
ਅਜਨਾਲਾ: ਲੋਕ ਵਿਰੋਧੀ ਬੀਜੇਪੀ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਆਮ ਲੋਕਾਂ ਦੀ ਜ਼ਿੰਦਗੀ ਚ ਹਨੇਰਾ ਲਿਆਉਣ ਵਾਲਾ ਕਾਲਾ ਬਿਜਲੀ ਬਿੱਲ 2025 ਤੇ ਖੇਤੀ ਵਿਰੋਧੀ ਬੀਜ ਬਿੱਲ 2025 ਨੂੰ ਵਾਪਿਸ ਕਰਵਾਉਣ ਅਤੇ ਮਨਰੇਗਾ ਸਕੀਮ ਉੱਪਰ ਬੁਲਡੋਜ਼ਰ ਫੇਰਨ ਵਿਰੁੱਧ ਤੇ ਮਜ਼ਦੂਰਾਂ ਖਿਲਾਫ ਚਾਰ ਕੋਡਾਂ ਨੂੰ ਰੱਦ ਕਰਾਉਣ ਅਤੇ ਆਰ ਐੱਸ ਐੱਸ – ਬੀਜੇਪੀ ਦੀ ਮੋਦੀ ਸਰਕਾਰ ਦੇ ਲੋਕ ਵਿਰੋਧੀ ਫਿਰਕੂ – ਫਾਸ਼ੀਵਾਦੀ ਏਜੰਡੇ ਨੂੰ ਭਾਜ ਦੇਣ ਵਾਸਤੇ ਲੋਕ ਲਹਿਰ ਪ੍ਰਚੰਡ ਕਰਨ ਹਿੱਤ ਪਿੰਡ ਲਾਲਵਾਲਾ ਚ ਕੁਲਦੀਪ ਸਿੰਘ, ਤਲਵੰਡੀ ਰਾਏ ਦਾਦੂ ਵਿਖੇ ਚਰਨਜੀਤ ਸਿੰਘ, ਤੇੜਾਂ ਰਾਜਪੂਤਾਂ ਚ ਸਾਬਕਾ ਸਰਪੰਚ ਲਖਬੀਰ ਸਿੰਘ ਤੇੜਾਂ ਤੇ ਪਿੰਡ ਸਰਾਂ ਵਿਚ ਕੁਲਵਿੰਦਰ ਸਿੰਘ ਹੋਣਾ ਦੀ ਅਗਵਾਈ ਚ ਪ੍ਰਭਾਵਸ਼ਾਲੀ ਮੀਟਿੰਗਾਂ ਕੀਤੀਆਂ ਗਈਆਂ।
ਇਹਨਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ, ਪ੍ਰਧਾਨ ਲਖਬੀਰ ਸਿੰਘ ਤੇੜਾਂ ਤੇ ਕੁਲਦੀਪ ਸਿੰਘ ਅਜਨਾਲਾ ਨੇ ਦੱਸਿਆ ਕਿ ਜੇਕਰ ਅਜਿਹੇ ਕਾਲੇ ਬਿੱਲ ਕਨੂੰਨ ਬਣ ਜਾਂਦੇ ਹਨ ਤਾਂ ਸਾਨੂੰ ਫਿਰ ਤੇਲ ਵਾਲੇ ਦੀਵੇ ਜਗਾਉਣ ਪੈਣਗੇ ਕਿਉਂਕਿ ਬਿਜਲੀ ਬਹੁਤ ਮਹਿੰਗੀ ਹੋ ਜਾਵੇਗੀ, ਬੀਜ ਬਿੱਲ ਪਾਸ ਹੋਣ ਨਾਲ ਸਾਡੀ ਸਮੁੱਚੀ ਖੇਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਵੇਗੀ। ਇਹਨਾਂ ਆਗੂਆਂ ਨੇ ਅੱਗੇ ਦੱਸਿਆ ਕਿ ਪਿੰਡਾਂ ਵਿਚ ਪਹਿਲਾਂ ਹੀ ਰੁਜ਼ਗਾਰ ਦੇ ਕੋਈ ਸਾਧਨ ਨਹੀਂ ਹਨ ਜਿਹੜਾ ਮਾੜਾ ਮੋਟਾ ਟੁੱਟਵੇਂ ਰੂਪ ਚ ਮਨਰੇਗਾ ਤੋਂ ਮਿਲਦਾ ਸੀ ਉਹ ਵੀ ਜਾਂਦਾ ਰਹੇਗਾ, ਮਜ਼ਦੂਰਾਂ ਵਲੋਂ ਜਿਹੜਾ ਸੌ ਸਾਲਾਂ ਦੇ ਘੋਲ ਨਾਲ ਮਜ਼ਦੂਰ ਪੱਖੀਂ 44 ਕਨੂੰਨ ਬਣਾਏ ਸਨ ਉਹ ਮੋਦੀ ਸਰਕਾਰ ਵੱਲੋਂ ਖਤਮ ਕਰਨ ਨਾਲ ਤੇ ਮਜ਼ਦੂਰਾਂ ਵਿਰੋਧੀ ਚਾਰ ਲੇਬਰ ਕੋਡਾਂ ਲਾਗੂ ਹੋਣ ਨਾਲ ਮਜ਼ਦੂਰਾਂ ਦੀ ਦਿਹਾੜੀ 12 ਘੰਟੇ ਹੋ ਜਾਵੇਗੀ। ਅਜਿਹਾ ਵਾਪਰਨ ਨਾਲ ਮਜ਼ਦੂਰਾਂ ਦੀ ਜ਼ਿੰਦਗੀ ਤਬਾਹ ਹੋ ਜਾਵੇਗੀ।
ਉਹਨਾਂ ਹੋਕਾ ਦਿੱਤਾ ਕਿ ਕੇਂਦਰ ਸਰਕਾਰ ਦੇ ਇਹਨਾਂ ਹਮਲਿਆਂ ਖਿਲਾਫ ਮੈਦਾਨ ਵਿੱਚ ਨਿੱਤਰੋ। ਇਹਨਾਂ ਮੀਟਿੰਗਾਂ ਵਿੱਚ ਹੋਰਨਾਂ ਤੋਂ ਇਲਾਵਾ ਨੰਬਰਦਾਰ ਗੁਰਜਿੰਦਰ ਸਿੰਘ ਸਰਾਂ, ਅਮਰਜੀਤ ਕੌਰ ਤੇ ਅਮਰੀਕ ਕੌਰ ਲਾਲਵਾਲਾ, ਰਸ਼ਪਾਲ ਸਿੰਘ ਤਲਵੰਡੀ , ਮਨਜੀਤ ਕੌਰ -ਬਲਵਿੰਦਰ ਕੌਰ ਜਸਪ੍ਰੀਤ ਕੌਰ ਸਰਾਂ, ਪ੍ਰਗਟ ਸਿੰਘ, ਨਵਦੀਪ ਕੌਰ ਆਦਿ ਨੇ ਵੀ ਹਿੱਸਾ ਲਿਆ।