
ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵਲੋਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਤੇ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਦੀ ਅਗਵਾਈ ਹੇਠ ਇੱਥੋਂ ਦੇ ਦੇਸ਼ ਭਗਤ ਯਾਦਗਾਰ ਤੋਂ ਲੈ ਕੇ ਬੀਐੱਮਸੀ ਚੌਂਕ ਤੱਕ ਰੋਸ ਮੁਜ਼ਾਹਰਾ ਕੀਤਾ ਗਿਆ।
ਅਮਰੀਕੀ ਸਾਮਰਾਜ ਵਲੋਂ ਆਜ਼ਾਦ ਤੇ ਖੁਦ ਮੁਖਤਿਆਰ ਦੇਸ਼ ਵੇਨਜ਼ੁਏਲਾ ‘ਤੇ ਧਾੜਵੀ ਹਮਲਾ ਕਰਕੇ ਸੈਂਕੜੇ ਨਿਰਦੋਸ਼ਾਂ ਨੂੰ ਮਾਰ ਮਕਾਉਣ ਅਤੇ ਦੇਸ਼ ਦੇ ਚੁਣੇ ਹੋਏ ਰਾਸ਼ਟਰਪਤੀ ਤੇ ਉਸ ਦੀ ਪਤਨੀ ਨੂੰ ਅਗਵਾ ਕਰ ਲੈਣ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਕੀਤੇ ਗਏ ਇਸ ਮੁਜ਼ਾਹਰੇ ‘ਚ ਨਾਮਵਰ ਬੁੱਧੀਜੀਵੀ ਸਤਨਾਮ ਚਾਨਾ, ਡਾਕਟਰ ਤੇਜਿੰਦਰ ਵਿਰਲੀ ਤੇ ਦੇਵ ਰਾਜ ਨਈਅਰ ਵੀ ਸ਼ਾਮਲ ਹੋਏ।
ਇਸ ਮੌਕੇ ਚੁਣਵੇਂ ਪੱਤਰਕਾਰਾਂ ਨੂੰ ਮੁਖਾਤਿਬ ਹੁੰਦਿਆਂ ਸਾਥੀ ਪਾਸਲਾ ਤੇ ਜਾਮਾਰਾਏ ਨੇ ਕਿਹਾ ਕਿ ਵੇਨਜ਼ੁਏਲਾ ਦੇ ਸਦਰ ‘ਤੇ ਨਸ਼ਾ ਤਸਕਰੀ ‘ਚ ਸ਼ਾਮਲ ਹੋਣ ਦਾ ਝੂਠਾ ਦੋਸ਼ ਮੜ੍ਹ ਕੇ ਕੀਤਾ ਗਿਆ ਹਮਲਾ, ਦਰਅਸਲ ਇਸ ਦੇਸ਼ ਦੇ ਵਿਸ਼ਾਲ ਤੇ ਬੇਸ਼ਕੀਮਤੀ ਤੇਲ ਭੰਡਾਰ ਅਤੇ ਹੋਰ ਕੁਦਰਤੀ ਵਸੀਲਿਆਂ ‘ਤੇ ਕਬਜ਼ਾ ਜਮਾਉਣ ਦੀ ਅਮਰੀਕੀ ਪ੍ਰਸ਼ਾਸ਼ਨ ਦੀ ਚਿਰੋਕਣੀ ਸਾਜ਼ਿਸ਼ ਦਾ ਹਿੱਸਾ ਹੈ।
ਉਨ੍ਹਾਂ ਕਿਹਾ ਕਿ ਇਹ ਯੂਐੱਨਓ ਦੇ ਚਾਰਟਰ ਅਤੇ ਕੌਮਾਂਤਰੀ ਸੰਧੀਆਂ ਦੀ ਸਰਾਸਰ ਉਲੰਘਣਾ ਹੈ। ਇਸ ਕਰਕੇ ਅਮਰੀਕਾ ਦੀ ਵਿਸ਼ਵ ਭਰ ਦੇ ਨਿਆਂ ਪਸੰਦ ਲੋਕਾਂ ਵਲੋਂ ਘੋਰ ਨਿੰਦਾ ਕੀਤੀ ਜਾ ਰਹੀ ਹੈ। ਪਰ ਬੇਹਯਾ ਟਰੰਪ ਆਪਣੇ ਅੰਦਰੂਨੀ ਸੰਕਟ ਦੇ ਹੱਲ ਲਈ ਵਿਸ਼ਵੀ ਲੋਕ ਰਾਏ ਦੀ ਜਾਣ-ਬੁੱਝ ਕੇ ਅਣਦੇਖੀ ਕਰੀ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਇਕ ਹੋਰ ਆਲਮੀ ਜੰਗ ਛੇੜੇ ਜਾਣ ਤੋਂ ਬਚਣ ਲਈ ਅਮਨ ਪਸੰਦ ਲੋਕਾਂ ਨੂੰ ਅਮਰੀਕਾ ਖਿਲਾਫ਼ ਹੋਰ ਤਕੜਾ ਤੇ ਫੈਸਲਾਕੁੰਨ ਪ੍ਰਤੀਰੋਧ ਉਸਾਰਨ ਵੱਲ ਵਧਣਾ ਚਾਹੀਦਾ ਹੈ। ਪਾਸਲਾ ਅਤੇ ਜਾਮਾਰਾਏ ਨੇ ਐਲਾਨ ਕੀਤਾ ਹੈ ਕਿ ਅਮਰੀਕੀ ਧੌਂਸ ਅਤੇ ਪਸਾਰਵਾਦੀ ਨੀਤੀ ਖ਼ਿਲਾਫ਼ ਰੋਸ ਪ੍ਰਦਰਸ਼ਨ ਨਿਰੰਤਰ ਜਾਰੀ ਰੱਖੇ ਜਾਣਗੇ।
ਮੁਜ਼ਾਹਰਾਕਾਰੀਆਂ ਨੇ ਆਕਾਸ਼ ਗੂੰਜਾਊ ਨਾਹਰਿਆਂ ਰਾਹੀਂ ਵੈਨਜ਼ੁਏਲਾ ‘ਚੋਂ ਅਮਰੀਕੀ ਫੌਜਾਂ ਤੇ ਹੋਰ ਅਧਿਕਾਰੀਆਂ ਦੀ ਫੌਰੀ ਰੁਖਸਤਗੀ ਅਤੇ ਦੇਸ਼ ਦੇ ਸਦਰ ਤੇ ਉਨ੍ਹਾਂ ਦੀ ਪਤਨੀ ਨੂੰ ਫੌਰੀ ਰਿਹਾ ਕਰਨ ਦੀ ਜ਼ੋਰਦਾਰ ਮੰਗ ਕੀਤੀ। ਉਨ੍ਹਾਂ ਨੇ ਆਪਣੇ ਹੱਥਾਂ ‘ਚ ਟਰੰਪ ਦੇ ਇਸ ਕਾਰੇ ਦਾ ਵਿਰੋਧ ਕਰਦੀਆਂ ਤਖ਼ਤੀਆਂ ਵੀ ਫੜ੍ਹੀਆਂ ਹੋਈਆਂ ਸਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ ਸੰਧੂ, ਡਾਕਟਰ ਸਤਨਾਮ ਸਿੰਘ ਅਜਨਾਲਾ, ਰਘਬੀਰ ਸਿੰਘ ਬੈਨੀਪਾਲ, ਮੋਹਨ ਸਿੰਘ ਧਮਾਣਾ, ਗੁਰਦਰਸ਼ਨ ਬੀਕਾ, ਹਰੀਮੁਨੀ ਸਿੰਘ ਤੇ ਬਲਦੇਵ ਸਿੰਘ ਨੂਰਪੁਰੀ ਵੀ ਮੌਜੂਦ ਸਨ।