
ਨਕੋਦਰ: ਕੇਂਦਰੀ ਟ੍ਰੇਡ ਯੂਨੀਅਨਾਂ ਦੇ ਦੇਸ਼ ਵਿਆਪੀ ਹਡ਼ਤਾਲ ਦੇ ਦਿਤੇ ਸੱਦੇ ’ਤੇ ਅੱਜ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਨੌਜਵਾਨ, ਆਂਗਨਵਾਡ਼ੀ ਵਰਕਰਾਂ, ਆਸ਼ਾਂ ਵਰਕਰਾਂ ਅਤੇ ਮਿਡ ਡੇਅ ਮੀਲ ਵਰਕਰਾਂ ਦੀਆਂ ਜਥੇਬੰਦੀਆਂ ਨੇ ਨਕੋਦਰ ਵਿਚ ਮੁਜ਼ਾਹਰਾ ਕੀਤਾ। ਪਾਵਰਕੌਮ ਡਿਵੀਜ਼ਨ ਨਕੋਦਰ ਦੇ ਦਫਤਰ ਵਿਚ ਸੈਕਡ਼ਿਆਂ ਦੀ ਗਿਣਤੀ ਵਿਚ ਜੁਡ਼ੇ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਬੱਲ ਤੇ ਸਕੱਤਰ ਗੁਰਚਰਨ ਸਿੰਘ ਚਾਹਲ, ਕਿਰਤੀ ਕਿਸਾਨ ਯੂਨੀਅਨ ਦੇ ਸੰਤੋਖ ਸਿੰਘ ਸੰਧੂ, ਜਮਹੂਰੀ ਕਿਸਾਨ ਸਭਾ ਦੇ ਮਨੋਹਰ ਸਿੰਘ ਗਿੱਲ, ਪੇਂਡੂ ਮਜ਼ਦੂਰ ਯੂਨੀਅਨ ਦੇ ਹੰਸ ਰਾਜ ਪੱਬਵਾ, ਦਿਹਾਤੀ ਮਜ਼ਦੂਰ ਸਭਾ ਦੇ ਦਰਸ਼ਨ ਨਾਹਰ ਤੇ ਨਿਰਮਲ ਸਿੰਘ ਮਲਸੀਆਂ, ਪੰਜਾਬ ਖੇਤ ਮਜ਼ਦੂਰ ਸਭਾ ਦੇ ਗਿਆਨ ਸੈਦਪੁਰੀ, ਆਂਗਨਵਾਡ਼ੀ ਵਰਕਰਜ਼ ਯੂਨੀਅਨ ਦੀ ਪਰਮਜੀਤ ਕੌਰ ਤੇ ਹਰਜੀਤ ਕੌਰ, ਪੈਨਸਨਰਜ਼ ਐਸੋਸੀਏਸ਼ਨ ਦੇ ਨਿਰਮਲ ਜਹਾਂਗੀਰ ਤੇ ਹਿੰਮਤ ਸਿੰਘ ਮੱਲ੍ਹੀ, ਡੀ.ਟੀ.ਐੱਫ ਦੇ ਕੁਲਵਿੰਦਰ ਸਿੰਘ ਜੋਸਨ ਤੇ ਗੁਰਮੀਤ ਸਿੰਘ ਕੋਟਲੀ, ਟੀ.ਐੱਸ.ਯੂ ਦੇ ਸੰਜੀਵ ਕੁਮਾਰ, ਪੀ.ਐੱਸ.ਯੂ ਦੇ ਨਵਜੋਤ ਸਿਆਣੀਵਾਲ ਤੇ ਰਮਨ, ਨੌਜਵਾਨ ਭਾਰਤ ਸਭਾ ਦੇ ਮੰਗਲਜੀਤ ਪੰਡੋਰੀ, ਸੀਟੂ ਦੇ ਜਸਕਰਨ ਸਿੰਘ ਕੰਗ ਅਤੇ ਡੀ.ਵਾਈ.ਐੱਫ.ਆਈ ਦੇ ਸੋਢੀ ਹੰਸ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਬਿਜਲੀ ਸੋਧ ਬਿੱਲ 2025 ਲਾਗੂ ਕਰਕੇ ਕਿਰਤੀਆਂ ਦੇ ਘਰਾਂ ਵਿਚ ਹਨੇਰਾ ਕਰਨ ਜਾ ਰਹੀ ਹੈ। ਸੀਡ ਬਿੱਲ ਦੇ ਲਾਗੂ ਹੋਣ ਨਾਲ ਖੇਤੀ ਸਮੇਤ ਸਮੁੱਚਾ ਅਰਥਚਾਰਾ ਬਰਬਾਦ ਹੋ ਜਾਵੇਗਾ। ਮਨਰੇਗਾ ਵਿਚ ਸੋਧ ਕਰਕੇ ਸਰਕਾਰਾਂ ਨੇ ਮਜ਼ਦੂਰਾਂ ਕੋਲੋ ਰੁਜ਼ਗਾਰ ਅਤੇ ਕਿਰਤ ਕਾਨੂੰਨਾਂ ਵਿਚ ਸੋਧਾਂ ਕਰਕੇ ਮਜ਼ਦੂਰਾਂ ਦੇ ਕੰਮ ਘੰਟੇ ਵਧਾ ਕੇ ਹਡ਼ਤਾਲਾਂ,ਧਰਨੇ ਤੇ ਰੈਲੀਆਂ ਦਾ ਹੱਕ ਵੀ ਖੋਹ ਵੀ ਖੋਹ ਲਿਆ ਹੈ। ਬੁਲਾਰਿਆਂ ਨੇ ਕਿਹਾ ਸਰਕਾਰਾਂ ਵੱਲੋਂ ਧਾਰਨ ਕੀਤੇ ਨਿਜੀਕਰਨ,ਸੰਸਾਰੀਕਰਨ,ਉਦਾਰੀਕਰਨ ਅਤੇ ਵਿਉਪਾਰੀਕਰਨ ਦੇ ਹੱਲੇ ਨੂੰ ਸਾਂਝੇ ਸੰਘਰਸ਼ਾਂ ਨਾਲ ਹੀ ਠੱਲਿਆ ਜਾ ਸਕਦਾ ਹੈ। ਰੈਲੀ ਉਪਰੰਤ ਨਕੋਦਰ ਦੇ ਬਜ਼ਾਰਾਂ ਵਿਚ ਮੁਜ਼ਾਹਰਾ ਕੀਤਾ ਗਿਆ।