Now Reading
ਦਿਹਾਤੀ ਮਜ਼ਦੂਰ ਸਭਾ ਨੇ ਜ਼ਿਲ੍ਹਾ ਪੱਧਰੀ ਜਨਰਲ ਬਾਡੀ ਮੀਟਿੰਗ ਕੀਤੀ

ਦਿਹਾਤੀ ਮਜ਼ਦੂਰ ਸਭਾ ਨੇ ਜ਼ਿਲ੍ਹਾ ਪੱਧਰੀ ਜਨਰਲ ਬਾਡੀ ਮੀਟਿੰਗ ਕੀਤੀ


ਰਈਆ: ਅੱਜ ਦਿਹਾਤੀ ਮਜਦੂਰ ਸਭਾ ਵਲੋਂ ਸੂਬਾ ਕਮੇਟੀ ਦੇ ਸੱਦੇ ‘ਤੇ ਜ਼ਿਲ੍ਹਾ ਅੰਮ੍ਰਿਤਸਰ ਦੀ ਜਨਰਲ ਬਾਡੀ ਮੀਟਿੰਗ ਪਲਵਿੰਦਰ ਸਿੰਘ ਮਹਿਸਮਪੁਰ ਦੀ ਪ੍ਰਧਾਨਗੀ ਹੇਠ ਸਥਾਨਕ ਦਫ਼ਤਰ ਵਿਖੇ ਹੋਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਸੂਬਾ ਸਕੱਤਰ ਗੁਰਨਾਮ ਸਿੰਘ ਦਾਊਦ, ਬਲਦੇਵ ਸਿੰਘ ਨੂਰਪੁਰੀ, ਅਮਰੀਕ ਸਿੰਘ ਦਾਊਦ, ਗੁਰਨਾਮ ਸਿੰਘ ਭਿੰਡਰ ਨੇ ਕਿਹਾ ਕਿ ਅੱਜ ਦੀ ਜਨਰਲ ਬਾਡੀ ਮੀਟਿੰਗ ਸੂਬਾ ਕਮੇਟੀ ਵਿੱਚੋਂ ਤੈਅ ਕੀਤੀ ਗਈ ਸੀ ਜੋ ਕਿ ਪੂਰੇ ਪੰਜਾਬ ਵਿੱਚ ਕੀਤੀਆਂ ਜਾਣਗੀਆਂ। ਆਗੂਆਂ ਨੇ ਕਿਹਾ ਕਿ ਬਹੁਤ ਲੰਬੇ ਸਮੇਂ ਤੋਂ ਸਰਕਾਰਾਂ ਨੇ ਮਜ਼ਦੂਰਾਂ ਵੱਲ ਪਿੱਠ ਕੀਤੀ ਹੈ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਇਹ ਮੀਟਿੰਗਾਂ ਪੂਰੇ ਪੰਜਾਬ ਵਿੱਚ ਕੀਤੀਆਂ ਜਾਣਗੀਆਂ। ਆਗੂਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਵੀ ਬੀ ਜੀ ਰਾਮ ਜੀ ਬਿੱਲ ਤੁਰੰਤ ਰੱਦ ਕਰੇ, ਮਨਰੇਗਾ ਕਾਨੂੰਨ ਬਹਾਲ ਕੀਤਾ ਜਾਵੇ, ਸਾਰੇ ਲੋੜਵੰਦਾਂ ਨੂੰ 10-10 ਮਰਲੇ ਰਿਹਾਇਸ਼ੀ ਪਲਾਟ ‘ਤੇ ਉਸਾਰੀ ਲਈ 5 ਲੱਖ ਰੁਪਏ ਗ੍ਰਾਂਟ ਦਿੱਤੀ ਜਾਵੇ, ਵਿਧਵਾ ਅੰਗਹੀਣ ਤੇ ਆਸ਼ਰਤ ਪੈਨਸ਼ਨ 5000 ਕੀਤੀ ਜਾਵੇ। ਉਮਰ ਹੱਦ ਔਰਤਾਂ ਲਈ 55 ਤੇ ਮਰਦਾਂ ਲਈ 58 ਕੀਤੀ ਜਾਵੇ, ਮਜ਼ਦੂਰਾਂ ਸਿਰ ਚੜਿਆ ਸਰਕਾਰੀ ਤੇ ਗੈਰ ਸਰਕਾਰੀ ਕਰਜਾ ਮੁਆਫ ਕੀਤਾ ਜਾਵੇ, ਸਿੱਖਿਆ ਸਿਹਤ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਬਿਜਲੀ ਸੋਧ ਬਿਲ 2025 ਰੱਦ ਕੀਤਾ ਜਾਵੇ। ਪ੍ਰੀਪੇਡ ਸਮਾਰਟ ਮੀਟਰ ਲਾਉਣੇ ਬੰਦ ਕੀਤੇ ਜਾਣ, ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਅਤੇ ਔਰਤਾਂ ਤੇ ਹੁੰਦੇ ਜਾਤੀ ਪਾਤੀ ਜਬਰ ਨੂੰ ਤੁਰੰਤ ਬੰਦ ਕੀਤਾ ਜਾਵੇ, ਗਰੀਬ ਵਸੋਂ ਨੂੰ ਸਰਬ ਪੱਖੀ ਜਨਤਕ ਵੰਡ ਪ੍ਰਣਾਲੀ ਰਾਹੀਂ ਨਿੱਤ ਵਰਤੋਂ ਦੀਆਂ ਵਸਤੂਆਂ ਸਰਕਾਰੀ ਡੀਪੂਆਂ ਰਾਹੀਂ ਦਿੱਤੀਆਂ ਜਾਣ। ਪੰਚਾਇਤੀ ਜ਼ਮੀਨਾਂ ‘ਚੋਂ ਤੀਜਾ ਹਿੱਸਾ ਦਲਿਤ ਪਰਿਵਾਰਾਂ ਨੂੰ ਠੇਕੇ ‘ਤੇ ਦਿੱਤਾ ਜਾਵੇ, ਔਰਤਾਂ ਨੂੰ ਵਾਅਦੇ ਮੁਤਾਬਕ ਹਰ ਮਹੀਨੇ 1100 ਰੁਪਏ ਤੁਰੰਤ ਚਾਲੂ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਇਹਨਾਂ ਮੰਗਾਂ ‘ਤੇ ਆਉਣ ਵਾਲੇ ਸਮੇਂ ‘ਚ ਵੱਡੀ ਲਾਮਬੰਦੀ ਕੀਤੀ ਜਾਵੇਗੀ ਤੇ ਸਰਕਾਰ ਖਿਲਾਫ ਬੱਝਵਾਂ ਸੰਘਰਸ਼ ਕੀਤਾ ਜਾਵੇਗਾ।
ਸਾਥੀ ਨਾਹਰ ਨੇ ਕਿਹਾ ਕਿ ਇਹਨਾਂ ਮੰਗਾਂ ‘ਤੇ 8 ਅਪ੍ਰੈਲ ਨੂੰ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਮਜ਼ਦੂਰਾਂ ਦੀ ਵੱਡੀ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਪੰਜਾਬ ਦੇ ਮਜ਼ਦੂਰ ਵੱਡੀ ਗਿਣਤੀ ‘ਚ ਹੋਣ। ਇਸ ਮੌਕੇ ਅਮਰਜੀਤ ਸਿੰਘ ਚੌਹਾਨ, ਸਾਹਿਬ ਸਿੰਘ ਮੱਲੂ ਨੰਗਲ ਸਰਪੰਚ ਕੇਵਲ ਸਿੰਘ ਦਾਊਦ, ਸਰਜੀਤ ਸਿੰਘ ਵਡਾਲਾ ਆਦਿ ਸਾਥੀ ਹਾਜ਼ਰ ਸਨ। ਇਸ ਮੌਕੇ ਭਰਾਤਰੀ ਜਥੇਬੰਦੀ ਜਮਹੂਰੀ ਕਿਸਾਨ ਸਭਾ ਦੇ ਆਗੂ ਹਰਪ੍ਰੀਤ ਸਿੰਘ ਬਟਾਰੀ ਨੇ ਆਪਣੇ ਵਿਚਾਰ ਸਾਂਝੇ ਕੀਤੇ।

Scroll To Top