
ਗੁਰਾਇਆ: ਪਿੰਡ ਚੱਕ ਦੇਸ ਰਾਜ ਤੋਂ ਮਾ. ਸਤਪਾਲ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਦਾ ਅਮਰੀਕਾ ਚ ਦੇਹਾਂਤ ਹੋ ਗਿਆ। ਅੱਜ ਪਾਠ ਦੇ ਭੋਗ ਮੌਕੇ ਵੱਖ-ਵੱਖ ਆਗੂਆਂ ਨੇ ਸ਼ਰਧਾਂਜ਼ਲੀਆਂ ਭੇਟ ਕੀਤੀਆਂ। ਆਰਐੱਮਪੀਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦਿਆ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਸਿਰਫ਼ ਧਾਰਮਿਕ ਮਹੱਤਤਾ ਨਹੀਂ ਸਗੋਂ ਸਮਾਜਿਕ ਅਤੇ ਰਾਜਨੀਤਕ ਮਹੱਤਤਾ ਵੀ ਹੈ। ਅਜੋਕੇ ਦੌਰ ਚ ਬਾਣੀ ਚੋਂ ਸਿੱਖਿਆ ਲੈਣ ਦੀ ਥਾਂ ਸਿਰਫ਼ ਪੂਜਣ ਦਾ ਕੰਮ ਕੀਤਾ ਜਾ ਰਿਹਾ ਹੈ। ਪਾਸਲਾ ਨੇ ਕਿਹਾ ਕਿ ਮਨੁੱਖੀਤਾਵਾਦੀ ਬਾਣੀ ਤੋਂ ਸੇਧ ਲੈਣੀ ਚਾਹੀਦੀ ਹੈ ਪਰ ਅਜਿਹਾ ਨਹੀਂ ਹੋ ਰਿਹਾ। ਮਨੁੱਖਤਾਵਾਦੀ ਪਹੁੰਚ ਛੱਡ ਕੇ ਮੁਨਾਫ਼ੇ ਲਈ ਹੀ ਦੌੜ ਲੱਗੀ ਹੋਈ ਹੈ। ਮੁਨਾਫ਼ੇ ਕਾਰਨ ਹੀ ਮਨੁੱਖਤਾ ਦੇ ਕਤਲ ਕੀਤੇ ਜਾ ਰਹੇ ਹਨ।
ਇਸ ਮੌਕੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਨੇ ਆਪਣੇ ਪਿੰਡ ਤੋਂ ਹੀ ਆਪਣੀ ਸਾਂਝ ਦਾ ਪ੍ਰਗਟਾਵਾ ਕੀਤਾ। ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਹਰਜਿੰਦਰ ਸਿੰਘ ਲੱਲੀਆ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਆਰਐੱਮਪੀਆਈ ਦੇ ਸੂਬਾ ਸਕੱਤਰੇਤ ਮੈਂਬਰ ਡਾ. ਸਰਬਜੀਤ ਮੁਠੱਡਾ ਨੇ ਮਾ. ਸਤਪਾਲ ਸਿੰਘ ਅਤੇ ਉਹਨਾ ਦੇ ਜੀਵਨ ਸਾਥਣ ਦਾ ਸਿੱਖਿਆ ਦੇ ਖੇਤਰ ਚ ਵੱਡੇ ਯੋਗਦਾਨ ਦਾ ਜ਼ਿਕਰ ਕੀਤਾ।
ਇਸ ਮੌਕੇ ਬਹੁਤ ਸਾਰੇ ਪੱਤਰਕਾਰ ਅਤੇ ਅਧਿਆਪਕ ਸਾਥੀ ਪਰਿਵਾਰ ਨਾਲ ਦੁੱਖ ਵੰਡਾਉਣ ਵਾਸਤੇ ਪੁੱਜੇ ਹੋਏ ਸਨ, ਜਿਹਨਾਂ ਵਿਚ ਕਰਨੈਲ ਸਿੰਘ ਸੰਧੂ, ਨਿਰਮੋਲਕ ਸਿੰਘ ਹੀਰਾ, ਕੁਲਦੀਪ ਕੌੜਾ, ਪੱਤਰਕਾਰ ਬਲਵਿੰਦਰ ਸਿੰਘ, ਬਾਲ ਕਿਸ਼ਨ ਮੁਖੀਜਾ, ਸੰਦੀਪ ਸ਼ਰਮਾ, ਭਿੰਡਰ ਪਟਵਾਰੀ ਆਦਿ ਸ਼ਾਮਲ ਸਨ।