Now Reading
ਕੌਮਾਂਤਰੀ ਕਾਇਦੇ-ਕਾਨੂੰਨ ਛਿੱਕੇ ਟੰਗ ਕੇ ਇਰਾਨ ’ਤੇ ਹਮਲਾ ਅਤਿ ਨਿੰਦਣਯੋਗ ਕਾਰਵਾਈ: ਪਾਸਲਾ

ਕੌਮਾਂਤਰੀ ਕਾਇਦੇ-ਕਾਨੂੰਨ ਛਿੱਕੇ ਟੰਗ ਕੇ ਇਰਾਨ ’ਤੇ ਹਮਲਾ ਅਤਿ ਨਿੰਦਣਯੋਗ ਕਾਰਵਾਈ: ਪਾਸਲਾ

ਜਲੰਧਰ: ਆਰ.ਐੱਮ.ਪੀ.ਆਈ. ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ‘‘ਅਮਰੀਕਾ-ਇਜ਼ਰਾਇਲ ਨੇ ਜਿਵੇਂ ਯੂ.ਐਨ.ਓ. ਦੇ ਮਤੇ ਅਤੇ ਸਾਰੇ ਕੌਮਾਂਤਰੀ ਕਾਇਦੇ-ਕਾਨੂੰਨ ਛਿੱਕੇ ਟੰਗ ਕੇ ਇਰਾਨ ’ਤੇ ਹਮਲਾ ਕੀਤਾ ਹੈ, ਉਹ ਬੁਰਛਾਗਰਦੀ ਦੀ ਅਤਿ ਨਿੰਦਣਯੋਗ ਕਾਰਵਾਈ ਹੈ। ਇਸ ਹਮਲੇ ਦੀਆਂ ਖੂਨੀ ਲਪਟਾਂ ਕੇਵਲ ਮੱਧ ਪੂਰਬ ਦੇ ਦੇਸ਼ਾਂ ਤੱਕ ਹੀ ਸੀਮਤ ਨਹੀਂ ਰਹਿਣੀਆਂ, ਬਲਕਿ ਸੰਸਾਰ ਦੇ ਸਾਰੇ ਖਿੱਤਿਆਂ ਤੱਕ ਫੈਲ ਕੇ ‘ਤੀਜਾ ਸੰਸਾਰ ਯੁੱਧ’ ਛਿੜਨ ਦਾ ਕਾਰਨ ਬਣ ਸਕਦੀਆਂ ਹਨ।’’ ਉਨ੍ਹਾਂ ਕਿਹਾ ਕਿ ‘‘ਇਹ ਯੁੱਧ ਸਿਰਫ ਤੇ ਸਿਰਫ ਅਮਰੀਕਾ ਤੇ ਇਸਦੇ ਭਾਈਵਾਲਾਂ ਵੱਲੋਂ ਸੰਸਾਰ ਭਰ ’ਚ ਆਪਣੀ ਚੌਧਰ ਕਾਇਮ ਕਰਨ ਤੇ ਦੁਨੀਆਂ ਭਰ ਦੇ ਕੁਦਰਤੀ ਖਜ਼ਾਨੇ ਲੁੱਟਣ ਦੇ ਮਨਸ਼ੇ ਨਾਲ ਵਿੱਢਿਆ ਗਿਆ ਹੈ। ਆਰ.ਐਮ.ਪੀ.ਆਈ. ਇਸ ਯੁੱਧ ਨੂੰ ਤੁਰੰਤ ਬੰਦ ਕਰਨ ਤੇ ਸਾਰੇ ਮਸਲੇ ਡਿਪਲੋਮੈਟਿਕ ਢੰਗ ਨਾਲ ਗੱਲਬਾਤ ਰਾਹੀਂ ਹੱਲ ਕਰਨ ਦੀ ਮੰਗ ਕਰਦੀ ਹੈ।’’
ਸਾਥੀ ਪਾਸਲਾ ਨੇ ਅੱਗੇ ਕਿਹਾ ਕਿ, ‘‘ਇਸ ਯੁੱਧ ’ਚ ਹੋ ਰਿਹਾ ਭਾਰੀ ਜਾਨੀ-ਮਾਲੀ ਨੁਕਸਾਨ ਸੰਸਾਰ ਦੇ ਸਾਰੇ ਦੇਸ਼ਾਂ, ਖਾਸ ਕਰਕੇ ਉਨਤੀਸ਼ੀਲ ਤੇ ਗਰੀਬ ਦੇਸ਼ਾਂ ਦੀ ਆਰਥਿਕਤਾ ਤਬਾਹ ਹੋਣ ਵੱਲ ਨੂੰ ਤੁਰਿਆ ਜਾ ਰਿਹਾ ਹੈ।’’
ਸਾਥੀ ਪਾਸਲਾ ਨੇ ਅਮਰੀਕਾ-ਇਜ਼ਰਾਈਲ ਵੱਲੋਂ ਕੀਤੀਆਂ ਜਾ ਰਹੀਆਂ ਧਾੜਵੀ ਕਾਰਵਾਈਆਂ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਧਾਰੀ ਸਾਜਿਸ਼ੀ ਚੁੱਪ ’ਤੇ ਡੂੰਘੇ ਰੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਇਸ ਨਾਲ ਭਾਰਤ ਦੇ ਬਹੁਤ ਸਾਰੇ ਮਿੱਤਰ ਦੇਸ਼ਾਂ ਨਾਲ ਸਬੰਧ ਵਿਗੜ ਸਕਦੇ ਹਨ।
ਪਾਸਲਾ ਨੇ ਇਸ ਯੁੱਧ ਕਾਰਨ ਖਾੜੀ ਦੇਸ਼ਾਂ ’ਚ ਫਸੇ ਹਜ਼ਾਰਾਂ ਭਾਰਤੀਆਂ ਦੀ ਸੁਰੱਖਿਅਤ ਦੇਸ਼ ਵਾਪਸੀ ਦੀ ਮੰਗ ਕਰਦਿਆਂ ਮੋਦੀ ਸਰਕਾਰ ਤੋਂ ਇਸ ਸਬੰਧੀ ਤੇਜ਼ੀ ਨਾਲ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਪਾਸਲਾ ਨੇ ਦੇਸ਼ ਭਰ ਦੇ ਲੋਕਾਂ ਨੂੰ ਅਮਰੀਕਨ ਸਾਮਰਾਜ ਤੇ ਉਸਦੇ ਜੋਟੀਦਾਰ ਇਜ਼ਰਾਇਲ ਵੱਲੋਂ ਸ਼ੁਰੂ ਕੀਤੀ ਇਸ ਨਿਹੱਕੀ ਜੰਗ ਦਾ ਜ਼ੋਰਦਾਰ ਵਿਰੋਧ ਕਰਦਿਆਂ ਤੁਰੰਤ ਜੰਗਬੰਦੀ ਕਰਨ ਦੀ ਜੋਰਦਾਰ ਮੰਗ ਉਭਾਰਨ ਦੀ ਅਪੀਲ ਕੀਤੀ ਹੈ।

Scroll To Top