ਲੁਧਿਆਣਾ: ਫਲੀਸਤੀਨ ਨੂੰ ਨਿਹੱਕੀ ਜੰਗ ਦਾ ਖਾਜਾ ਬਣਾ ਕਬਰਸਤਾਨ ਬਨਾਉਣ ਵਾਲੇ ਇਜ਼ਰਾਈਲ ਦੇ ਵਿੱਤ ਮੰਤਰੀ ਬੇਜਾ ਲੇਲ ਸਮੋਟਰਿਚ ਜੋ ਕਿ ਭਾਰਤ ਦੀ ਫੇਰੀ ‘ਤੇ ਆਏ ਹਨ ਦਾ, ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਇਥੇ ਜ਼ਬਰਦਸਤ ਵਿਰੋਧ ਕੀਤਾ ਗਿਆ। ਫਰੰਟ ਵਿੱਚ ਸ਼ਾਮਲ ਜਥੇਬੰਦੀਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ), ਇਨਕਲਾਬੀ ਕੇਂਦਰ ਪੰਜਾਬ ਅਤੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਸੀਪੀਆਈ ਮਾਲੇ ਨਿਊ ਡੈਮੋਕਰੇਸੀ, ਸੀਪੀਆਈ ਮਾਲੇ ਲਿਬਰੇਸ਼ਨ ਦੀ ਅਗਵਾਈ ਵਿੱਚ ਇਕੱਤਰ ਹੋਏ ਵਰਕਰਾਂ ਨੇ ਪੰਜਾਬੀ ਭਵਨ ਤੋਂ ਲੈਕੇ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫਤਰ ਤੱਕ ਮਾਰਚ ਕਰਕੇ ਇਜ਼ਰਾਈਲ ਦੇ ਅਮਾਨਵੀ ਕਾਰਿਆਂ ਵਿਰੁੱਧ ਜ਼ਬਰਦਸਤ ਨਾਹਰੇ ਬਾਜ਼ੀ ਕੀਤੀ।
ਇਸ ਮੌਕੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਫਰੰਟ ਦੇ ਆਗੂਆਂ ਕੰਵਲਜੀਤ ਖੰਨਾ, ਰਘਬੀਰ ਸਿੰਘ ਬੈਨੀਪਾਲ, ਗੁਲਜਾਰ ਪੰਧੇਰ, ਸੁਖਦੇਵ ਮਾਣੂਕੇ, ਪਵਨ ਕੁਮਾਰ, ਜਸਵੰਤ ਜੀਰਖ ਨੇ ਆਖਿਆ ਕਿ ਇਜ਼ਰਾਈਲ ਨੇ ਸਾਰੇ ਮਾਨਵੀ ਅਤੇ ਜੰਗੀ ਅਸੂਲਾਂ ਨੂੰ ਛਿੱਕੇ ਟੰਗ ਕੇ ਫਲਸਤੀਨ ਦੀ ਹੋਂਦ ਨੂੰ ਮਿਟਾਉਣ ਅਤੇ ਉਸ ਦੀ ਨਸਲਕੁਸ਼ੀ ਦੀ ਮੁਹਿੰਮ ਵਿੱਢੀ ਹੋਈ ਹੈ। ਇਜ਼ਰਾਈਲ ਵੱਲੋਂ ਫਲਸਤੀਨ ਵਿੱਚ ਜਾਣ ਵਾਲੀਆਂ ਖੁਰਾਕੀ ਵਸਤਾਂ, ਦਵਾਈਆਂ ਅਤੇ ਪਾਣੀ ਉੱਪਰ ਵੀ ਰੋਕਾਂ ਲਗਾਈਆਂ ਹੋਈਆਂ ਹਨ। ਉਹਨਾਂ ਕਿਹਾ ਕਿ ਇਜ਼ਰਾਈਲ ਵੱਲੋਂ ਹਸਪਤਾਲਾਂ, ਸਕੂਲਾਂ ਤੇ ਰਾਹਤ ਕੈਂਪਾਂ ਉੱਪਰ ਬੰਬਾਰੀ ਕੀਤੀ ਜਾ ਰਹੀ ਹੈ। ਜਿਸ ਕਾਰਨ ਬਿਮਾਰ, ਬੱਚੇ, ਬਜ਼ੁਰਗ, ਔਰਤਾਂ ਤੇ ਪੱਤਰਕਾਰਾਂ, ਡਾਕਟਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਨੇ ਨੇਤਨਯਾਹੂ ਨੂੰ ਜੰਗੀ ਅਪਰਾਧੀ ਐਲਾਨਿਆਂ ਹੋਇਆ ਹੈ। ਇਸ ਸਬੰਧੀ ਸੰਸਾਰ ਭਰ ਵਿੱਚ ਇਜ਼ਰਾਈਲ ਦਾ ਲੱਖਾਂ ਲੋਕਾਂ ਵੱਲੋ ਵੱਡੀ ਪੱਧਰ ‘ਤੇ ਵਿਰੋਧ ਕੀਤਾ ਜਾ ਰਿਹਾ ਹੈ।
ਆਗੂਆਂ ਨੇ ਆਖਿਆ ਕਿ ਅਜਿਹੀ ਸਥਿਤੀ ਵਿੱਚ ਭਾਰਤ ਸਰਕਾਰ ਦਾ ਇਜ਼ਰਾਈਲ ਨਾਲ ਦੁਵੱਲੇ ਵਪਾਰਕ ਸਬੰਧਾ ਨੂੰ ਮਜ਼ਬੂਤ ਕਰਨ ਲਈ ਮੀਟਿੰਗਾਂ ਕਰਨਾ ਉਸ ਦੇ ਲੋਕ ਵਿਰੋਧੀ ਮਨਸੂਬਿਆਂ ਅਤੇ ਨਿਹੱਕੀ ਜੰਗ ਦੇ ਪੱਖ ਵਿੱਚ ਖੜ੍ਹਨਾ ਹੈ। ਮੋਦੀ ਸਰਕਾਰ ਵੱਲੋ ਪਹਿਲਾਂ ਵੀ ਯੂ ਐਨ ਓ ਵਿੱਚ ਜੰਗਬੰਦੀ ਲਈ ਪੇਸ਼ ਮਤਿਆਂ ਸਮੇਂ ਗੈਰ ਹਾਜ਼ਰ ਰਹਿਣਾ ਨਿਦਣਯੋਗ ਸੀ। ਉਹਨਾਂ ਕਿਹਾ ਕਿ ਹੁਣ ਇਜ਼ਰਾਈਲ ਨਾਲ ਸਬੰਧਾ ਨੂੰ ਮਜ਼ਬੂਤ ਕਰਨਾ ਨਿਹੱਕੀ ਜੰਗ ਦਾ ਸਾਹਮਣਾ ਕਰ ਰਹੇ ਫਲਸਤੀਨ ਦੇ ਵਿਰੁੱਧ ਭੁਗਤਣਾ ਹੈ। ਜੋ ਕਿ ਸਾਡੀ ਵਿਦੇਸ਼ ਨੀਤੀ ਅਤੇ ਮਾਨਵੀ ਹੱਕਾਂ ਦੇ ਵਿਰੁੱਧ ਹੈ। ਆਗੂਆਂ ਨੇ ਆਖਿਆ ਕਿ ਜੇ ਭਾਰਤ ਦੀ ਮੋਦੀ ਸਰਕਾਰ ਨੇ ਮਾਨਵੀ ਹੱਕਾਂ ਦੀ ਰਾਖੀ ਲਈ ਇਜ਼ਰਾਈਲ ਨਾਲ ਆਪਣੇ ਸਬੰਧ ਨਾ ਤੋੜੇ ਤਾਂ ਉਸ ਨੂੰ ਭਾਰਤ ਵਿੱਚ ਵੱਡੇ ਲੋਕ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।
ਉਨਾਂ ਮੋਦੀ ਸਰਕਾਰ ਦੀ ਇਜਰਾਈਲ ਤੇ ਅਮਰੀਕਾ ਪ੍ਰਤੀ ਦੋਗਲੀ ਨੀਤੀ ਦੀ ਜੋਰਦਾਰ ਆਲੋਚਨਾ ਕਰਦਿਆਂ ਕਿਹਾ ਕਿ ਅਮਰੀਕਾ ਤੇ ਇਜਰਾਈਲ ਫਲੀਸਤੀਨ ਨੂੰ ਦੂਨੀਆਂ ਦੇ ਨਕਸ਼ੇ ਤੋਂ ਮਿਟਾ ਕੇ ਗਜਾ ਪੱਟੀ ਦੇ ਜੰਗ ਤੇ ਭੁੱਖਮਰੀ ਦਾ ਸ਼ਿਕਾਰ ਲੋਕਾਂ ਨੂੰ ਉਥੋ ਕੱਢ ਕੇ ਸੈਰਗਾਹ ਬਨਾਉਣ ਦੀਆਂ ਸਾਜਿਸ਼ਾਂ ਦਾ ਸੰਸਾਰ ਭਰ ਚ ਵਿਰੋਧ ਦੇ ਮੱਦੇਨਜਰ ਇਜਰਈਲ ਨੂੰ ਨੇਪਾਲ ਵਾਂਗ ਲੋਕ ਬਗਾਵਤ ਦਾ ਸਾਹਮਣਾ ਕਰਨਾ ਹੋਵੇਗਾ।
ਇਸ ਸਮੇਂ ਹਰਨੇਕ ਗੁੱਜਰਵਾਲ, ਚਮਕੌਰ ਸਿੰਘ ਬਰਮੀ, ਕਾ. ਸੁਰਿੰਦਰ ਸਿੰਘ, ਜਗਤਾਰ ਸਿੰਘ ਚਕੋਹੀ, ਬਲਰਾਜ ਕੋਟਉਮਰਾ, ਲਛਮਣ ਸਿੰਘ ਕੂਮਕਲਾਂ, ਪਰਮਜੀਤ ਸਿੰਘ ਮਾਛੀਵਾੜਾ, ਗੁਰਦੀਪ ਸਿੰਘ ਕਲਸੀ, ਗੁਰਮੇਲ ਸਿੰਘ ਰੂਮੀ, ਦਰਸ਼ਣ ਸਿੰਘ ਸਾਇਆ, ਤਹਿਸੀਲਦਾਰ ਯਾਦਵ, ਬਲਰਾਮ ਸਿੰਘ ਅਜੀਤ ਕੁਮਾਰ, ਕਾ ਜੈ ਪ੍ਰਕਾਸ਼ ਨਰਾਇਣ, ਵਿਜੈ ਨਾਰਾਇਣ, ਹਰਜਿੰਦਰ ਕੋਰ, ਨਰਿੰਦਰ ਸਿੰਘ, ਸੁਰਜੀਤ ਸਿੰਘ, ਸੋਹਬਨ ਸਿੰਘ, ਸਤਨਾਮ ਸਿੰਘ, ਦਰਸ਼ਣ ਸਿੰਘ,
ਜੈ ਪ੍ਰਕਾਸ਼ ਨਰਾਇਣ, ਨਿੱਤਲੇਸ਼ ਕੁਮਾਰ, ਵਿਜੇ ਕੁਮਾਰ, ਬੱਬਲ ਕੁਮਾਰ, ਗੌਰਵ ਪਾਸਵਾਨ ਆਦਿ ਹਾਜ਼ਰ ਸਨ।
