
ਸ੍ਰੀ ਗੋਇੰਦਵਾਲ ਸਾਹਿਬ: ਸਹਿਕਾਰੀ ਖੰਡ ਮਿੱਲ ਸ਼ੇਰੋਂ ਦੀ ਜ਼ਮੀਨ ਨੂੰ ਹੋਰਨਾਂ ਵਿਭਾਗਾਂ ਨੂੰ ਦੇਣ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਦੋ ਦਿਨ ਤੋਂ ਬੰਦੀ ਬਣਾਏ 17 ਕਿਸਾਨ ਆਗੂਆਂ ਨੂੰ ਸਰਕਾਰ ਨੇ ਬਿਨਾਂ ਸ਼ਰਤ ਦੇ ਰਿਹਾਅ ਕਰ ਦਿੱਤਾ। ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਤੋਂ ਰਿਹਾਅ ਕੀਤੇ ਆਗੂਆਂ ਦਾ ਵੱਡੀ ਗਿਣਤੀ ਕਿਸਾਨਾਂ ਨੇ ਭਰਵਾਂ ਸਵਾਗਤ ਕੀਤਾ ਅਤੇ ਖੰਡ ਮਿੱਲ ਦੀ ਜ਼ਮੀਨ ਹੋਰਨਾਂ ਵਿਭਾਗਾਂ ਨੂੰ ਸੌਂਪਣ ਦਾ ਖ਼ਿਲਾਫ਼ ਸੰਘਰਸ਼ ਕਰਦੇ ਰਹਿਣ ਦੀ ਚਿਤਾਵਨੀ ਦਿੱਤੀ।
ਹਿਰਾਸਤ ’ਚ ਲਏ 17 ਕਿਸਾਨ ਆਗੂਆਂ ਨੂੰ 3 ਮਾਰਚ ਤੱਕ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਖੇ ਭੇਜਿਆ ਗਿਆ ਸੀ ਪਰ ਸੰਯੁਕਤ ਕਿਸਾਨ ਮੋਰਚਾ ਦੇ ਦਬਾਅ ਸਦਕਾ ਇਨ੍ਹਾਂ ਅੱਜ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ ਗਿਆ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਰਿਹਾਇਸ਼ ’ਤੇ ਮੀਟਿੰਗ ਕੀਤੀ ਗਈ, ਜਿਸ ਵਿੱਚ ਕਿਸਾਨ ਆਗੂਆਂ ਨੇ ਜੇਲ੍ਹ ਵਿੱਚ ਬੰਦ ਕਿਸਾਨ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਅਤੇ ਸ਼ੇਰੋਂ ਖੰਡ ਮਿੱਲ ਨੂੰ ਚਲਾਉਣ ਦੀ ਮੰਗ ਕੀਤੀ। ਮੰਤਰੀ ਨੇ ਕੇਸ ਵਾਪਸ ਲੈਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਹਦਾਇਤਾਂ ਜਾਰੀ ਕਰਦਿਆਂ ਦਰਜ ਕੀਤਾ ਕੇਸ ਵਾਪਸ ਲੈਣ ਲਈ ਕਿਹਾ। ਅੱਜ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਪਹੁੰਚੇ ਕਿਸਾਨਾਂ ਤੇ ਜਥੇਬੰਦੀਆਂ ਦੇ ਆਗੂਆਂ ਨੇ ਰਿਹਾਅ ਹੋਏ ਆਗੂਆਂ ਗੁਰਪ੍ਰੀਤ ਸਿੰਘ ਗੰਡੀਵਿੰਡ, ਨਛੱਤਰ ਸਿੰਘ ਪੰਨੂੰ, ਦਲਜੀਤ ਸਿੰਘ ਦਿਆਲਪੁਰਾ, ਰਤਨ ਸਿੰਘ ਢੰਡ, ਜੱਸਾ ਸਿੰਘ ਕੱਦਗਿੱਲ, ਗੁਰਦਿਆਲ ਸਿੰਘ ਵਰਨਾਲਾ ਸਮੇਤ ਸਮੁੱਚੇ ਸਤਾਰਾਂ ਕਿਸਾਨ ਆਗੂਆਂ ਦਾ ਸਿਰੋਪਾਓ ਅਤੇ ਹਾਰ ਪਾ ਕੇ ਜ਼ੋਰਦਾਰ ਨਾਅਰਿਆਂ ਨਾਲ ਸਵਾਗਤ ਕੀਤਾ। ਆਗੂਆਂ ਐਲਾਨ ਕੀਤਾ ਕਿ ਖੰਡ ਮਿੱਲ ਚਾਲੂ ਕਰਾਉਣ ਦਾ ਸੰਘਰਸ਼ ਜਾਰੀ ਰਹੇਗਾ ਅਤੇ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਪਣੇ ਕੀਤੇ ਵਾਅਦੇ ਅਨੁਸਾਰ ਮੁੱਖ ਮੰਤਰੀ ਨਾਲ ਕਿਸਾਨ ਆਗੂਆਂ ਦੀ ਛੇਤੀ ਗੱਲਬਾਤ ਕਰਵਾਉਣ ਦਾ ਵਾਅਦਾ ਬਿਨਾਂ ਦੇਰੀ ਦੇ ਪੂਰਾ ਕਰਵਾਉਣ ਦੀ ਮੰਗ ਕੀਤੀ ਹੈ। ਰਿਹਾਅ ਹੋਏ ਸਾਥੀਆਂ ਨੂੰ ਲੈਣ ਪਹੁੰਚੇ ਕਿਸਾਨ- ਮਜ਼ਦੂਰ ਆਗੂਆਂ ਵਿੱਚ ਮਹਾਂਬੀਰ ਸਿੰਘ ਗਿੱਲ, ਜਤਿੰਦਰ ਸਿੰਘ ਛੀਨਾ, ਸਾਹਿਬ ਸਿੰਘ ਡੱਲ, ਪ੍ਰਗਟ ਸਿੰਘ ਜਾਮਾਰਾਏ, ਪੂਰਨ ਸਿੰਘ ਮਾੜੀਮੇਘਾ, ਤਰਸੇਮ ਸਿੰਘ ਲੋਹਾਰ, ਦਵਿੰਦਰ ਸੋਹਲ, ਮਨਜੀਤ ਸਿੰਘ ਬੱਗੂ, ਕੇਵਲ ਸਿੰਘ ਕੰਬੋਕੇ, ਸਤਪਾਲ ਸਿੰਘ ਨੱਥੋਕੇ, ਅਜੈਬ ਸਿੰਘ ਦੀਨਪੁਰ, ਮਨਜਿੰਦਰ ਸਿੰਘ ਲਾਲੀ, ਤਾਰਾ ਸਿੰਘ ਖਹਿਰਾ ਤੋਂ ਇਲਾਵਾ ਮੁਲਾਜ਼ਮ ਆਗੂ ਗੁਰਭੇਜ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਬਾਗੜੀਆਂ, ਮੰਗਲ ਸਿੰਘ ਨਾਗੋਕੇ, ਪੂਰਨ ਦਾਸ, ਮੁਲਾਜ਼ਮ ਆਗੂ ਹਾਜ਼ਰ ਸਨ।