
ਲੁਧਿਆਣਾ: ਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਇਕ ਵਫ਼ਦ ਵੱਲੋਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਹੜ੍ਹਾਂ ਕਾਰਨ ਹੋਈ ਤਬਾਹੀ ਦੇ ਮੁਆਵਜ਼ੇ ਦੀ ਪੂਰਤੀ ਲਈ ਮੰਗ ਪੱਤਰ ਭੇਜਿਆ।
ਇਸ ਵਫ਼ਦ ਦੀ ਅਗਵਾਈ ਗੁਰਮੇਲ ਸਿੰਘ ਰੂਮੀ, ਲਛਮਣ ਸਿੰਘ ਕੂੰਮਕਲਾਂ ਅਤੇ ਸੁਰਜੀਤ ਸਿੰਘ ਸੀਲੋ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾਈ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ, ਸੂਬਾ ਆਗੂ ਜਗਤਾਰ ਸਿੰਘ ਚਕੋਹੀ, ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਅਤੇ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਆਖਿਆ ਕਿ ਸੂਬਾ ਸਰਕਾਰ ਨੂੰ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ ਕਿਸਾਨਾਂ ਤੇ ਮਜ਼ਦੂਰਾਂ ਨੂੰ ਢੁਕਵਾਂ ਮੁਆਵਜ਼ਾ ਅਦਾ ਕਰੇ। ਉਹਨਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਪ੍ਰਤੀ ਏਕੜ 70000 ਰੁਪਏ, ਗੰਨਾ ਉਤਪਾਦਕਾਂ ਨੂੰ 100000 ਰੁਪਏ ਦਿੱਤੇ ਜਾਣ, ਹੜ੍ਹਾਂ ਕਾਰਨ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਦੱਸ ਲੱਖ ਰੁਪਏ ਦਿੱਤੇ ਜਾਣ, ਹੜ੍ਹ ਪੀੜਤ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇ, ਹੜ੍ਹ ਪੀੜਤ ਮਜ਼ਦੂਰ ਪਰਿਵਾਰਾਂ ਨੂੰ ਦੱਸ ਹਜ਼ਾਰ ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ, ਦਵਾਈਆਂ ਤੇ ਭੋਜਨ ਪਦਾਰਥ ਮੁਫ਼ਤ ਦਿੱਤੇ ਜਾਣ। ਜ਼ਮੀਨ ਨੂੰ ਮੁੜ ਖੇਤੀ ਯੋਗ ਬਣਾਉਣ ਲਈ ਰੇਤਾ, ਮਿੱਟੀ ਚੁੱਕਣ ਦੀ ਇਜਾਜਤ ਕਿਸਾਨਾਂ ਨੂੰ ਦਿੱਤੀ ਜਾਵੇ ਅਤੇ ਸਮਤਲ ਕਰਨ ਦਾ ਤੇਲ ਖਰਚਾ ਅਤੇ ਲੋੜਵੰਦ ਕਿਸਾਨਾਂ ਲਈ ਮਸ਼ੀਨਰੀ ਅਤੇ ਖੇਤੀ ਸੰਦ ਮਹੱਈਆ ਕਰਾਏ ਜਾਣ। ਹੜਾਂ ਦੀ ਪੱਕੀ ਰੋਕਥਾਮ ਲਈ ਦਰਿਆਂਵਾਂ ਦਾ ਨਹਿਰੀ ਕਰਨ ਕੀਤਾ ਜਾਵੇ। ਅਬਾਦਕਾਰ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣ। ਦਰਿਆ ਬੁਰਦ ਹੋਈ ਜ਼ਮੀਨ ਬਦਲੇ ਜ਼ਮੀਨ ਦਿੱਤੀ ਜਾਵੇ। ਹੜ੍ਹ ਪੀੜਤ ਇਲਾਕੇ ਵਿੱਚ ਨੁਕਸਨੀਆ, ਸੜਕਾਂ, ਪੁਲਾਂ, ਸਕੂਲਾਂ, ਹਸਪਤਾਲਾਂ ਅਤੇ ਬੰਨਾਂ ਦੀ ਮੁੜ ਉਸਾਰੀ ਕੀਤੀ ਜਾਵੇ ਅਤੇ ਮੰਡ/ਬੇਟ ਏਰੀਏ ਦੇ ਸਮੁੱਚੇ ਵਿਕਾਸ ਲਈ ਫੰਡਾਂ ਦਾ ਪਰਬੰਧ ਕੀਤਾ ਜਾਵੇ।
ਉਹਨਾਂ ਆਖਿਆ ਕਿ ਸਰਕਾਰ ਨੂੰ ਉਪਰੋਕਤ ਮੰਗਾਂ ਜਲਦੀ ਨਾਲ ਪੂਰੀਆਂ ਕਰਨੀਆਂ ਚਾਹੀਦੀਆਂ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਉਹਨਾਂ ਦਾ ਮੰਗ ਪੱਤਰ ਸਰਕਾਰ ਤੱਕ ਪੁੱਜਦਾ ਕਰਨ ਦੀ ਜ਼ਿੰਮੇਵਾਰੀ ਲਈ।
ਇਸ ਮੌਕੇ ਹੋਰਨਾ ਤੋਂ ਇਲਾਵਾ ਗੁਰਉਪਦੇਸ਼ ਸਿੰਘ ਘੁੰਗਰਾਣਾ, ਪੰਚ ਸਰਬਪ੍ਰੀਤ ਸਿੰਘ ਕਿਲ੍ਹਾ ਰਾਏਪੁਰ, ਕਰਮ ਸਿੰਘ ਗਰੇਵਾਲ, ਤਰਲੋਚਨ ਸਿੰਘ ਢਿੱਲੋ, ਪਰਮਜੀਤ ਸਿੰਘ ਮਾਛੀਵਾੜਾ, ਗੁਰਦੀਪ ਸਿੰਘ ਕਲਸੀ, ਬਲਵੀਰ ਸਿੰਘ ਭੁੱਟਾ ਆਦਿ ਹਾਜ਼ਰ ਸਨ।