Now Reading
ਬਿਜਲੀ ਕਾਮਿਆਂ ਵੱਲੋਂ ਕਾਰਪੋਰੇਟ ਪੱਖੀ ਨਿੱਜੀਕਰਨ ਦੀਆਂ ਨੀਤੀਆਂ ਵਿਰੁੱਧ ਦੇਸ਼ ਵਿਆਪੀ ਮੁਕੰਮਲ ਹੜਤਾਲ

ਬਿਜਲੀ ਕਾਮਿਆਂ ਵੱਲੋਂ ਕਾਰਪੋਰੇਟ ਪੱਖੀ ਨਿੱਜੀਕਰਨ ਦੀਆਂ ਨੀਤੀਆਂ ਵਿਰੁੱਧ ਦੇਸ਼ ਵਿਆਪੀ ਮੁਕੰਮਲ ਹੜਤਾਲ

ਜੋਧਾਂ: ਪਾਵਰਕਾਮ ਅਤੇ ਟਰਾਂਸਕੋ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਸੱਦੇ ‘ਤੇ ਸਾਮਰਾਜੀ ਦਿਸ਼ਾ ਨਿਰਦੇਸ਼ਤ ਨਿੱਜੀਕਰਨ ਦੀਆਂ ਨੀਤੀਆਂ ਖਿਲਾਫ ਡਵੀਜ਼ਨ ਲਲਤੋਂ ਕਲਾਂ ਵਿਖੇ ਦੇਸ਼ ਵਿਆਪੀ ਮੁਕੰਮਲ ਹੜਤਾਲ ਕੀਤੀ ਗਈ। ਇਸ ਮੌਕੇ ਡਵੀਜ਼ਨ ਦਫ਼ਤਰ ਵਿਖੇ ਰੋਸ ਧਰਨਾ ਵੀ ਦਿੱਤਾ ਗਿਆ ਜਿਸ ਵਿੱਚ ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਅਤੇ ਪੈਨਸ਼ਨਰਜ ਯੂਨੀਅਨ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਬਿਜਲੀ ਸੋਧ ਬਿੱਲ 2025 ਅਤੇ ਬਿਜਲੀ ਐਕਟ 2003 ਨੂੰ ਵਾਪਸ ਕਰਾਉਣ ਲਈ, ਚਾਰ ਲੇਬਰ ਕੋਡ ਰੱਦ ਕਰਾਉਣ ਲਈ, ਮਨਰੇਗਾ ਨੂੰ ਬਹਾਲ ਕਰਾਉਣ ਲਈ, ਬੀਜ ਬਿੱਲ 2025 ਨੂੰ ਵਾਪਸ ਕਰਾਉਣ ਲਈ ਇਹ ਹੜਤਾਲ ਕੀਤੀ ਜਾ ਰਹੀ ਹੈ।
ਆਗੂਆਂ ਨੇ ਗੇਟ ਰੈਲੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਪਹਿਲਾਂ ਤੋਂ ਬਣੇ ਲੋਕ ਪੱਖੀ ਕਾਨੂੰਨਾਂ ਨੂੰ ਵੱਡੀ ਪੱਧਰ ਤੇ ਤਬਦੀਲ ਕੀਤਾ ਜਾ ਰਿਹਾ ਹੈ ਅਤੇ ਬਹੁਤ ਸਾਰੇ ਕਾਨੂੰਨਾਂ ਨੂੰ ਮੁੱਢੋਂ ਹੀ ਖਤਮ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਵੱਡੀ ਪੱਧਰ ‘ਤੇ ਕਾਰਪੋਰੇਟ ਪੱਖੀ ਨਵੇਂ ਨਵੇਂ ਕਾਨੂੰਨ ਲਿਆ ਕੇ ਕਿਰਤੀ ਲੋਕਾਂ ਦੀ ਰੱਤ ਨਿਚੋੜ ਲੁੱਟ ਕਰਨ ਦਾ ਹੱਲਾ ਵਿੱਢਿਆ ਹੋਇਆ ਹੈ। ਇਸ ਹੱਲੇ ਤਹਿਤ ਹਜ਼ਾਰਾਂ ਪੋਸਟਾਂ ਖਾਲੀ ਹੋਣ ਦੇ ਬਾਵਜੂਦ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ, ਰੋਜ਼ਗਾਰ ਤੇ ਲੱਗੇ ਕਾਮਿਆਂ ਦੀਆਂ ਛਾਂਟੀਆਂ ਕੀਤੀਆਂ ਜਾ ਰਹੀਆਂ ਹਨ, ਲੁੱਟ ਅਤੇ ਰੱਤ ਨਿਚੋੜ ਮੁਨਾਫੇ ਲਈ ਆਊਟਸੋਰਸਡ ਪ੍ਰਣਾਲੀ ਧੜੱਲੇ ਨਾਲ ਲਾਗੂ ਕੀਤੀ ਜਾ ਰਹੀ ਹੈ, ਕਾਮਾ ਦੋਖੀ ਚਾਰ ਲੇਬਰ ਕੋਡ ਵੀ ਲਾਗੂ ਕੀਤੇ ਜਾ ਰਹੇ ਹਨ, ਨਵੀਂ ਪੈਨਸ਼ਨ ਪਾਲਿਸੀ ਲਾਗੂ ਕੀਤੀ ਗਈ ਹੈ, ਕੰਮ ਦਿਹਾੜੀ ਅੱਠ ਘੰਟੇ ਤੋਂ 12 ਘੰਟੇ ਕਰ ਦਿੱਤੀ ਗਈ ਹੈ, ਤਨਖਾਹ ਢਾਂਚੇ ਵਿੱਚ ਵੱਡੀ ਤਬਦੀਲੀ ਕਰਕੇ ਉੱਕੀ ਪੁੱਕੀ ਤਨਖਾਹ ਦਾ ਫਾਰਮੂਲਾ ਲਾਗੂ ਕੀਤਾ ਗਿਆ ਹੈ। ਇਸੇ ਨੀਤੀ ਤਹਿਤ ਹੀ ਮਜ਼ਦੂਰਾਂ ਅਤੇ ਕਿਸਾਨਾਂ ਅਤੇ ਹੱਲਾ ਵਿੱਢਦਿਆਂ ਮਨਰੇਗਾ ਦਾ ਨਾਮ ਬਦਲਣ ਦੇ ਬਹਾਨੇ ਹੇਠ ਇਸ ਨੂੰ ਮੁਕੰਮਲ ਬੰਦ ਕਰਨ ਦੀ ਤਿਆਰੀ ਕੀਤੀ ਗਈ ਹੈ ਅਤੇ ਖੇਤੀ ਤੇ ਕਾਰਪੋਰੇਟੀ ਕਬਜ਼ਾ ਕਰਾਉਣ ਲਈ ਬੀਜ ਬਿੱਲ 2025 ਲਿਆਂਦਾ ਜਾ ਰਿਹਾ ਹੈ।
ਜਿਸ ਦੀ ਆਗੂਆਂ ਨੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਕੇਂਦਰ ਤੇ ਪੰਜਾਬ ਸਰਕਾਰ ਇਹਨਾਂ ਨੀਤੀਆਂ ਨੂੰ ਲਾਗੂ ਕਰਨਾ ਬੰਦ ਕਰੇ। ਜੇਕਰ ਸਰਕਾਰਾਂ ਇਹਨਾਂ ਹੱਲਿਆਂ ਨੂੰ ਵਾਪਸ ਨਹੀਂ ਕਰਨਗੀਆਂ ਤਾਂ ਕੁੱਲ ਕਿਰਤੀ/ ਸੰਘਰਸ਼ਸ਼ੀਲ ਲੋਕਾਂ ਨਾਲ ਜੋਟੀ ਪਾ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਦੀਆਂ 90 ਦੇ ਕਰੀਬ ਜਥੇਬੰਦੀਆਂ ਦੇ ਸਾਂਝੇ ਫੈਸਲੇ ਮੁਤਾਬਕ 22 ਫਰਵਰੀ ਨੂੰ ਬੀ.ਜੇ.ਪੀ. ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ, ਮੰਤਰੀਆਂ ਅਤੇ ਵੱਡੇ ਆਗੂਆਂ ਦੇ ਘਰਾਂ ਸਾਹਮਣੇ ਸਾਂਝੇ ਵਿਸ਼ਾਲ ਰੋਸ ਧਰਨੇ ਦਿੱਤੇ ਜਾਣਗੇ। ਜੇਕਰ ਕੇਂਦਰ ਸਰਕਾਰ ਵੱਲੋਂ ਲੋਕ ਸਭਾ/ਰਾਜ ਸਭਾ ਵਿੱਚ ਬਿਜਲੀ ਸੋਧ ਬਿਲ 2025 ਅਤੇ ਬੀਜ ਬਿੱਲ 2025 ਲਿਆਂਦਾ ਗਿਆ ਤਾਂ ਉਸ ਦਿਨ ਨੂੰ ਕਾਲਾ ਦਿਨ ਮਨਾਉਂਦਿਆਂ ਤਿਖਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਰੋਸ ਧਰਨੇ ਨੂੰ ਟੈਕਨੀਕਲ ਸਰਵਿਸਜ਼ ਯੂਨੀਅਨ ਵੱਲੋਂ ਜਗਤਾਰ ਸਿੰਘ, ਛਿੰਦਰਪਾਲ ਸਿੰਘ, ਚਮਕੌਰ ਸਿੰਘ ਅਤੇ ਸਰਕਲ ਪ੍ਰਧਾਨ ਜ਼ਮੀਰ ਹੁਸੈਨ, ਫੈਡਰੇਸ਼ਨ ਏਟਕ ਵੱਲੋਂ ਜਸਵਿੰਦਰ ਸਿੰਘ, ਕਰਨੈਲ ਸਿੰਘ, ਗੁਰਮੀਤ ਸਿੰਘ ਭੁੱਟਾ, ਜਮਹੂਰੀ ਕਿਸਾਨ ਸਭਾ ਵੱਲੋਂ ਹਰਨੇਕ ਸਿੰਘ ਗੁੱਜਰਵਾਲ਼ ਸੂਬਾਈ ਆਗੂ, ਕੁਲਦੀਪ ਸਿੰਘ ਗਰੇਵਾਲ਼, ਅਮਰਜੀਤ ਸਿੰਘ ਸ਼ਹਿਜਾਦ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਡਾ. ਅਜੀਤ ਰਾਮ, ਸੁਰਜੀਤ ਸਿੰਘ ਸੀਲੋ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਗੁਰਉਪਦੇਸ਼ ਸਿੰਘ ਘੁੰਗਰਾਣਾ, ਸਾਬਕਾ ਸਰਪੰਚ ਜਸਵੀਰ ਸਿੰਘ ਟੂਸੇ, ਜਸਵੰਤ ਸਿੰਘ ਟੂਸੇ, ਡਾ. ਕਲਵੰਤ ਸਿੰਘ ਮੋਹੀ, ਹਰਭਜਨ ਸਿੰਘ ਧਾਲੀਆਂ, ਨਛੱਤਰ ਸਿੰਘ ਸਾਬਕਾ ਹਾਕੀ ਖਿਡਾਰੀ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਆਗੂ ਮਾਸਟਰ ਚਰਨਜੀਤ ਸਿੰਘ ਫੱਲੇਵਾਲ਼, ਕੁਲਦੀਪ ਸਿੰਘ ਗੁੱਜਰਵਾਲ਼, ਸੁਖਵੰਤ ਸਿੰਘ, ਦਰਸ਼ਨ ਸਿੰਘ ਫੱਲੇਵਾਲ਼ ਅਤੇ ਪੈਨਸ਼ਨਰ ਯੂਨੀਅਨ ਦੇ ਮਨਜੀਤ ਸਿੰਘ ਅਤੇ ਨਾਜਰ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।

Scroll To Top