
ਜਲੰਧਰ: ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਦਰਸ਼ਨ ਨਾਹਰ ਦੀ ਪ੍ਰਧਾਨਗੀ ਹੇਠ ਸ਼ਹੀਦ ਸਰਵਨ ਸਿੰਘ ਚੀਮਾ ਭਵਨ ਜਲੰਧਰ ਵਿਖੇ ਹੋਈ।
ਮੀਟਿੰਗ ਦੇ ਫੈਸਲੇ ਨੂੰ ਪ੍ਰੈੱਸ ਜਾਰੀ ਕਰਦਿਆਂ ਸੂਬਾ ਜੁਆਇੰਟ ਸਕੱਤਰ ਬਲਦੇਵ ਸਿੰਘ ਨੂਰਪੁਰੀ ਤੇ ਵਿੱਤ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਮਨਰੇਗਾ ਕਾਨੂੰਨ ਨੂੰ ਖ਼ਤਮ ਕਰਕੇ ਵਿਕਸਤ ਭਾਰਤ ਜੀ ਰਾਮ ਜੀ ਕਾਨੂੰਨ ਬਣਾਉਣ, ਪ੍ਰਸਤਾਵਤ ਬਿਜਲੀ ਸੋਧ ਬਿੱਲ 2025 ਲਿਆਉਣ, ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਕੇ ਚਾਰ ਕੋਡ ਬਣਾਉਣ, ਪਬਲਿਕ ਸੈਕਟਰ ਦੇ ਅਦਾਰਿਆਂ ਦਾ ਨਿੱਜੀਕਰਨ ਵਿਰੁੱਧ ਅਤੇ ਹੱਕੀ ਤੇ ਜਾਇਜ਼ ਮੰਗਾਂ ਬੁਢਾਪਾ, ਵਿਧਵਾ ਅਤੇ ਅੰਗਹੀਣ ਪੈਨਸ਼ਨਾਂ ਪੰਜ ਹਜ਼ਾਰ ਰੁਪਏ ਕਰਨ, ਔਰਤਾਂ ਲਈ ਐਲਾਨ ਕੀਤਾ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ, ਬੇਘਰਿਆਂ ਨੂੰ 10 -10 ਮਰਲੇ ਦੇ ਪਲਾਟ ਤੇ ਮਕਾਨ ਬਣਾਉਣ ਲਈ 5 ਲੱਖ ਰੁਪਏ ਦੀ ਗਰਾਂਟ ਦੇਣ, ਮਜ਼ਦੂਰਾਂ ਸਿਰ ਚੜਿਆ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਮੁਆਫ਼ ਕਰਨ, ਜਨਤਕ ਵੰਡ ਪ੍ਰਣਾਲੀ ਰਾਹੀਂ ਸਰਕਾਰੀ ਡਿਪੂਆਂ ਤੋਂ ਰਸੋਈ ਵਿੱਚ ਵਰਤੀਆਂ ਜਾਣ ਵਾਲੀਆਂ ਵਸਤਾਂ ਸਸਤੇ ਭਾਅ ਤੇ ਮੁਹੱਈਆਂ ਕਰਵਾਉਣ ਅਤੇ ਲੋੜਵੰਦਾਂ ਦੇ ਕੱਟੇ ਰਾਸ਼ਨ ਕਾਰਡ ਬਹਾਲ ਕੀਤੇ, ਪੀਣ ਵਾਲੇ ਸਾਫ ਸੁਥਰੇ ਪਾਣੀ ਦਾ ਪ੍ਰਬੰਧ ਕਰਨ, ਸੰਘਰਸ਼ਾਂ ਦੌਰਾਨ ਮਜ਼ਦੂਰਾਂ ਕਿਸਾਨਾਂ ਤੇ ਬਣਾਏ ਸਾਰੇ ਕੇਸ ਖਤਮ ਕਰਨ, ਭੂਮੀ ਸੁਧਾਰ ਕਾਨੂੰਨ ਲਾਗੂ ਕਰਕੇ ਵਾਧੂ ਜ਼ਮੀਨ ਬੇਜ਼ਮੀਨੇ ਕਿਰਤੀਆਂ ਵਿੱਚ ਵੰਡਣ, ਪੰਚਾਇਤੀ ਜ਼ਮੀਨ ਵਿਚੋਂ ਤੀਸਰਾ ਹਿੱਸਾ ਸਮੁੱਚੇ ਐੱਸ. ਸੀ. ਭਾਈਚਾਰੇ ਨੂੰ ਘੱਟ ਰੇਟ ਤੇ ਦੇਣਾ ਯਕੀਨੀ ਬਣਾਉਣ ਆਦਿ ਦੀ ਪ੍ਰਾਪਤੀ ਲਈ 8 ਅਪਰੈਲ ਜਲੰਧਰ ਵਿੱਚ ਸੂਬਾ ਪੱਧਰੀ ਰੈਲੀ ਕਰਨ ਦਾ ਐਲਾਨ ਕੀਤਾ ਗਿਆ। ਜਿਸ ਦੀ ਤਿਆਰੀ ਲਈ 13 ਫਰਵਰੀ ਤੋਂ 10 ਮਾਰਚ ਤੱਕ ਜ਼ਿਲ੍ਹਿਆਂ ਵਿਚ ਜਨਰਲ ਬਾਡੀ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ 26 ਮਾਰਚ ਤੋਂ 31 ਮਾਰਚ ਤੱਕ ਸੁਮੱਚੇ ਪੰਜਾਬ ਅੰਦਰ ਜਥਾ ਮਾਰਚ ਕਰਕੇ ਸੂਬਾਈ ਰੈਲੀ ਦੀ ਤਿਆਰੀਆਂ ਕਰਨ ਲਈ ਮੁਹਿੰਮ ਤੇਜ਼ ਕਰਨ ਦਾ ਸੱਦਾ ਦਿੱਤਾ ਗਿਆ ਅਤੇ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਵਿੱਚ ਦਿਹਾਤੀ ਮਜ਼ਦੂਰ ਸਭਾ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੇਗੀ।
ਇਕ ਮਤੇ ਰਾਹੀਂ ਬਠਿੰਡਾ ਦੇ ਨੇੜਲੇ ਪਿੰਡ ਲਹਿਰਾ ਸੋਂਧਾ ਦੇ ਦਲਿਤ ਪਰਿਵਾਰ ਦੇ ਨੌਜਵਾਨ ਗੋਰਾ ਸਿੰਘ ਦੀ ਖੇਤ ‘ਚੋਂ ਗੰਨਾ ਪੁੱਟਣ ਕਰਕੇ ਖੇਤ ਮਾਲਕ ਵੱਲੋਂ ਕੀਤੀ ਕੁੱਟਮਾਰ ਕਰਨ ਹੋਈ ਦੁਖਦਾਈ ਮੌਤ ਤੇ ਅਫਸੋਸ ਪ੍ਰਗਟ ਕਰਦੇ ਹੋਏ ਦੋਸ਼ੀ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਅਤੇ ਕਿਸਾਨਾਂ ਉਪਰ ਕੀਤੇ ਲਾਠੀਚਾਰਜ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕੀਤੀ। ਮੀਟਿੰਗ ਦੇ ਆਰੰਭ ਵਿੱਚ ਪਿਛਲੇ ਦਿਨੀਂ ਵਿਛੋੜਾ ਦੇ ਸਾਥੀ ਪ੍ਰਿੰਸੀਪਲ ਪਿਆਰਾ ਸਿੰਘ ਹੁਸ਼ਿਆਰਪੁਰ, ਸਾਥੀ ਜਸਪਾਲ ਸਿੰਘ ਢਿੱਲੋਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।