Now Reading
ਮਲੇਰਕੋਟਲਾ ਵਿਖੇ ਆਮ ਹੜਤਾਲ ਨੂੰ ਦਿੱਤਾ ਭਰਵਾਂ ਹੁੰਗਾਰਾ

ਮਲੇਰਕੋਟਲਾ ਵਿਖੇ ਆਮ ਹੜਤਾਲ ਨੂੰ ਦਿੱਤਾ ਭਰਵਾਂ ਹੁੰਗਾਰਾ


ਮਲੇਰਕੋਟਲਾ: ਕੇੰਦਰੀ ਟਰੇਡ ਯੂਨੀਅਨਾਂ, ਸੰਯੁਕਤ ਕਿਸਾਨ ਮੋਰਚਾ ਅਤੇ ਹੋਰ ਮਜ਼ਦੂਰ/ ਮੁਲਾਜ਼ਮ ਯੂਨੀਅਨਾਂ ਤੇ ਫੈਡਰੇਸ਼ਨਾਂ ਦੇ ਸੱਦੇ ‘ਤੇ ਅੱਜ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ‘ਚ ਸੀਟੀਯੂ ਪੰਜਾਬ ਅਧੀਨ ਕੰਮ ਕਰਦੇ ਕਾਮਿਆਂ ਨੇ ਵੀ ਮਲੇਰਕੋਟਲਾ ਦੇ ਬੀਡੀਓ ਦਫਤਰ ਅੱਗੇ ਰੈਲੀ ਕੀਤੀ। ਇਸ ਹੜਤਾਲ ਦੀਆਂ ਦੇਸ਼ ਪੱਧਰੀ ਮੰਗਾਂ ‘ਚ ਮਨਰੇਗਾ ਕਾਨੂੰਨ ਬਹਾਲ ਕਰਨਾ ਤੇ ਉਸ ਦੀ ਥਾਂ ਬਣਿਆਂ ਨਵਾਂ ਕਾਨੂੰਨ ਰੱਦ ਕਰਨਾ, 4 ਲੇਬਰ ਕੋਡ ਰੱਦ ਕਰਨੇ ਤੇ ਲੇਬਰ ਕਾਨੂੰਨ ਬਹਾਲ ਕਰਨੇ, ਪ੍ਰਸਤਾਵਤ ਬਿਜਲੀ 2025 ਤੇ ਬੀਜ ਬਿਲ 2025 ਰੱਦ ਕਰਨੇ, ਅਮਰੀਕਾ ਤੇ ਹੋਰ ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ ਰੱਦ ਕਰਨੇ ਤੇ ਜਨਤਕ ਖੇਤਰ ਦੇ ਅਦਾਰਿਆਂ ਦਾ ਨਿੱਜੀਕਰਨ ਬੰਦ ਕਰਨਾ ਆਦਿ ਸ਼ਾਮਲ ਹਨ।
ਇਸ ਰੈਲੀ ਨੂੰ ਪ੍ਰੋਫੈਸਰ ਜੈਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਮਜ਼ਦੂਰਾਂ ਨੂੰ ਅਧਿਕਾਰ ਵਜੋਂ ਕੰਮ ਦੇਣ ਵਾਲਾ ਮਨਰੇਗਾ ਕਾਨੂੰਨ ਖਤਮ ਕਰਕੇ ਸਰਕਾਰੀ ਰਹਿਮੋ ਕਰਮ ਵਾਲਾ ਵੀਬੀ ਗਰਾਮ ਜੀ ਕਾਨੂੰਨ ਲਿਆ ਕੇ ਉਹਨਾ ਦਾ ਹੱਕ ਖੋਹ ਲਿਆ ਹੈ। ਉਹਨਾ ਕਿਹਾ ਕਿ ਜੋ ਫੈਸਲੇ ਪਹਿਲਾਂ ਪਿੰਡ ਪੱਧਰ ਤੇ ਹੁੰਦੇ ਸਨ ਤੇ ਲੋੜ ਪੈਣ ਤੇ ਮਜ਼ਦੂਰ ਸੰਘਰਸ਼ ਰਾਹੀਂ ਕੰਮ ਲੈ ਲੈਂਦੇ ਸਨ, ਹੁਣ ਉਹ ਫੈਸਲੇ ਦਿੱਲੀ ਬੈਠੇ ਲੋਕ ਕਰਿਆ ਕਰਨਗੇ, ਇਸ ਤਰਾਂ ਮੋਦੀ ਸਰਕਾਰ ਨੇ ਮਜ਼ਦੂਰਾਂ ਦੇ ਪੇਟ ਚ ਲੱਤ ਮਾਰੀ ਹੈ । ਮੋਦੀ ਸਰਕਾਰ ਨੇ ਲੇਬਰ ਕਾਨੂੰਨ ਰੱਦ ਕਰਕੇ 4 ਲੇਬਰ ਕੋਡ ਬਣਾ ਕੇ ਮਜ਼ਦੂਰਾਂ ਲਈ ਯੂਨੀਅਨ ਬਨਾਉਣਾ ਤੇ ਹੜਤਾਲ ਕਰਨਾ ਹੋਰ ਔਖਾ ਕਰ ਦਿੱਤਾ ਹੈ । ਇਸ ਨਾਲ ਕੰਮ ਦੀ ਦਿਹਾੜੀ 8 ਘੰਟੇ ਦੀ ਬਿਜਾਏ 12 ਹੋ ਜਾਵੇਗੀ । ਉਹਨਾ ਇਹ ਵੀ ਕਿਹਾ ਕਿ ਮੋਦੀ ਸਰਕਾਰ ਨੇ ਅਮਰੀਕਾ ਨਾਲ ਜੋ ਵਪਾਰਕ ਸਮਝੌਤਾ ਕੀਤਾ ਹੈ, ਉਸ ਨਾਲ ਜਿੱਥੇ ਦੇਸ਼ ਦੀ ਕਿਸਾਨੀ ਤਬਾਹ ਹੋਵੇਗੀ , ਉੱਥੇ ਮਜ਼ਦੂਰਾਂ ਦੇ ਰੁਜ਼ਗਾਰ ਹੋਰ ਵੀ ਖੁਸਣਗੇ ਤੇ ਦੇਸ਼ ਤੇ ਵਿਦੇਸ਼ ਦੇ ਕਾਰਪੋਰੇਟ ਘਰਾਣੇ ਲੁੱਟ ਹੋਰ ਤੇਜ਼ ਕਰਨਗੇ। ਅਮਰੀਕਾ ਤੋੰ ਸੋਇਆਬੀਨ ਤੇਲ ਤੇ ਹੋਰ ਪਦਾਰਥ ਆਉਣ ਨਾਲ਼ ਲੋਕਾਂ ਦੀ ਸਿਹਤ ਨਾਲ਼ ਵੀ ਖਿਲਵਾੜ ਹੋਵੇਗਾ।
ਰੈਲੀ ਨੂੰ ਜਮਹੂਰੀ ਕਿਸਾਨ ਸਭਾ ਦੇ ਆਗੂ ਸਾਥੀ ਊਧਮ ਸਿੰਘ ਸੰਤੋਖਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਿਜਲੀ ਬਿਲ 2025 ਦੇ ਕਾਨੂੰਨ ਬਣਨ ਨਾਲ਼ ਮਜ਼ਦੂਰਾਂ ਤੇ ਛੋਟੇ ਕਿਸਾਨਾਂ ਦੇ ਘਰਾਂ ਦੀ ਬੱਤੀ ਗੁੱਲ ਹੋ ਜਾਵੇਗੀ ਤੇ ਉੱਪਰੋਂ ਸਮਾਰਟ ਮੀਟਰ ਲੱਗਣ ਨਾਲ ਸਬਸਿਡੀ ਵੀ ਬੰਦ ਹੋ ਜਾਵੇਗੀ ਤੇ ਬੀਜ ਬਿਲ 2025 ਨਾਲ ਕਿਸਾਨਾਂ ਦੀ ਫਸਲਾਂ ਉਗਾਉਣ ਦੀ ਖੁਦਮੁਖਤਾਰੀ ਖਤਮ ਹੋ ਜਾਵੇਗੀ। ਰੈਲੀ ਨੂੰ ਮਨਰੇਗਾ ਆਗੂ ਸਾਥੀ ਅਮਨਦੀਪ ਸਿੰਘ, ਨੌਜਵਾਨ ਆਗੂ ਧਰਮਿੰਦਰ ਸਿੰਘ ਤੇ ਵਿਦਿਆਰਥੀ ਆਗੂ ਰਵਿੰਦਰ ਸਿੰਘ ਤੇ ਕਾਂਗਰਸ ਦੇ ਆਗੂ ਪਰਵੇਜ਼ ਖਾਨ ਨੇ ਵੀ ਸੰਬੋਧਨ ਕੀਤਾ।

Scroll To Top