
ਬਾਬਾ ਬਕਾਲਾ ਸਾਹਿਬ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਅਤੇ ਦਿਹਾਤੀ ਮਜ਼ਦੂਰ ਸਭਾ ਦੇ ਸਰਗਰਮ ਆਗੂ ਸਾਥੀ ਬਲਵੰਤ ਸਿੰਘ ਸੁਧਾਰ ਪਿਛਲੀ ਪੰਜ ਸਤੰਬਰ ਨੂੰ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦਾ ਅੰਤਿਮ ਸਸਕਾਰ ਅੱਜ ਉਹਨਾਂ ਦੇ ਜੱਦੀ ਪਿੰਡ ਸੁਧਾਰ ਰਾਜਪੂਤਾਂ ਵਿਖੇ ਕੀਤਾ ਗਿਆ।
ਇਸ ਸਮੇਂ ਪਾਰਟੀ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਸਰਵ ਸਾਥੀ ਅਮਰੀਕ ਸਿੰਘ ਦਾਊਦ, ਗੁਰਨਾਮ ਸਿੰਘ ਭਿੰਡਰ, ਹਰਪ੍ਰੀਤ ਸਿੰਘ ਬਟਾਰੀ, ਰਸ਼ਪਾਲ ਸਿੰਘ ਬਟਾਰੀ, ਹਰਭਜਨ ਸਿੰਘ ਫੇਰੂਮਾਨ, ਬਲਰਾਜ ਸਿੰਘ ਸੁਧਾਰ, ਸਾਬਕਾ ਸਰਪੰਚ ਗੁਰਮੁਖ ਸਿੰਘ ਸੁਧਾਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
ਪਾਰਟੀ ਆਗੂਆਂ ਨੇ ਸਾਥੀ ਬਲਵੰਤ ਸਿੰਘ ਸੁਧਾਰ ਦੀ ਮ੍ਰਿਤਕ ਦੇਹ ਉੱਪਰ ਮਜ਼ਦੂਰ ਜਮਾਤ ਦੀ ਬੰਦ ਖਲਾਸੀ ਦਾ ਪ੍ਰਤੀਕ ਲਾਲ ਪਰਚਮ ਪਾਇਆ।
ਇਸ ਮੌਕੇ ਪਾਰਟੀ ਦੇ ਸੂਬਾਈ ਕਮੇਟੀ ਮੈਂਬਰ ਸਾਥੀ ਅਮਰੀਕ ਸਿੰਘ ਦਾਊਦ ਨੇ ਕਿਹਾ ਕਿ ਬਲਵੰਤ ਸਿੰਘ ਸਮਾਜਿਕ ਨਾ ਬਰਾਬਰੀ ਖਿਲਾਫ ਲੜਨ ਵਾਲਾ ਅਣਥੱਕ ਯੋਧਾ ਸੀ ਅਤੇ ਉਸਨੇ ਪਾਰਟੀ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਸੰਘਰਸ਼ ਵਿੱਚ ਆਗੂ ਰੋਲ ਨਿਭਾਉਣ ਦੇ ਨਾਲ ਨਾਲ ਕਿਸਾਨ ਸੰਘਰਸ਼ ਵਿੱਚ ਵੱਡਾ ਰੋਲ ਨਿਭਾਇਆ। ਪਾਰਟੀ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਵਿਛੜੇ ਸਾਥੀ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਦਾ ਪ੍ਰਣ ਲੈਂਦਿਆਂ ਕਿਹਾ ਕਿ ਪਾਰਟੀ ਹਮੇਸ਼ਾ ਪਰਿਵਾਰ ਦੇ ਅੰਗ ਸੰਗ ਰਹੇਗੀ। ਜ਼ਿਕਰ ਯੋਗ ਹੈ ਕਿ ਸਾਥੀ ਬਲਵੰਤ ਸਿੰਘ ਦੀ ਹਰਮਨ ਪਿਆਰਤਾ ਇਸ ਕਦਰ ਸੀ ਪਿੰਡ ਅਤੇ ਇਲਾਕੇ ਦੇ ਵੱਡੀ ਗਿਣਤੀ ਵਿੱਚ ਹਾਜ਼ਰ ਲੋਕ ਬਹੁਤ ਗਮਗੀਨ ਸਨ।