
ਜਲੰਧਰ: “ਅਮਰੀਕਾ-ਇਜ਼ਰਾਇਲ ਵੱਲੋਂ ਧੌਂਸਵਾਦੀ ਤੇ ਪਸਾਰਵਾਦੀ ਨੀਤੀ ਅਧੀਨ ਇਰਾਨ ’ਤੇ ਕੀਤਾ ਗਿਆ ਵਹਿਸ਼ੀ ਹਮਲਾ ਮਿਡਲ ਈਸਟ ਤੇ ਏਸ਼ੀਆਈ ਖਿੱਤੇ ਨੂੰ ਜੰਗ ਦੀ ਭੱਠੀ ’ਚ ਝੋਂਕ ਦੇਣ ਦੇ ਨਾਲ ਹੀ ਤੀਜਾ ਸੰਸਾਰ ਯੁੱਧ ਛਿੜਨ ਦਾ ਕਾਰਨ ਵੀ ਬਣ ਸਕਦਾ ਹੈ। ਈਰਾਨ ਦੇ ਤੇਲ ਭੰਡਾਰ ਤੇ ਖਿੱਤੇ ਦੇ ਬਾਕੀ ਦੇਸ਼ਾਂ ਦੇ ਕੁਦਰਤੀ ਤੇ ਮਾਨਵੀ ਵਸੀਲੇ ਹਥਿਆਉਣ ਲਈ ਕੀਤੇ ਗਏ ਇਸ ਹੱਲੇ ਦਾ ਸੰਸਾਰ ਭਰ ਦੇ ਨਿਆਂ ਪਸੰਦ ਲੋਕਾਂ ਵਲੋਂ ਡੱਟਵਾਂ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਅਮਰੀਕਾ ਦੀ ਉਕਤ ਅਮਾਨਵੀ ਕਰਤੂਤ ਦੀ ਡੱਟਵੀਂ ਨਿਖੇਧੀ ਕਰਨ ਦੀ ਥਾਂ, ਮੋਦੀ ਸਰਕਾਰ ਵਲੋਂ ਆਰਐੱਸਐੱਸ ਦਾ ਫਿਰਕੂ ਏਜੰਡਾ ਵਧਾਉਣ ਲਈ ਇਸ ਪ੍ਰਤੀ ਧਾਰੀ ਸ਼ਰਮਨਾਕ ਚੁੱਪੀ ਨੇ ਨਾ ਕੇਵਲ ਦੇਸ਼ ਦੀ ਗੁਟ ਨਿਰਲੇਪਤਾ ਵਾਲੀ ਵਿਦੇਸ਼ ਨੀਤੀ ਦੇ ਤੱਪੜ ਰੋਲ ਦਿੱਤੇ ਹਨ, ਬਲਕਿ ਇਸ ਪਹੁੰਚ ਨੇ ਪੂਰੇ ਵਿਸ਼ਵ ਦੀਆਂ ਨਜ਼ਰਾਂ ’ਚ ਭਾਰਤ ਦੇ ਸਨਮਾਨ ਨੂੰ ਵੀ ਭਾਰੀ ਸੱਟ ਮਾਰੀ ਹੈ।’’ ਇਹ ਸ਼ਬਦ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਰਾਜ ਕਮੇਟੀ ਦੇ ਸਕੱਤਰੇਤ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਹੇ।
ਪਾਸਲਾ ਨੇ ਕਿਹਾ ਕਿ ‘‘ਅਮਰੀਕਾ ਵੱਲੋਂ ਭਾਰਤ ਸਰਕਾਰ ਦੇ ਸੱਦੇ ’ਤੇ ਸਾਂਝੀਆਂ ਜੰਗੀ ਮਸ਼ਕਾਂ ’ਚ ਭਾਗ ਲੈਣ ਵਾਸਤੇ ਪਹੁੰਚੇ ਇਰਾਨੀ ਨੇਵੀ ਦੇ ਸਮੁੰਦਰੀ ਜਹਾਜ਼ ’ਤੇ ਹਮਲਾ ਕਰਕੇ ਉਸ ਨੂੰ ਹਿੰਦ ਮਹਾਂ ਸਾਗਰ ’ਚ ਤਬਾਹ ਕੀਤਾ ਗਿਆ ਹੈ ਤੇ 90 ਦੇ ਕਰੀਬ ਇਰਾਨ ਦੇ ਨੇਵੀ ਜਵਾਨਾਂ ਨੂੰ ਮਾਰ ਮੁਕਾਇਆ ਹੈ। ਇਹ ਸਿਰਫ ਬਹੁਤ ਨਿੰਦਣਯੋਗ ਕਾਰਵਾਈ ਹੀ ਨਹੀਂ, ਬਲਕਿ ਸਾਮਰਾਜ ਹੱਥੋਂ ਭਾਰਤ ਦੀ ਏਕਤਾ, ਅਖੰਡਤਾ ਤੇ ਸਲਾਮਤੀ ਲਈ ਵੀ ਡਾਢੀ ਖਤਰਨਾਕ ਹੈ। ਅਫਸੋਸ ਹੈ ਕਿ ਅਮਰੀਕਾ ਸਾਹਮਣੇ ਪੂਰੀ ਤਰ੍ਹਾਂ ਸਮਰਪਣ ਕਰਕੇ ਮੋਦੀ ਸਰਕਾਰ ਨੇ ਇਸ ਘਿਨਾਉਣੀ ਕਾਰਵਾਈ ਦੀ ਨਿਖੇਧੀ ਤੱਕ ਨਹੀਂ ਕੀਤੀ।’’
ਉਨ੍ਹਾ ਕਿਹਾ ਕਿ, ਟਰੰਪ ਤੇ ਇਸ ਦੇ ਜੋਟੀਦਾਰਾਂ ਦੇ ਤਬਾਹਕੁੰਨ ਮਨਸੂਬੇ ਫੇਲ੍ਹ ਕਰਨ ਤੇ ਮੋਦੀ ਸਰਕਾਰ ਦੇ ਕਾਇਰਾਨਾ ਸਮਰਪਣ ਨੂੰ ਬੇਪਰਦ ਕਰਨ ਲਈ ਪਾਰਟੀ ਆਜ਼ਾਦਾਨਾ ਤੌਰ ’ਤੇ ਅਤੇ ਅਮਨ ਪਸੰਦ ਧਿਰਾਂ ਨਾਲ ਮਿਲ ਕੇ ਦੇਸ਼ ਭਰ ’ਚ “ਸਾਮਰਾਜ ਭਜਾਓ, ਮਾਨਵਤਾ ਬਚਾਓ, ਮੋਦੀ ਹਟਾਓ ਦੇਸ਼ ਬਚਾਓ’’ ਦੀ ਜ਼ੋਰਦਾਰ ਮੁਹਿੰਮ ਵਿੱਢੇਗੀ। ਇਸ ਦੀ ਸ਼ੁਰੂਆਤ 23 ਮਾਰਚ ਨੂੰ ਖਟਕੜ ਕਲਾਂ ਵਿਖੇ ਸ਼ਹੀਦ-ਇ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਵਿਸ਼ਾਲ ਰਾਜਸੀ ਕਾਨਫਰੰਸ ਨਾਲ ਕੀਤੀ ਜਾਵੇਗੀ ਤੇ 29 ਮਾਰਚ ਨੂੰ ਮਾਝੇ ਦੇ ਕਸਬੇ ਜੰਡਿਆਲਾ ਗੁਰੂ ਵਿਖੇ ਵਿਸ਼ਾਲ ਲੋਕ ਇਕੱਠ ਕੀਤਾ ਜਾਵੇਗਾ।
ਰਾਜ ਕਮੇਟੀ ਦੇ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਹੈ ਕਿ ਸੂਬੇ ਦੀ ਅਸਲੋਂ ਨਿੱਘਰ ਚੁੱਕੀ ਅਮਨ-ਕਾਨੂੰਨ ਦੀ ਅਵਸਥਾ; ਹਰ ਰੋਜ਼ ਵਾਪਰ ਰਹੀਆਂ ਕਤਲਾਂ, ਲੁੱਟਾਂ-ਖੋਹਾਂ ਤੇ ਫਿਰੌਤੀ ਵਸੂਲੀ ਦੀਆਂ ਹੌਲਨਾਕ ਵਾਰਦਾਤਾਂ; ਹਾਕਮ ਧਿਰ ਵਲੋਂ ਨਸ਼ਾ ਤਸਕਰਾਂ, ਮਾਫੀਆ ਸਰਗਨਿਆਂ ਤੇ ਅਪਰਾਧੀ ਗ੍ਰੋਹਾਂ ਦੀ ਕੀਤੀ ਜਾ ਰਹੀ ਨੰਗੀ-ਚਿੱਟੀ ਪੁਸ਼ਤ-ਪਨਾਹੀ ਬਾਰੇ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਇਸ ਵਰਤਾਰੇ ਖ਼ਿਲਾਫ਼ ਧੁਰ ਹੇਠਾਂ ਤੀਕ ਚੇਤਨਾ ਮੁਹਿੰਮ ਚਲਾਉਣ ਤੇ ਘੋਲ ਵਿੱਢਣ ਦਾ ਐਲਾਨ ਕੀਤਾ ਹੈ। ਇਹ ਬਹੁਤ ਹੀ ਸ਼ਰਮਨਾਕ ਹੈ ਕਿ ਮਾਨ ਸਰਕਾਰ ਨੇ ਪੁਲਸ ਨੂੰ ਝੂਠੇ ਪੁਲਸ ਮੁਕਾਬਲੇ ਤੇ ਹੋਰ ਜ਼ਬਰ ਕਰਨ ਦੀ ਖੁੱਲ੍ਹੀ ਇਜ਼ਾਜਤ ਦਿੱਤੀ ਹੋਈ ਹੈ। ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਰਤਨ ਸਿੰਘ ਰੰਧਾਵਾ ਨੇ ਕੀਤੀ। ਨਿਹੱਕੀ ਜੰਗ ’ਚ ਮਾਰੇ ਗਏ ਈਰਾਨ ਦੇ ਨਿਰਦੋਸ਼ ਨਾਗਰਿਕਾਂ ਤੇ ਵਿਛੜੇ ਸਾਥੀਆਂ ਨੂੰ ਇਸ ਮੌਕੇ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ।