
ਜਲੰਧਰ: ‘ਜਨਤਕ ਜਥੇਬੰਦੀਆਂ ਦਾ ਸਾਂਝਾ ਮੰਚ (ਜੇ.ਪੀ.ਐੱਮ.ਓ.) ਆਉਣ ਵਾਲੀ 16 ਜਨਵਰੀ ਨੂੰ ਜ਼ਿਲ੍ਹਾ ਕੇਂਦਰਾਂ ‘ਤੇ ਕੀਤੇ ਜਾ ਰਹੇ ਰੋਸ ਧਰਨਿਆਂ ‘ਚ ਪੂਰੀ ਸ਼ਕਤੀ ਨਾਲ ਸ਼ਾਮਲ ਹੋਵੇਗਾ। ਉੱਘੇ ਮੁਲਾਜ਼ਮ ਆਗੂ ਸਾਥੀ ਤੀਰਥ ਸਿੰਘ ਬਾਸੀ ਨੇ ਸੀਟੀਯੂ ਪੰਜਾਬ ਦੇ ਜਨਰਲ ਸਕੱਤਰ ਨੱਥਾ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਦਰਸ਼ਨ ਨਾਹਰ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਪਸਸਫ (1406-22 ਬੀ ਚੰਡੀਗੜ੍ਹ) ਦੇ ਪ੍ਰਧਾਨ ਸਤੀਸ਼ ਰਾਣਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ (ਐੱਸ.ਬੀ.ਵਾਈ.ਐਫ.) ਦੇ ਜਨਰਲ ਸਕੱਤਰ ਧਰਮਿੰਦਰ ਸਿੰਘ, ਐੱਨ.ਆਰ.ਐੱਮ.ਯੂ. ਦੀ ਫਿਰੋਜ਼ਪੁਰ ਡਿਵੀਜਨ ਦੇ ਸਕੱਤਰ ਸ਼ਿਵ ਦੱਤ ਸ਼ਰਮਾ, ਔਰਤ ਮੁਕਤੀ ਮੋਰਚਾ ਪੰਜਾਬ ਦੀ ਸਰਪ੍ਰਸਤ ਡਾ. ਰਘਬੀਰ ਕੌਰ, ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐੱਸ.ਐੱਫ.) ਦੇ ਸੂਬਾ ਕਨਵੀਨਰ ਗਗਨਦੀਪ, ਟੈਕਨੀਕਲ ਸਰਵਿਸ ਯੂਨੀਅਨ (ਵਿਗਿਆਨਕ ਧੜਾ) ਦੇ ਆਗੂ ਜਗਤਾਰ ਸਿੰਘ ਉੱਪਲ ਵਲੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਯਾਦ ਰਹੇ, ਉਕਤ ਜਿਲ੍ਹਾ ਪੱਧਰੀ ਰੋਸ ਧਰਨਿਆਂ ਦਾ ਸੱਦਾ ‘ਸੰਯੁਕਤ ਕਿਸਾਨ ਮੋਰਚਾ’, ‘ਕੇਂਦਰੀ ਟ੍ਰੇਡ ਯੂਨੀਅਨਾਂ, ਸੈਕਟੋਰੀਅਲ ਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਸਾਂਝੇ ਮੰਚ’ ਅਤੇ ‘ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੰਚ’ ਵਲੋਂ ਦਿੱਤਾ ਗਿਆ ਹੈ। ਸੂਬੇ ਦੀਆਂ 90 ਤੋਂ ਵੱਧ ਜਨਤਕ ਜਥੇਬੰਦੀਆਂ ਨੇ ਉਕਤ ਸੱਦਾ ਪੂਰੀ ਤਨਦੇਹੀ ਨਾਲ ਲਾਗੂ ਕਰਨ ਦਾ ਨਿਰਣਾ ਲਿਆ ਹੈ।
ਸ਼੍ਰੀ ਬਾਸੀ ਨੇ ਦੱਸਿਆ ਹੈ ਕਿ ਮੰਚ ਦੇ ਭਾਈਵਾਲ ਸੰਗਠਨ ਸੂਬੇ ਦੀ ਭਗਵੰਤ ਮਾਨ ਸਰਕਾਰ ਦੀ ਨਖਿੱਧ ਪ੍ਰਸ਼ਾਸਨਿਕ ਕਾਰਗੁਜਾਰੀ ਅਤੇ ਭ੍ਰਿਸ਼ਟ ਆਚਰਨ ਬਾਰੇ ਸਵਾਲ ਚੁੱਕਣ ਵਾਲੇ ਪੱਤਰਕਾਰਾਂ ਤੇ ਸੂਚਨਾ ਅਧਿਕਾਰ ਕਾਰਕੁੰਨਾਂ ਖਿਲਾਫ਼ ਦਰਜ ਕੀਤੇ ਗਏ ਮੁਕੱਦਮਿਆਂ ਖਿਲਾਫ 24 ਜਨਵਰੀ ਨੂੰ ਬਠਿੰਡਾ ਵਿਖੇ ਕੀਤੇ ਜਾ ਰਹੇ ਸਾਂਝੇ ਜੋਨਲ ਇਕੱਠ ‘ਚ ਵੀ ਵਧ-ਚੜ੍ਹ ਕੇ ਸ਼ਾਮਲ ਹੋਣਗੇ।