
ਅਜਨਾਲਾ: ਪੰਜਾਬ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਜਾਇਜ਼ ਮੰਗਾਂ, ਚੰਡੀਗੜ੍ਹ ਪੰਜਾਬ ਨੂੰ ਦੇਣ, ਦਰਿਆਈਂ ਪਾਣੀਆਂ ਦੀ ਨਿਆਂਈ ਵੰਡ ਕਰਕੇ ਰਾਇਪੇਰੀਅਨ ਸਿਧਾਂਤ ਅਨੁਸਾਰ ਕਰਵਾਉਣ, ਪੰਜਾਬੀ ਬੋਲਦੇ ਇਲਾਕੇ ਪੰਜਾਬ ‘ਚ ਸ਼ਾਮਿਲ ਕਰਾਉਣ ਅਤੇ ਪੰਜਾਬ ਸਮੇਤ ਦੇਸ਼ ਭਰ ਦੇ ਜੇਲ੍ਹ ਡੱਕੇ ਬੁੱਧੀਜੀਵੀਆਂ ਅਤੇ ਹੋਰ ਲੋਕਾਂ ਨੂੰ ਤੁਰੰਤ ਰਿਹਾਅ ਕਰਵਾਉਣ ਅਤੇ ਪੰਜਾਬ ‘ਚ ਵੱਧ ਰਿਹਾ ਗੈਂਗਸਟਰ ਤੇ ਬਦ ਤੋਂ ਬੱਤਰ ਹੋ ਰਹੀ ਅਮਨ ਕਨੂੰਨ ਦੀ ਹਾਲਤ ਨੂੰ ਸੁਧਾਰਨ ਲਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ. ਪੀ. ਆਈ.) ਵਲੋਂ ਪੰਜਾਬ ਤੇ ਕੇਂਦਰ ਸਰਕਾਰਾਂ ਕੋਲੋਂ ਉੱਕਤ ਲੋਕ ਪੱਖੀ ਮੰਗਾਂ ਨੂੰ ਮਨਵਾਉਣ ਲਈ 26 ਫਰਵਰੀ ਨੂੰ ਚੰਡੀਗੜ੍ਹ ਦੇ ਸੈਕਟਰ 25 ਵਿੱਚ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ।
ਇਸ ਰੈਲੀ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਲਈ ਆਰ.ਐੱਮ.ਪੀ.ਆਈ. ਦੇ ਸੀਨੀਅਰ ਆਗੂ ਤੇ ਜਮੂਹਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਅੱਜ ਮੱਟੀਆਂ, ਜੋਸ਼ – ਮੁਹਾਰ, ਨੇਪਾਲ, ਜਸਰਾਊਰ ਤੇ ਭਿੰਡੀ ਸੈਦਾਂ ਆਦਿ ਪਿੰਡਾਂ ਵਿਖੇ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਨੂੰ ਕੰਮ ਕਰਦਿਆਂ ਚਾਰ ਸਾਲ ਗੁਜ਼ਰ ਗਏ ਹਨ ਪ੍ਰੰਤੂ ਮਾਨ ਸਰਕਾਰ ਵੱਲੋਂ ਜਿਹੜੇ ਵਾਅਦੇ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ, ਅਮਨ ਕਨੂੰਨ ਦੀ ਸਥਿੱਤੀ ਸੁਧਾਰੀ ਜਾਵੇਗੀ, ਬੁਢਾਪਾ ਤੇ ਬੇਆਸਰਿਆਂ ਦੀ ਪੈਨਸ਼ਨ ਵਧਾ ਕੇ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ, ਨੌਜਵਾਨਾਂ ਨੂੰ ਪੰਚੀ ਸੌ ਰੁਪਏ ਬੇਰੁਜ਼ਗਾਰ ਭੱਤਾ ਲਾਗੂ ਕੀਤਾ ਜਾਵੇਗਾ, ਬਾਲਗ਼ ਔਰਤਾਂ ਨੂੰ ਗਿਆਰਾਂ ਸੌ ਰੁਪਏ ਪ੍ਰਤੀ ਮਹੀਨਾ ਸਹਾਇਤਾ ਦਿੱਤੀ ਜਾਵੇਗੀ। ਇਸ ਤਰ੍ਹਾਂ ਹੋਰ ਵੀ ਕਈ ਵਾਅਦੇ ਕੀਤੇ ਸਨ ਪ੍ਰੰਤੂ ਬੜੇ ਗੁੱਸੇ ਨਾਲ ਕਹਿਣਾ ਪੈ ਰਿਹਾ ਹੈ ਇਸ ਸਰਕਾਰ ਨੇ ਕੋਈ ਵੀ ਵਾਅਦਾ ਅਮਨ ‘ਚ ਨਹੀਂ ਲਿਆਂਦਾ।
ਡਾ. ਅਜਨਾਲਾ ਨੇ ਅੱਗੇ ਦੱਸਿਆ ਕਿ ਕੇਂਦਰ ਵਲੋਂ ਪਿਛਲੇ ਸਮੇਂ ਜਿਹੜੇ ਕਾਲੇ ਕਾਨੂੰਨ ਬਿਜਲੀ ਤੇ ਬੀਜ ਬਿੱਲ, ਮਜ਼ਦੂਰਾਂ ਵਿਰੋਧੀ ਚਾਰ ਕੋਡ ਬਣਾਉਣ ਤੇ ਮਨਰੇਗਾ ਸਕੀਮ ਦੀ ਕੀਤੀ ਗਈ ਭੰਨਤੋੜ ਵਿਰੁੱਧ ਅਤੇ ਹੋਰ ਲੋਕ ਵਿਰੋਧੀ ਬਿੱਲਾਂ ਤੇ ਕਨੂੰਨਾਂ ਵਿਰੁੱਧ ਭਗਵੰਤ ਮਾਨ ਦੀ ਸਰਕਾਰ ਨੇ ਮੂੰਹ ਵਿੱਚ ਘੁੰਗਣੀਆ ਪਾਈਆਂ ਹਨ। ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਪੰਜਾਬ ਸਰਕਾਰ ਲੋਕਾਂ ਦੇ ਮਸਲਿਆ ਪ੍ਰਤੀ ਗੰਭੀਰ ਨਹੀਂ ਹੈ। ਉਹਨਾਂ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਦਿਨ ਬ ਦਿਨ ਬੇਰੁਜ਼ਗਾਰੀ, ਮਹਿਗਾਈ ਤੇ ਭ੍ਰਿਸ਼ਟਾਚਾਰੀ ਵੱਧ ਰਹੀ ਹੈ ਪੰਜਾਬ ਵਿੱਚ ਪੁਲਿਸ ਸਮੇਤ ਕਿਸੇ ਵੀ ਸਰਕਾਰੀ ਅਦਾਰੇ ਵਿੱਚ ਪੈਸੇ ਦੇਣ ਤੋਂ ਬਗੈਰ ਕੰਮ ਨਹੀਂ ਹੁੰਦਾ। ਸਰਕਾਰ ਤੋਂ ਤੰਗ ਆਏ ਲੋਕਾਂ ਨੇ ਮੀਟਿੰਗਾਂ ਵਿੱਚ ਨਾਅਰੇ ਮਾਰਦਿਆਂ ਕਿਹਾ ਕਿ ਉਹ 26 ਫਰਵਰੀ ਨੂੰ ਪਾਰਟੀ ਵੱਲੋਂ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਰੈਲੀ ਵਿਚ ਹੁੰਮ ਹੁਮਾ ਕੇ ਪਹੁੰਚਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਇਹਨਾਂ ਮੀਟਿੰਗਾਂ ਵਿੱਚ ਪਿੰਡ ਮਟੀਆਂ ਦੇ ਮੁੱਖ ਆਗੂ ਜੰਗ ਬਹਾਦਰ ਸਿੰਘ, ਫ਼ੌਜੀ ਸਤਨਾਮ ਸਿੰਘ ਤੇ ਨੌਜਵਾਨ ਆਗੂ ਸ਼ਮਸ਼ੇਰ ਸਿੰਘ, ਜੋਸ਼ ਮੁਹਾਰ ਦੇ ਬਲਕਾਰ ਸਿੰਘ, ਸਾਬਕਾ ਸਰਪੰਚ ਦੀਵਾਨ ਸਿੰਘ ਤੇ ਜੱਗਪ੍ਰੀਤ ਸਿੰਘ, ਨੇਪਾਲ ਤੋਂ ਹਰਨੇਕ ਸਿੰਘ, ਸਿਤਾਰਾ ਸਿੰਘ ਤੇ ਪਰੇਮ ਸਿੰਘ, ਪੰਜੂ ਕਲਾਲ ਤੋਂ ਸੁਖਦੇਵ ਸਿੰਘ ਤੇ ਸਤਪਾਲ ਸਿੰਘ, ਭਿੰਡੀ ਔਲਖ ਤੋਂ ਪ੍ਰਧਾਨ ਦੇਸਾ ਸਿੰਘ ਤੇ ਗੁਰਵੇਲ ਸਿੰਘ ਅਤੇ ਭਿੰਡੀ ਸੈਦਾਂ ਤੋਂ ਜਰਨੈਲ ਸਿੰਘ, ਕਰਨੈਲ ਸਿੰਘ, ਕੁਲਵੰਤ ਸਿੰਘ ਤੇ ਮੈਹਣ ਸਿੰਘ ਆਦਿ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ।