
ਬਟਾਲਾ: ਅੱਜ ਦੇਸ਼ ਦੀਆਂ ਮੁੱਖ ਟ੍ਰੇਡ ਯੂਨੀਅਨਾਂ ਦੇ ਸੱਦੇ ਉਪਰ ਕੀਤੀ ਗਈ ਹੜਤਾਲ ਸਮੇਂ ਵਰਕਰਾਂ ਅਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਜਗੀਰ ਸਿੰਘ ਕਿਲਾ ਲਾਲ ਸਿੰਘ, ਹਰਜਿੰਦਰ ਪਿੰਟਾ, ਜਰਨੈਲ ਸਿੰਘ, ਰਾਜਗੁਰਵਿਦਰ ਸਿੰਘ ਲਾਡੀ ਅਤੇ ਅਵਤਾਰ ਸਿੰਘ ਠੱਠਾ ਦੀ ਪ੍ਰਧਾਨਗੀ ਹੇਠ ਸੁੱਖਾ ਸਿੰਘ ਮਹਿਤਾਬ ਸਿੰਘ ਪਾਰਕ ਵਿਖੇ ਵਿਸ਼ਾਲ ਰੈਲੀ ਕੀਤੀ ਗਈ ਅਤੇ ਸ਼ਹਿਰ ਵਿੱਚ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਬੋਲਦਿਆਂ ਖੱਬੇ ਪੱਖੀ ਆਗੂ ਸ਼ਮਸ਼ੇਰ ਸਿੰਘ ਨਵਾਂ ਪਿੰਡ, ਜਨਕ ਰਾਜ, ਗੁਲਜਾਰ ਸਿੰਘ ਬਸੰਤਕੋਟ ਅਤੇ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਅੱਜ ਦੀ ਹੜਤਾਲ ਮੁੱਖ ਤੌਰ ਤੇ ਸਾਮਰਾਜੀ, ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਅਤੇ ਦੇਸ਼ ਵਿਰੋਧੀ ਨੀਤੀਆਂ ਵਿਰੁੱਧ ਕੀਤੀ ਗਈ ਸੀ। ਸਾਮਰਾਜੀ ਨੀਤੀਆਂ ਲਾਗੂ ਕਰਨ ਹਿਤ ਹੀ ਮੋਦੀ ਸਰਕਾਰ ਨੇ ਦੇਸ਼ ਦੇ ਕਿਰਤ ਕਾਨੂੰਨਾਂ ਨੂੰ ਤੋੜਨ ਭੰਨਣ ਦਾ ਕੰਮ ਕੀਤਾ, ਕਰੀਬ 140 ਸਾਲ ਪਹਿਲਾਂ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੇ ਮਜ਼ਦੂਰਾਂ ਨੇ ਵਡੀਆ ਕੁਰਬਾਨੀਆ ਕਰਕੇ ਅਤੇ ਫਾਂਸੀਆਂ ਤੇ ਲਟਕ ਕੇ ਅੱਠ ਘੰਟੇ ਦੀ ਦਿਹਾੜੀ ਦਾ ਕਾਨੂੰਨ ਬਣਾਇਆ ਸੀ ਜਿਸ ਨੂੰ ਮੋਦੀ ਸਰਕਾਰ ਨੇ 12 ਘੰਟੇ ਦੇ ਕਾਨੂੰਨ ਵਿੱਚ ਬਦਲ ਦਿੱਤਾ ਹੈ।ਸਾਮਰਾਜ ਕਾਰਪੋਰੇਟ ਪੱਖੀ ਕੰਪਨੀਆਂ ਦੀਆਂ ਹਦਾਇਤਾਂ ਕਾਰਨ ਹੀ ਮਨਰੇਗਾ ਕਾਨੂੰਨ ਵਿਚ ਉਲਟ ਫੇਰ ਕਰ ਦਿੱਤਾ ਗਿਆ ਹੈ ਜੋ ਕਿਸੇ ਵੀ ਹਾਲਤ ਵਿੱਚ ਹੁਣ ਅਮਲੀ ਤੌਰ ਤੇ ਲਾਗੂ ਨਹੀਂ ਹੋ ਸਕੇਗਾ।
ਭਾਰਤ ਤੇ ਅਮਰੀਕਾ ਟ੍ਰੇਡ ਦੀ ਗੱਲ ਕਰਦਿਆ ਆਗੂਆਂ ਕਿਹਾ ਕਿ ਜਾਫਰੀ ਐਪਸਟੀਨ ਦੇ ਫਾਈਲ ਕੇਸ ਵਿੱਚ ਮੋਦੀ, ਉਸਦੇ ਮੰਤਰੀ ਅਤੇ ਦੋਸਤਾਂ ਦੇ ਫਸਣ ਤੋਂ ਬਾਅਦ ਅਮਰੀਕਾ ਦੀ ਸਰਕਾਰ ਨੇ ਇਸ ਦਬਾਅ ਤਹਿਤ ਭਾਰਤ ਸਰਕਾਰ ਤੋਂ ਆਪਣੀ ਮਨ ਮਰਜ਼ੀ ਦੇ ਸਮਝੌਤੇ ਤੇ ਦਸਤਖਤ ਕਰਵਾਏ ਹਨ,ਜੋ ਸਮਝੌਤਾ ਇੱਕ ਪਾਸੜ ਕਿਹਾ ਜਾ ਸਕਦਾ, ਹੈਰਾਨੀ ਇਸ ਗੱਲ ਦੀ ਹੈ ਕਿ ਇਸ ਸਮਝੌਤੇ ਅਧੀਨ ਅਮਰੀਕਾ ਭਾਰਤ ਦੀਆਂ ਵਸਤਾਂ ਉਪਰ 18% ਕਰ ਲਗਾਏਗਾ ਜਦੋਂ ਕਿ ਅਮਰੀਕਾ ਦੀਆਂ ਭਾਰਤ ਵਿੱਚ ਵਿਕਣ ਵਾਲੀਆਂ ਵਸਤਾਂ ਉੱਪਰ ਭਾਰਤ ਸਰਕਾਰ 0 ਫੀਸਦੀ ਜਾਂ ਬਹੁਤ ਹੀ ਮਾਮੂਲੀ ਕਰ ਲਗਾਏਗੀ ਜਿਸ ਸਮਝੌਤੇ ਦਾ ਅਰਥ ਹੈ ਕਿ ਅਮਰੀਕਾ ਦਾ ਖੇਤੀ ਅਤੇ ਖੇਤੀ ਧੰਦਿਆਂ ਨਾਲ ਸਬੰਧਤ ਵਸਤਾ ਅਤੇ ਹੋਰ ਸਮਾਨ ਭਾਰਤ ਦੀ ਮੰਡੀ ਤੇ ਪੂਰਨ ਤੌਰ ਤੇ ਕਬਜ਼ਾ ਕਰ ਲਵੇਗਾ ਅਤੇ ਭਾਰਤ ਦੇ ਖੇਤੀ ਧੰਦੇ ਨਾਲ ਜੁੜੇ ਕਿਸਾਨਾ ਮਜ਼ਦੂਰ ਬਰਬਾਦ ਹੋ ਜਾਣਗੇ।ਇਸ ਸਮੇਂ ਮੰਗ ਕੀਤੀ ਗਈ ਕਿ ਭਾਰਤ ਸਰਕਾਰ ਅਮਰੀਕਾ ਭਾਰਤ ਟ੍ਰੇਡ ਨੂੰ ਰੱਦ ਕਰੇ ਮਜ਼ਦੂਰਾਂ ਦੇ ਕਿਰਤ ਕਾਨੂੰਨਾਂ ਨੂੰ ਬਹਾਲ ਕਰੇ, 12 ਘੰਟੇ ਦੀ ਦਿਹਾੜੀ ਦਾ ਫਰਮਾਨ ਵਾਪਸ ਲਿਆ ਜਾਵੇ। ਇਸ ਸਮੇਂ ਪੰਜਾਬ ਦੀ ਮਾਨ ਸਰਕਾਰ ਤੇ ਕੰਮ ਕਾਜ ਦੀ ਸਖਤ ਵਿਰੋਧਤਾ ਕਰਦੇ ਕਿਹਾ ਗਿਆ ਕਿ ਇਸ ਸਰਕਾਰ ਦੇ ਬੀਤੇ ਚਾਰ ਸਾਲਾਂ ਦੇ ਰਾਜ ਵਿੱਚ ਨਸ਼ਾ ਤਸਕਰਾ ਅਤੇ ਗੈਂਗਸਟਰਾਂ ਪੰਜਾਬ ਦੀ ਧਰਤੀ ਤੇ ਪੂਰੀ ਤਰ੍ਹਾਂ ਆਪਣੀ ਸਰਦਾਰੀ ਕਾਇਮ ਕਰ ਲਈ ਹੈ, ਨਤੀਜੇ ਵਜੋਂ ਪੰਜਾਬ ਦੇ ਲੋਕ ਡਰੇ ਤੇ ਅਣਸੁਰੱਖਿਤ ਮਹਿਸੂਸ ਕਰ ਰਹੇ ਹਨ, ਸਰਕਾਰ ਦਾ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਤੇ ਕੋਈ ਕੰਟਰੋਲ ਨਹੀਂ ਰਿਹਾ।
ਇਸ ਸਮੇਂ ਡਾ ਅਨੂਪ ਸਿੰਘ, ਗੁਰਮੀਤ ਸਿੰਘ ਢਡਿਆਲਾ, ਗੁਰਪ੍ਰੀਤ ਸਿੰਘ ਰੰਗੀਲਪੁਰ, ਸੋਮ ਸਿੰਘ, ਨਰਿੰਦਰ ਸਿੰਘ, ਗੁਰਮੇਲ ਸਿੰਘ ਬਲਪੁਰੀਆ, ਬਲਦੇਵ ਸਿੰਘ ਖਹਿਰਾ ਅਤੇ ਸੰਤੋਖ ਸਿੰਘ ਔਲਖ ਅਤੇ ਰਾਜੂ ਬਟਾਲਾ ਨੇ ਵੀ ਆਪਣੇ ਵਿਚਾਰ ਰੱਖੇ।