
ਪਠਾਨਕੋਟ: ਜ਼ਿਲ੍ਹਾ ਪਠਾਨਕੋਟ ਅਧੀਨ ਥਾਣਾ ਤਾਰਾਗੜ੍ਹ, ਥਾਣਾ ਵੁਮੈਨ ਸੈਲ ਪਠਾਨਕੋਟ ਅਤੇ ਥਾਣਾ ਸੁਜਾਨਪੁਰ ਵਿੱਚ ਵੱਖ ਵੱਖ ਕੇਸਾਂ ਨਾਲ ਸਬੰਧਤ ਕੁਝ ਦਰਖਾਸਤਾਂ ਦੀ ਮਹੀਨਿਆਂ ਬਾਅਦ ਸੁਣਵਾਈ ਨਾ ਹੁੰਦੀ ਦੇਖ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਜ਼ਿਲ੍ਹਾ ਪਠਾਨਕੋਟ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਅੱਜ ਐੱਸ ਐੱਸ ਪੀ ਦਫ਼ਤਰ ਪਠਾਨਕੋਟ ਸੈਕੜੇ ਔਰਤਾਂ ਮਰਦਾਂ ਵਲੋੰ ਵਿਸ਼ਾਲ ਧਰਨਾ ਦਿੱਤਾ ਗਿਆ। ਐੱਸ ਪੀ ਹੈਡਕੁਆਰਟਰ ਮਨੋਜ ਠਾਕੁਰ ਅਤੇ ਹੋਰ ਅਧਿਕਾਰੀਆਂ ਨੇ ਸਾਰੇ ਕੇਸਾਂ ਨਾਲ ਸਬੰਧਤ ਵਿਆਕਤੀਆਂ ਤੇ ਆਗੂਆਂ ਦੀ ਗੱਲਬਾਤ ਸੁਨਣ ਉਪਰੰਤ ਭਰੋਸਾ ਦਿਵਾਇਆ ਕਿ ਫੌਰੀ ਤੌਰ ਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਪੀੜ੍ਹਤ ਪਰਿਵਾਰਾਂ ਨੂੰ ਇਨਸਾਫ ਦਿੱਤਾ ਜਾਏਗਾ। ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਅਤੇ ਜ਼ਿਲ੍ਹਾ ਪ੍ਰਧਾਨ ਸ਼ਿਵ ਪਠਾਨਕੋਟ ਨੇ ਦੱਸਿਆ ਕਿ ਪਿੰਡ ਭਰਿਆਲ ਲਾਹੜੀ ਵਿਖੇ ਕੂੜਾ-ਕਰਕਟ ਸੁਟਣ ਲਈ ਅਲਾਟ ਹੋਏ ਗੜਿਆਂ ਤੇ ਨਜਾਇਜ਼ ਕਬਜਾ ਕਰਨ ਤੇ ਜਾਨੋ ਮਾਰਨ ਕੁੱਟਣ ਦੀਆਂ ਧਮਕੀਆਂ ਵਿਰੁੱਧ ਬਲਕਾਰ ਚੰਦ ਭਰਿਆਲ ਲਾਹੜੀ ਨੇ 15 ਨਵੰਬਰ 2025 ਨੂੰ ਥਾਣਾ ਤਾਰਾਗੜ੍ਹ ਇੱਕ ਦਰਖਾਸਤ ਦਿੱਤੀ ਸੀ, ਇੱਕ ਔਰਤ ਵੱਲੋਂ 12 ਸਤੰਬਰ 2025 ਨੂੰ ਵੁਮੈਨ ਸੈਲ ਪਠਾਨਕੋਟ ਵਿਖੇ ਕੁਝ ਵਿਆਕਤੀਆਂ ਵਿਰੁੱਧ ਛੇੜਛਾੜ ਤੇ ਤੰਗ ਪ੍ਰੇਸ਼ਾਨ ਸਬੰਧੀ ਦਰਖਾਸਤ ਦਿੱਤੀ ਸੀ, ਪੰਜ ਮਹੀਨੇ ਹੋ ਗਏ ਹਨ ਪਰ ਅੱਜ ਤਕ ਸੁਣਵਾਈ ਨਹੀਂ ਹੋਈ ਅਤੇ ਕਾਮਰੇਡ ਮੁਖਤਿਆਰ ਚੰਦ ਵਾਸੀ ਸੁਜਾਨਪੁਰ ਨੇ 13 ਜਨਵਰੀ 2026 ਨੂੰ ਥਾਣਾ ਸੁਜਾਨਪੁਰ ਵਿਖੇ ਆਪਣੇ ਨਾਲ ਹੋਈ ਜਿਆਤੀ ਸਬੰਧੀ ਰਪਟ ਦਰਜ ਕਰਾਈ ਪਰ ਕਿਸੇ ਪੁਲਿਸ ਅਧਿਕਾਰੀ ਦੋਸ਼ੀ ਨੂੰ ਪੁਛਿਆ ਤੱਕ ਨਹੀਂ। ਇਨਸਾਫ ਦੀ ਮੰਗ ਨੂੰ ਲੈ ਕੇ ਅੱਜ ਆਰ ਐਮ ਪੀ ਆਈ ਵਲੋਂ ਪੁਲਿਸ ਜ਼ਿਲਾ ਹੈਡਕੁਆਰਟਰ ਪਠਾਨਕੋਟ ਵਿਖੇ ਧਰਨਾ-ਪ੍ਰਦਰਸ਼ਨ ਕਰਨਾ ਪਿਆ। ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪਠਾਨਕੋਟ ਗੁਰਦਾਸਪੁਰ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਨੱਥਾ ਸਿੰਘ ਢਡਵਾਲ, ਪ੍ਰਧਾਨ ਕਾਮਰੇਡ ਸ਼ਿਵ ਕੁਮਾਰ ਅਤੇ ਪਠਾਨਕੋਟ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਸੁਭਾਸ਼ ਸ਼ਰਮਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਕੱਟੜ ਇਮਾਨਦਾਰ ਝਾੜੂ ਸਰਕਾਰ ਦੇ ਆਗੂ, ਮੰਤਰੀ ਤੇ ਵਿਧਾਇਕਾਂ ਨੇ ਲੋਕਾਂ ਨੂੰ ਘਰ ਘਰ ਪਹੁੰਚ ਕੇ ਇਨਸਾਫ ਦੇਵੇਗੀ, ਮਾਈਨਿੰਗ ਤੇ ਨਸ਼ਾ ਮਾਫੀਆ ਰਾਜ ਦਾ ਖਾਤਮਾ ਕਰੇਗੀ, ਰਿਸ਼ਵਤ ਤੇ ਜੀਰੋ ਟਾਲਰੈਂਸ ਆਦਿ ਦੇ ਬੜੇ ਦਮਗਜ਼ੇ ਮਾਰੇ ਸਨ ਪਰ ਹਕੀਕਤ ਵਿਚ ਬਿਲਕੁਲ ਉਲਟ, ਭਗਵੰਤ ਮਾਨ ਸਰਕਾਰ ਦੀ ਸਹਿ ਪ੍ਰਾਪਤ ਸਿਆਸੀ ਦਬਾਅ ਹੇਠ ਸਧਾਰਨ ਲੋਕਾਂ ਦੀ ਬਿਲਕੁਲ ਸੁਣਵਾਈ ਨਹੀਂ ਹੋ ਰਹੀ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਜਰੂਰਤ ਪੈਣ ਤੇ ਆਰ ਐਮ ਪੀ ਆਈ ਵੱਲੋਂ ਜ਼ਿਲ੍ਹਾ ਹੈਡਕੁਆਰਟਰ ਪਠਾਨਕੋਟ ਵਿਖੇ ਪੱਕਾ ਧਰਨਾ ਵੀ ਲਾਇਆ ਜਾਵੇਗਾ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਕਾਮਰੇਡ ਰਘਬੀਰ ਸਿੰਘ ਧਲੌਰੀਆਂ, ਬਲਦੇਵ ਰਾਜ ਭੋਆ, ਬਲਵਿੰਦਰ ਕੁਮਾਰ ਸੁਜਾਨਪੁਰ, ਪ੍ਰਵੀਨ ਕੁਮਾਰ ਬਮਿਆਲ, ਨਰਿੰਜਣ ਸਿੰਘ ਢਡਵਾਲ, ਬਲਕਾਰ ਚੰਦ ਭਰਿਆਲ ਲਾਹੜੀ, ਸਕੱਤਰ ਸਿੰਘ, ਅਜੀਤ ਰਾਮ ਗੰਦਲਾਂ ਲਾਹੜੀ, ਰਾਮ ਬਿਲਾਸ ਠਾਕੁਰ, ਯਸਪਾਲ, ਜਨਕ ਰਾਜ, ਸੁਖਦੇਵ ਸਿੰਘ, ਨਰੇਸ਼ ਕੁਮਾਰ ਖੋਜਕੀਚੱਕ, ਰਣਜੀਤ ਸਿੰਘ, ਰਛਪਾਲ ਸਿੰਘ ਮੁਦਾਰਪੁਰ ਅਤੇ ਹੋਰ ਹਾਜ਼ਰ ਆਗੂਆਂ ਦੀ ਅਗਵਾਈ ਹੇਠ ਧਰਨਾ-ਪ੍ਰਦਰਸ਼ਨ ਜਥੇਬੰਦ ਕੀਤਾ ਤੇ ਸੰਬੋਧਨ ਵਿੱਚ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਢਿੱਲਮੱਠ ਕਾਰਵਾਈ ਦੀ ਅਲੋਚਨਾ ਕੀਤੀ। ਐੱਸ ਪੀ ਹੈਡਕੁਆਰਟਰ ਤੇ ਹੋਰ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ।