Now Reading
26 ਫਰਵਰੀ ਚੰਡੀਗੜ੍ਹ ਵਿਸ਼ਾਲ ਰੈਲੀ ਵਿੱਚ ਪਠਾਨਕੋਟ ਤੋਂ ਸੈਂਕੜੇ ਲੋਕ ਸ਼ਾਮਲ ਹੋਣਗੇ

26 ਫਰਵਰੀ ਚੰਡੀਗੜ੍ਹ ਵਿਸ਼ਾਲ ਰੈਲੀ ਵਿੱਚ ਪਠਾਨਕੋਟ ਤੋਂ ਸੈਂਕੜੇ ਲੋਕ ਸ਼ਾਮਲ ਹੋਣਗੇ

ਪਠਾਨਕੋਟ: ਆਰ ਐੱਸ ਐੱਸ ਤੇ ਭਾਜਪਾ ਦੀ ਮੋਦੀ ਸਰਕਾਰ ਦੀਆਂ ਪੰਜਾਬ ਵਿਰੋਧੀ ਸਾਜਿਸ਼ਾਂ, ਕੇਂਦਰ ਸਰਕਾਰ ਦੇ ਪੰਜਾਬ ਨਾਲ ਕੀਤੇ ਜਾ ਰਹੇ ਧੱਕੇ-ਵਿਤਕਰੇ ਵਿਰੁੱਧ, ਸਮੁੱਚੇ ਦੇਸ਼ ਅੰਦਰ ਫੈਡਰਲ ਢਾਂਚੇ ਦੀ ਕਾਇਮੀ ਲਈ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਅਮਨ ਕਾਨੂੰਨ ਸਮੇਤ ਹਰ ਮੁਹਾਜ ਤੇ ਨਖਿੱਧ ਕਾਰਗੁਜ਼ਾਰੀ ਖਿਲਾਫ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਵਲੋਂ ਚੰਡੀਗੜ੍ਹ ਵਿਖੇ 26 ਫਰਵਰੀ 2026 ਨੂੰ ਵਿਸ਼ਾਲ ਸੂਬਾ ਪੱਧਰੀ ਰੈਲੀ ਵਿੱਚ ਜ਼ਿਲਾ ਪਠਾਨਕੋਟ ਤੋਂ ਵੱਡੀ ਸੰਖਿਆ ਵਿਚ ਲੋਕ ਸ਼ਾਮਲ ਹੋਣਗੇ।
ਚੰਡੀਗੜ੍ਹ ਰੈਲੀ ਦੀ ਤਿਆਰੀ ਸਬੰਧੀ ਵਿਸ਼ੇਸ਼ ਮੀਟਿੰਗ ਵਿੱਚ ਹਾਜ਼ਰ ਕਾਮਰੇਡ ਨੱਥਾ ਸਿੰਘ ਢਡਵਾਲ, ਸ਼ਿਵ ਕੁਮਾਰ, ਹਰਿੰਦਰ ਸਿੰਘ ਰੰਧਾਵਾ, ਮਾਸਟਰ ਸੁਭਾਸ਼ ਸ਼ਰਮਾ ਤੇ ਬਲਵੰਤ ਸਿੰਘ ਘੋਹ ਨੇ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵੱਸਿਆ ਚੰਡੀਗੜ੍ਹ ਵੱਖ ਵੱਖ ਸਮੇਂ ਦੀਆਂ ਕੇਂਦਰੀ ਸਰਕਾਰਾਂ ਨੇ ਚੰਡੀਗੜ੍ਹ ਪੰਜਾਬ ਦੇ ਹਵਾਲੇ ਨਹੀਂ ਕੀਤਾ, ਨਾ ਹੀ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਹਵਾਲੇ ਕੀਤੇ ਜਾ ਰਹੇ ਹਨ ਅਤੇ ਪੰਜਾਬ ਅੰਦਰ ਹੀ ਪੰਜਾਬੀ ਭਾਸ਼ਾ ਨਾਲ ਘੋਰ ਵਿਤਕਰਾ ਲਗਾਤਾਰ ਜਾਰੀ ਹੈ। ਪੰਜਾਬ ਨਾਲ ਸਬੰਧਤ ਇਨ੍ਹਾਂ ਮਸਲਿਆਂ ਨੂੰ ਫੌਰੀ ਤੌਰ ਤੇ ਹੱਲ ਕਰਨ, ਦਰਿਆਈ ਪਾਣੀਆਂ ਦੀ ਰਿਪੇਰੀਅਨ ਅਸੂਲ ਮੁਤਾਬਕ ਵੰਡ ਕਰਨ, ਪੰਜਾਬ ਸਮੇਤ ਦੇਸ਼ ਭਰ ਵਿਚ ਬਿਨਾਂ ਮੁਕੱਦਮਾ ਜੇਲ੍ਹੀ ਡੱਕੇ ਤੇ ਸਜਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਕੈਦੀਆਂ ਤੇ ਬੁਧੀਜੀਵੀ ਤਰੁੰਤ ਰਿਹਾ ਕਰਨ, ਸੂਬਾਈ ਅਧਿਕਾਰਾਂ ਨੂੰ ਖੋਰਾ ਲਾਉਣਾ ਬੰਦ ਕਰਨ।
ਕੇਂਦਰ ਸਰਕਾਰ ਨਾਲ ਸਬੰਧਤ ਉਪਰੋਕਤ ਮੰਗਾਂ ਦੇ ਨਾਲ ਨਾਲ ਪੰਜਾਬ ਅੰਦਰ ਬਦਲਾਅ ਦੇ ਨਾਅਰੇ ਹੇਠ ਆਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਚੋਣ ਵਾਅਦਿਆਂ ਨੂੰ ਪੂਰਾ ਕਰਨ ਚ ਅਸਫਲ ਰਹਿਣ ਅਤੇ ਉਲਟਾ ਮਜ਼ਦੂਰਾਂ ਕਿਸਾਨਾਂ ਤੇ ਮੁਲਾਜਮਾਂ ਨਾਲ ਗੱਲਬਾਤ ਕਰਨ ਤੋਂ ਵੀ ਭੱਜ ਰਹੀ ਹੈ, ਪੰਜਾਬ ਅੰਦਰ ਹਕੂਮਤੀ ਥਾਪੜੇ ਨਾਲ ਵੱਧ ਰਹੇ ਨਸ਼ਾ ਕਾਰੋਬਾਰ, ਅਪਰਾਧਾਂ ਤੇ ਮਾਫੀਆ ਲੁੱਟ, ਧੁਰ ਹੇਠਾਂ ਪੱਸਰੇ ਭਰਿਸ਼ਟਾਚਾਰ, ਫਜੂਲ ਖਰਚੀ ਤੇ ਪੁਲਿਸ ਅਤਿਆਚਾਰ ਖਿਲਾਫ ਅਵਾਜ ਨੂੰ ਬੁਲੰਦ ਕਰਨ ਹਿੱਤ 26 ਫਰਵਰੀ 2026 ਚੰਡੀਗੜ੍ਹ ਰੈਲੀ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਸਕੱਤਰ ਸਿੰਘ, ਰਣਜੋਧ ਸਿੰਘ, ਜਨਕ ਰਾਜ, ਅਵਤਾਰ ਸਿੰਘ, ਗੁਰਦਰਸ਼ਨ ਸਿੰਘ ਤੇ ਹੋਰ ਸਾਥੀ ਹਾਜ਼ਰ ਸਨ।

Scroll To Top