
ਪਟਿਆਲਾ: ਸੰਯੁਕਤ ਕਿਸਾਨ ਮੋਰਚਾ ਪਟਿਆਲਾ ਵਲੋਂ ਗਣਤੰਤਰ ਦਿਵਸ ‘ਤੇ ਪੁੱਡਾ ਗਰਾਊਂਡ ਵਿਚ ਇਕੱਠੇ ਹੋਣ ਉਪਰੰਤ ਸ਼ਹਿਰ ਵਿਚ ਟਰੈਕਟਰ, ਜੀਪਾਂ, ਕਾਰਾਂ ਤੇ ਮੋਟਰਸਾਇਕਲਾਂ ਦੇ ਵੱਡੇ ਕਾਫਲੇ ਨਾਲ ਕਿਸਾਨੀ ਤੇ ਲੋਕਾਂ ਦੀਆਂ ਮੰਗਾਂ ਨੂੰ ਉਭਾਰਦੇ ਹੋਏ ਮਾਰਚ ਕੀਤਾ ਗਿਆ। ਮਾਰਚ ਦੀ ਅਗਵਾਈ ਬਲਰਾਜ ਜੋਸ਼ੀ, ਸੁਰਜੀਤ ਸਿੰਘ ਲਚਕਾਣੀ, ਸੁਖਵਿੰਦਰ ਤੁੱਲੇਵਾਲ, ਦਰਸ਼ਨ ਬੇਲੂਮਾਜਰਾ, ਦਵਿੰਦਰ ਸਿੰਘ ਪੂਨੀਆ, ਜੈ ਰਾਮ ਭਾਨਰਾ ਵਲੋਂ ਸਾਂਝੇ ਤੌਰ ’ਤੇ ਕੀਤੀ ਗਈ।
ਇਸ ਮੌਕੇ ਮਾਰਚ ਕਰਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਦੇ ਨਾਲ ਹੀ ਬਿਜਲੀ ਬਿਲ, ਬੀਜ ਬਿਲ, ਚਾਰ ਲੇਬਰ ਕੋਡ, ਮਗਨਰੇਗਾ ਸੋਧ ਕਾਨੂੰਨ ਦੀ ਵਾਪਸ ਕਰਨ ਲਈ ਕੇਂਦਰ ਸਰਕਾਰ ਨੂੰ ਵੰਗਾਰਿਆ ਗਿਆ। ਕਿਸਾਨ ਆਗੂਆਂ ਵਲੋਂ ਐੱਮ ਐੱਸ ਪੀ ਦੀ ਕਾਨੂੰਨਨ ਗਾਰੰਟੀ , ਫਸਲੀ ਬੀਮਾ ਯੋਜਨਾ ਲਾਗੂ ਕਰਨ, ਕਿਸਾਨਾਂ ਤੇ ਪਾਏ ਫਰਜ਼ੀ ਕੇਸਾਂ ਨੂੰ ਰੱਦ ਕਰਨਾ ਅਤੇ ਕਿਸਾਨਾਂ ਦੇ ਕਾਤਲਾਂ ਨੂੰ ਤੁਰੰਤ ਸਜ਼ਾਵਾਂ ਦੇਣ ਲਈ ਇਨਸਾਫ ਦੀ ਮੰਗ ਵੀ ਕੀਤੀ ਗਈ।
ਇਸ ਮੌਕੇ ਹੋਰਨਾਂ ਕਿਸਾਨ ਆਗੂਆਂ ਤੋਂ ਇਲਾਵਾ ਹਰਭਗਵਾਨ ਸਿੰਘ, ਅਵਤਾਰ ਫੱਗਣਮਾਜਰਾ, ਸੁਰਿੰਦਰ ਸਿੰਘ ਖਾਲਸਾ, ਗੁਰਦਰਸ਼ਨ ਸਿੰਘ, ਧੰਨਾ ਸਿੰਘ ਦੋਣ ਕਲਾਂ, ਹਰਮਨਦੀਪ ਸਿੰਘ ਨੰਦਪੁਰ ਕੇਸ਼ੋ ਆਦਿ ਕਿਸਾਨ ਆਗੂ ਸ਼ਾਮਲ ਹੋਏ।