
ਜਲੰਧਰ: ਦੇਸ਼ ਅਤੇ ਪੰਜਾਬ ਦੇ ਮੌਜੂਦਾ ਚਿੰਤਾਜਨਕ ਸਿਆਸੀ ਹਾਲਾਤ ਅੰਦਰ ਉਦੋਂ ਇਕ ਬੇਹਦ ਹੌਂਸਲਾ ਵਧਾਊ ਘਟਨਾ ਵਾਪਰੀ, ਜਦੋਂ ਪ੍ਰਾਂਤ ਦੀਆਂ ਖੱਬੀਆਂ ਪਾਰਟੀਆਂ ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਵਿਚਾਰਧਾਰਾ ਤੇ ਸਿੱਖਿਆਵਾਂ ਦੀ ਸੇਧ ‘ਚ ਸਮਾਜਿਕ ਬਦਲਾਅ ਲਈ ਯਤਨਸ਼ੀਲ ਰਾਜਸੀ ਧਿਰਾਂ ਵਲੋਂ ਬੀਤੇ ਕਲ੍ਹ ਦੇਸ਼ ਭਗਤ ਹਾਲ ਜਲੰਧਰ ਵਿਖੇ ਹੋਈ ਇਕ ਸਾਂਝੀ ਮੀਟਿੰਗ ‘ਚ ‘ਬਹੁਜਨ ਖੱਬਾ ਮੋਰਚਾ’ (ਬਹੁਜਨ ਲੈਫਟ ਫਰੰਟ) ਗਠਿਤ ਕਰਨ ਦਾ ਫੈਸਲਾ ਕੀਤਾ ਗਿਆ।’’ ਇਹ ਮੋਰਚਾ ਨਿਰੰਤਰ ਵੱਧ ਰਹੇ ਫਿਰਕੂ-ਫਾਸ਼ੀ ਖਤਰਿਆਂ ਤੇ ਮਿਹਨਤਕਸ਼ਾਂ ਸਿਰ ਅਸਹਿ ਬੋਝ ਲੱਦ ਰਹੀਆਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਵਿਸ਼ਾਲ ਜਨਤਕ ਲਹਿਰ ਖੜ੍ਹੀ ਕਰਨ ਲਈ ਸਰਵ ਪੱਖੀ ਹੀਲੇ-ਵਸੀਲੇ ਜੁਟਾਏਗਾ। ਇਹ ਜਾਣਕਾਰੀ, ਅੱਜ ਇੱਥੋਂ ਜਾਰੀ ਇਕ ਪ੍ਰੈਸ ਨੋਟ ਰਾਹੀਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਦਿੱਤੀ ਹੈ।
ਮੀਟਿੰਗ ’ਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) , ਸਮਾਜਿਕ ਸੰਘਰਸ਼ ਪਾਰਟੀ, ਬਹੁਜਨ ਮੁਕਤੀ ਪਾਰਟੀ, ਸੀ.ਪੀ.ਆਈ. (ਐਮ.ਐਲ.) ਤੇ ਐਮ.ਸੀ.ਪੀ.ਆਈ. (ਯੂ) ਦੇ ਸਿਰਕੱਢ ਆਗੂ ਸ਼ਾਮਲ ਹੋਏ। ਮੀਟਿੰਗ ਵਲੋਂ ਫੈਸਲਾ ਕੀਤਾ ਗਿਆ ਹੈ ਕਿ ‘‘ਲੋਕਾਂ ਦੇ ਭੱਖਦੇ ਮੁੱਦਿਆਂ, ਕੇਂਦਰੀ ਤੇ ਸੂਬਾਈ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਪੰਜਾਬ ਨਾਲ ਹੋ ਰਹੇ ਧੱਕਿਆਂ ਵਿਰੁੱਧ ਪਹਿਲੀ ਮਾਰਚ 2026 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਵਿਸ਼ਾਲ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਜਾਵੇਗੀ। ਮੀਟਿੰਗ ਦੀ ਪ੍ਰਪੱਕ ਰਾਏ ਹੈ ਕਿ ‘ਲਾਲ ਤੇ ਨੀਲੇ’ ਦਾ ਸੁਮੇਲ ਕਰਕੇ ਭਾਵ ਕਮਿਊਨਿਸਟ ਇਨਕਲਾਬੀ ਵਿਚਾਰਧਾਰਾ ਤੇ ਅੰਬੇਦਰਕਰੀ ਸੰਗਠਨਾਂ ਵਲੋਂ ਇਕਜੁੱਟ ਹੋ ਕੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਵਲੋਂ ਦਿਖਾਏ ਮਿਹਨਤਕਸ਼ ਵਰਗਾਂ, ਖਾਸ ਕਰਕੇ ਦਲਿਤ ਸਮਾਜ ਦੀ ਲੁੱਟ-ਖਸੁੱਟ ਤੇ ਜਬਰ-ਵਿਤਕਰੇ ਤੋਂ ਮੁਕਤੀ ਦੇ ਰਸਤੇ ‘ਤੇ ਚਲਦਿਆਂ ਹੀ ਦੇਸ਼ ਅੰਦਰੋਂ ਮੌਜੂਦਾ ਲੁਟੇਰੇ ਪੂੰਜੀਵਾਦੀ ਪ੍ਰਬੰਧ ਤੇ ਜਾਤੀਪਾਤੀ ਵਿਤਕਰੇ ਨੂੰ ਖਾਤਮਾ ਕੀਤਾ ਜਾ ਸਕਦਾ ਹੈ। ਇਸ ਇਕਜੁੱਟਤਾ ਤੇ ਸਾਂਝੇ ਸੰਘਰਸ਼ਾਂ ਰਾਹੀਂ ਹੀ ‘ਜਾਤ ਰਹਿਤ, ਜਮਾਤ ਰਹਿਤ ਔਰਤ ਮੁਕਤੀ’ ਵਾਲਾ ਸਮਾਜ ਸਿਰਜਿਆ ਜਾ ਸਕਦਾ ਹੈ।
ਕਨਵੈਨਸ਼ਨ ਰਾਹੀਂ ਮੋਦੀ ਸਰਕਾਰ ਦੀ ਮਨਰੇਗਾ ਨੂੰ ਖਤਮ ਕਰਨ ਦੀ ਸਾਜਿਸ਼, ਬਿਜਲੀ ਸੋਧ ਬਿੱਲ ਤੇ ਸੀਡ ਬਿੱਲ 2025, ਚਾਰ ਲੇਬਰ ਕੋਡਾਂ ਵਿਰੁੱਧ ਅਤੇ ਯੂਰਪੀਨ ਯੂਨੀਅਨ ਤੇ ਅਮਰੀਕਾ ਨਾਲ ਕੀਤੇ ਗਏ ਵਪਾਰਕ ਸਮਝੌਤਿਆਂ ਦੇ ਤਬਾਹਕੁੰਨ ਨਤੀਜਿਆਂ ਬਾਰੇ ਜਨਤਕ ਚੇਤਨਾ ਪੈਦਾ ਕਰਨ ਦੀ ਠੋਸ ਵਿਉਂਤਬੰਦੀ ਉਲੀਕੀ ਜਾਵੇਗੀ। ਨਾਲ ਹੀ ਸਮੁੱਚੀ ਵਸੋਂ ਨੂੰ ਸਰਕਾਰ ਵੱਲੋਂ ਇਕਸਾਰ ਤੇ ਮਿਆਰੀ ਸਿਹਤ ਸੇਵਾਵਾਂ ਤੇ ਵਿਦਿਅਕ ਸਹੂਲਤਾਂ ਪ੍ਰਦਾਨ ਕਰਨ ਤੇ ਵਾਹਗਾ ਬਾਰਡਰ ਖੋਲ੍ਹ ਕੇ ਸੜਕੀ ਰਸਤੇ ਕੌਮਾਂਤਰੀ ਵਪਾਰ ਚਾਲੂ ਕਰਨ ਲਈ ਤੇ ਕੇਂਦਰ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਧੱਕਿਆਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾਵੇਗੀ। ਬਹੁਜਨ ਲੈਫਟ ਫਰੰਟ ਦੇ ਆਗੂਆਂ ਨੇ ਸੂਬੇ ਦੀਆਂ ਸਮੂਹ ਖੱਬੀਆਂ ਤੇ ਡਾ. ਭੀਮ ਰਾਓ ਅੰਬੇਦਕਰ ਜੀ ਦੀ ਸਿੱਖਿਆਵਾਂ ਅਨੁਸਾਰ ਕਾਰਜਸ਼ੀਲ ਰਾਜਸੀ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ‘ਚ ਮਜ਼ਦੂਰਾਂ, ਕਿਸਾਨਾਂ, ਔਰਤਾਂ, ਨੌਜਵਾਨਾਂ ਤੇ ਹੋਰ ਮਿਹਨਤਕਸ਼ ਲੋਕਾਂ, ਖਾਸ ਕਰਕੇ ਦਲਿਤ ਤੇ ਪੱਛੜੇ ਸਮਾਜ ਦੇ ਹਿੱਤਾਂ ਦੀ ਰਾਖੀ ਲਈ ਇਕ ਮਜ਼ਬੂਤ ਰਾਜਸੀ ਬਦਲ ਉਸਾਰਨ ਹਿੱਤ ਕੀਤੇ ਗਏ ਇਸ ਨਿਵੇਕਲੇ ਤੇ ਮੁਢਲੇ ਯਤਨ ਨੂੰ ਨੇਪਰੇ ਚਾੜ੍ਹਨ ਲਈ ਆਪਣਾ ਭਰਪੂਰ ਸਹਿਯੋਗ ਦੇਣ।
ਮੀਟਿੰਗ ‘ਚ ਹੋਰਨਾ ਤੋਂ ਇਲਾਵਾ ਪਰਗਟ ਸਿੰਘ ਜਾਮਾਰਾਏ (ਸੂਬਾ ਸਕੱਤਰ ਆਰ.ਐਮ.ਪੀ.ਆਈ.), ਮੈਡਮ ਹਰਵਿੰਦਰ ਕੌਰ (ਕੌਮੀ ਪ੍ਰਧਾਨ ਸਮਾਜਿਕ ਸੰਘਰਸ਼ ਪਾਰਟੀ), ਕੁਲਦੀਪ ਸਿੰਘ ਈਸਾਪੁਰੀ (ਕੌਮੀ ਵਾਇਸ ਪ੍ਰਧਾਨ ਬਹੁਜਨ ਮੁਕਤੀ ਪਾਰਟੀ), ਡਾਕਟਰ ਹਰਬੰਸ ਮਾਂਗਟ (ਸੀ.ਪੀ.ਆਈ. ਐਮ.ਐਲ.) ਤੇ ਕਿਰਨਜੀਤ ਸਿੰਘ ਸੇਖੋਂ (ਐਮ.ਸੀ.ਪੀ.ਆਈ.-ਯੂ) ਸ਼ਾਮਿਲ ਹੋਏ।