ਸਿੰਘ ਨੂੰ ਇਨਸਾਫ਼ ਦਵਾਉਣ ਲਈ ਲਗਾਏ ਧਰਨੇ ਦੇ ਤੀਜੇ ਦਿਨ ਪ੍ਰਸ਼ਾਸਨ ਨੇ ਮੰਗਾਂ ਮੰਨੀਆਂ, ਧਰਨਾ ਸਮਾਪਤ

ਸ਼ਹੀਦ ਮਹਿੰਦਰ ਸਿੰਘ ਨੂੰ ਇਨਸਾਫ਼ ਦਵਾਉਣ ਲਈ ਲਗਾਏ ਧਰਨੇ ਦੇ ਤੀਜੇ ਦਿਨ ਪ੍ਰਸ਼ਾਸਨ ਨੇ ਮੰਗਾਂ ਮੰਨੀਆਂ, ਧਰਨਾ ਸਮਾਪਤ

ਮਹਿਤਪੁਰ: ਪੰਜਾਬ ’ਚੋਂ ਨਸ਼ੇ ਖਤਮ ਨਹੀਂ ਹੋ ਸਕਣੇ, ਜਿੰਨਾ ਚਿਰ ਸਰਕਾਰ ਇਮਾਨਦਾਰ ਨਹੀਂ ਹੁੰਦੀ। ਪੁਲੀਸ ਵਲੋਂ ਇਹ ਬਹਾਨੇ ਵੀ ਨਿਖੇਧੀਯੋਗ ਨੇ, ਜਿਸ ‘ਚੋਂ ਉਹ ਕਹਿੰਦੇ ਨੇ ਕਿ ਪੁਲੀਸ ਦੀ ਨਫ਼ਰੀ ਬਹੁਤ ਘੱਟ ਹੈ। ਇਹ ਸ਼ਬਦ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਅੱਜ ਇਥੇ ਥਾਣੇ ਅੱਗ ਲਗਾਏ ਧਰਨੇ ਦੇ ਤੀਜੇ ਦਿਨ ਕਹੇ। ਪਾਸਲਾ ਨੇ ਕਿਹਾ ਕਿ ਲੋਕਾਂ ਨੂੰ ਕੁੱਟਣ ਲਈ ਪੁਲੀਸ ਹਰ ਥਾਂ ਪੁੱਜ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹਾਕਮ ਧਿਰ ਵਲੋਂ ਲੋਕਾਂ ‘ਤੇ ਵੱਡੇ ਹਮਲੇ ਕੀਤੇ ਜਾ ਰਹੇ ਹਨ, ਜਿਸ ਨੂੰ ਸਾਂਝੇ ਸੰਘਰਸ਼ਾਂ ਨਾਲ ਹੀ ਪਛਾੜਿਆ ਜਾ ਸਕਦਾ ਹੈ। ਪਾਸਲਾ ਨੇ ਕਿਹਾ ਕਿ ਲੋਕ ਹਿੱਤਾਂ ਦੀ ਰਾਖੀ ਲਈ ਤੇ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀ ਦਲਦਲ ’ਚੋਂ ਕੱਢਣ ਲਈ ਸਾਥੀ ਮਹਿੰਦਰ ਸਿੰਘ ਸਰਪੰਚ ਵਲੋਂ ਦਿੱਤੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ ਤੇ ਇਹ ਸ਼ਹਾਦਤ ਨਸ਼ਾ ਤਸਕਰਾਂ ਤੇ ਪੰਜਾਬ ਵਿਰੋਧੀ ਤਾਕਤਾਂ ਦੇ ਕਫਨ ’ਚ ਆਖਰੀ ਕਿੱਲ ਸਾਬਤ ਹੋਵੇਗੀ।
ਵਰਨਣਯੋਗ ਹੈ ਕਿ ਨਸ਼ਾ ਤਸਕਰਾਂ ਵਲੋਂ ਕੀਤੇ ਜਾਨਲੇਵਾ ਹਮਲੇ ਉਪਰੰਤ ਬੂਟੇ ਦੀਆਂ ਛੰਨਾ ਦੇ ਸਰਪੰਚ ਮਹਿੰਦਰ ਸਿੰਘ ਦਾ ਕੁੱਝ ਦਿਨ ਪਹਿਲਾ ਦੇਹਾਂਤ ਹੋ ਗਿਆ ਸੀ। ਜਿਸ ਦੇ ਰੋਸ ਵਜੋਂ ਪਰਸੋਂ ਤੋਂ ਥਾਣੇ ਅੱਗੇ ਧਰਨਾ ਲਗਾਇਆ ਗਿਆ ਸੀ। ਧਰਨਾਕਾਰੀਆਂ ਨੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ, ਪਰਿਵਾਰ ਨੂੰ ਮੁਆਵਜ਼ਾ ਦੇਣ, ਸ਼ਹੀਦ ਸਰਪੰਚ ਦੀ ਯਾਦ ਸਦੀਵੀ ਬਣਾਉਣ ਅਤੇ ਪਰਿਵਾਰਕ ਮੈਂਬਰ ਨੂੰ ਨੌਕਰੀ ਦੀ ਮੰਗ ਸਰਕਾਰ ਦੇ ਅੱਗੇ ਰੱਖੀ ਸੀ।
ਅੱਜ ਵੱਖ-ਵੱਖ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਧਰਨੇ ਨੂੰ ਸੰਬੋਧਨ ਕੀਤਾ। ਜਿਸ ‘ਚ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਜਮਹੂਰੀ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਮੇਜਰ ਖੁਰਲਾਪੁਰ, ਮਨੋਹਰ ਗਿੱਲ, ਰਾਮ ਸਿੰਘ ਕੈਮਵਾਲਾ, ਨਰੇਗਾ ਵਰਕਰਜ਼ ਯੂਨੀਅਨ ਦੇ ਚਰਨਜੀਤ ਥੰਮੂਵਾਲ, ਬੀਕੇਯੂ ਖਹਿਰਾ ਦੇ ਕੇਵਲ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਰਾਜਿੰਦਰ ਮੰਡ, ਪੁਨਰ ਸੁਰਜੀਤ ਅਕਾਲੀ ਦਲ ਦੇ ਸਤਵੰਤ ਸਿੰਘ ਰੌਲੀ, ਐਡ ਅਵਤਾਰ ਸਿੰਘ ਕਲੇਰ, ਆਲ ਇੰਡੀਆ ਕਿਸਾਨ ਸਭਾ ਕੇ ਸੰਦੀਪ ਅਰੋੜਾ, ਨਿਰਮਲ ਸਿੰਘ, ਬੀਕੇਯੂ ਡਕੌਂਦਾ ਦੇ ਸਤਨਾਮ ਸਿੰਘ ਲੋਹਗੜ, ਸਰਪੰਚ ਜਸਵੰਤ ਸਿੰਘ ਲੋਹਗੜ੍ਹ, ਪੇਡੂ ਮਜ਼ਦੂਰ ਯੂਨੀਅਨ ਦੇ ਕਸ਼ਮੀਰ ਸਿੰਘ ਮਡਿਆਲਾ, ਅਨੀਤਾ, ਆਲ ਇੰਡੀਆ ਕਿਸਾਨ ਸਭਾ ਦੇ ਕੇਵਲ ਸਿੰਘ ਦਾਨੇਵਾਲ, ਸਰਪੰਚ ਹਰਮੇਸ਼ ਮਾਨ, ਆਰਐੱਮਪੀਆਈ ਦੇ ਸੂਬਾ ਸਕੱਤਰੇਤ ਮੈਂਬਰ ਡਾ. ਸਰਬਜੀਤ ਮੁਠੱਡਾ, ਬਲਜੀਤ ਸਿੰਘ, ਕਾਂਗਰਸ ਦੇ ਆਗੂ ਮਹਿੰਦਰਪਾਲ ਸਿੰਘ ਟੁਰਨਾ, ਗੁਰਖਸ਼ ਕੌਰ, ਕਸ਼ਮੀਰ ਸਿੰਘ ਦੋਆਬਾ ਬੀਕੇਯੂ, ਰਮਨਦੀਪ ਸਿੰਘ ਸਮਰਾ ਡਕੌਂਦਾ ਸ਼ਾਮਲ ਸਨ।
ਅੱਜ ਦੇ ਧਰਨੇ ਦੌਰਾਨ ਐੱਸਡੀਐੱਮ ਨਕੋਦਰ ਸਿਮਰਨਜੀਤ ਸਿੰਘ ਨੇ ਧਰਨੇ ਦੌਰਾਨ ਪੁੱਜ ਕੇ ਐਲਾਨ ਕੀਤਾ ਕਿ ਪਰਿਵਾਰ ਨੂੰ ਪੰਜ ਲੱਖ ਰੁਪਏ ਦਿੱਤੇ ਜਾਣਗੇ। ਪਰਿਵਾਰ ਦੇ ਇੱਕ ਮੈਂਬਰ ਨੂੰ ਕੁਲੈਕਟਰ ਰੇਟ ‘ਤੇ ਦਰਜਾ ਚਾਰ ਦੀ ਨੌਕਰੀ ਦਿੱਤੀ ਜਾਵੇਗੀ ਅਤੇ ਬਘੇਲਾ ਪਿੰਡ ਦੀ ਗਰਾਊਂਡ ਦਾ ਨਾਂ ਪੰਚਾਇਤ ਵਲੋਂ ਮਤਾ ਪਾਉਣ ਉਪਰੰਤ ਸ਼ਹੀਦ ਮਹਿੰਦਰ ਸਿੰਘ ਦੇ ਨਾਂ ‘ਤੇ ਰੱਖਿਆਂ ਜਾਵੇਗਾ। ਡੀਐੱਸਪੀ ਸ਼ਾਹਕੋਟ ਸੁਖਪਾਲ ਸਿੰਘ ਨੇ ਐਲਾਨ ਕੀਤਾ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾ ਦਵਾਈ ਜਾਵੇਗੀ।
ਆਗੂਆਂ ਨੇ ਕਿਹਾ ਕਿ ਪਰਸੋਂ ਨੂੰ ਸ਼ਹੀਦ ਮਹਿੰਦਰ ਸਿੰਘ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

Scroll To Top