
ਜਲੰਧਰ: “ਆਰ.ਐੱਸ.ਐੱਸ. ਦੀ ਸੇਧ ਅਨੁਸਾਰ ਰਾਜ-ਭਾਗ ਚਲਾ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਦੀ ਮੋਦੀ ਸਰਕਾਰ ਨੇ ਗੁਰਬਤ ਮਾਰੇ ਬੇਜ਼ਮੀਨੇ-ਸਾਧਨਹੀਣ ਪੇਂਡੂ ਕਿਰਤੀ ਪਰਿਵਾਰਾਂ ਨੂੰ ਸੀਮਤ ਦਿਨਾਂ ਲਈ ਗਰੰਟੀਸ਼ੁਦਾ ਰੁਜ਼ਗਾਰ ਦਿੰਦੇ ਮਨਰੇਗਾ ਕਾਨੂੰਨ ਦਾ ਸਿਰਫ ਨਾਂ ਹੀ ਨਹੀਂ ਬਦਲਿਆ, ਬਲਕਿ ਢਾਂਚਾਗਤ ਬਦਲਾਅ ਕਰਕੇ ਇਸ ਕਾਨੂੰਨ ਦੀ ਰੂਹ ਕਤਲ ਕਰ ਦਿੱਤੀ ਹੈ। ਨਤੀਜੇ ਵਜੋਂ ਪਹਿਲਾਂ ਹੀ ਘੋਰ ਗੁਰਬਤ ਦਾ ਸੰਤਾਪ ਹੰਢਾ ਰਹੇ ਪੇਂਡੂ ਕਿਰਤੀਆਂ, ਜਿਨ੍ਹਾਂ ਚੋਂ ਭਾਰੀ ਗਿਣਤੀ ਅਨੁਸੂਚਿਤ ਜਾਤੀਆਂ, ਜਨ ਜਾਤੀਆਂ ਨਾਲ ਸਬੰਧਤ ਹਨ, ਦੇ ਬੇਰੁਜ਼ਗਾਰ ਹੋਣ ਅਤੇ ਭੁੱਖੇ ਮਰਨ ਦੀ ਨੌਬਤ ਆ ਗਈ ਹੈ।” ਇਹ ਵਿਚਾਰ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ, ਭਾਰੀ ਗਿਣਤੀ ਔਰਤਾਂ ਸਮੇਤ ਇਕੱਠੇ ਹੋਏ ਸੈਂਕੜੇ ਮਨਰੇਗਾ ਕਿਰਤੀਆਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਲਹਿਰ ਦੇ ਨਾਮਵਰ ਆਗੂ ਸਾਥੀ ਮੰਗਤ ਰਾਮ ਪਾਸਲਾ ਨੇ ਪ੍ਰਗਟਾਏ ਹਨ। ਸਾਥੀ ਪਾਸਲਾ ਨੇ ਕਿਹਾ ਹੈ ਕਿ ਮੋਦੀ ਸਰਕਾਰ ਨੇ ਨਾ ਕੇਵਲ ਦਲਿਤ ਵਿਰੋਧੀ ਮੰਦੀ ਸੋਚ ਦੇ ਮਾਲਕ ਆਪਣੇ ਵਿਚਾਰਧਾਰਕ ਆਕਾ, ਆਰ.ਐੱਸ.ਐੱਸ. ਦੀ ਮਗਨਰੇਗਾ ਦੇ ਖਾਤਮੇ ਦੀ ਚਿਰੋਕਣੀ ਮਨੂੰਵਾਦੀ ਸਾਜ਼ਿਸ਼ ਪੂਰ ਚੜ੍ਹਾਈ ਹੈ, ਬਲਕਿ ਸੱਚੇ-ਸੁਚੇ ਪੇਂਡੂ ਕਿਰਤੀਆਂ ਨੂੰ ਬੇਹਥਿਆਰੇ ਕਰਕੇ ਧਨਾਢਾਂ, ਕਾਰਖਾਨੇਦਾਰਾਂ ਤੇ ਜਾਗੀਰਦਾਰਾਂ ਦੇ ਰਹਿਮੋ-ਕਰਮ ‘ਤੇ ਛੱਡ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਕਿਰਤੀਆਂ ਦੇ ਆਰ-ਪਾਰ ਦੇ ਘੋਲਾਂ ਰਾਹੀਂ ਮੋਦੀ ਸਰਕਾਰ ਨੂੰ ਮਨਰੇਗਾ ਦੀ ਬਹਾਲੀ ਲਈ ਹਰ ਹਾਲਤ ਮਜ਼ਬੂਰ ਕੀਤਾ ਜਾਵੇਗਾ।
ਇਸ ਮੌਕੇ “ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ” ਦੇ ਸੂਬਾਈ ਆਗੂਆਂ ਚਰਨਜੀਤ ਸਿੰਘ ਥੰਮੂਵਾਲ, ਸੱਤਪਾਲ ਸਿੰਘ ਸਹੋਤਾ, ਮਨਪ੍ਰੀਤ ਕੌਰ ਬਾਲੋ ਕੀ, ਯੂਸਫ਼ ਮਸੀਹ ਅਤੇ ਬਲਰਾਜ ਸਿੰਘ ਨੇ ਸਖ਼ਤ ਰੋਸ ਜਾਹਿਰ ਕਰਦਿਆਂ ਕਿਹਾ ਹੈ ਕਿ ਮੋਦੀ ਸਰਕਾਰ ਨੇ ਸਮੁੱਚੀ ਵਿਰੋਧੀ ਧਿਰ ਅਤੇ ਦੇਸ਼ ਭਰ ਦੇ ਕਿਰਤੀਆਂ ਦੇ ਕਰੜੇ ਵਿਰੋਧ ਨੂੰ ਨਜ਼ਰ ਅੰਦਾਜ ਕਰਦਿਆਂ ਬੇਸ਼ਕ ਉਕਤ ਬਿਲ ਸਦਨ ਚੋਂ ਧੱਕੇ ਨਾਲ ਪਾਸ ਕਰਵਾ ਲਿਆ ਹੈ, ਪਰ ਦੇਸ਼ ਭਰ ਦੇ ਕਰੋੜਾਂ ਮਨਰੇਗਾ ਕਿਰਤੀ ਆਪਣੇ ਤਿੱਖੇ ਸੰਘਰਸ਼ਾਂ ਰਾਹੀਂ ਇਸ ਕਿਰਤੀ ਮਾਰੂ, ਦਲਿਤ ਵਿਰੋਧੀ ਹੱਲੇ ਦਾ ਮੂੰਹ ਤੋੜ ਜਵਾਬ ਦੇਣਗੇ।
ਆਗੂਆਂ ਨੇ ਐਲਾਨ ਕੀਤਾ ਹੈ ਕਿ ਯੂਨੀਅਨ ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (ਜੇਪੀਐੱਮਓ) ਵਲੋਂ ਮਨਰੇਗਾ ਦੀ ਬਹਾਲੀ ਲਈ 28 ਦਸੰਬਰ ਨੂੰ ਜਲੰਧਰ ਰੇਲਵੇ ਸਟੇਸ਼ਨ ‘ਤੇ ਕੀਤੇ ਜਾ ਰਹੇ ਸੂਬਾਈ ਇਕੱਠ ‘ਚ ਪੂਰੀ ਸ਼ਕਤੀ ਨਾਲ ਸ਼ਾਮਿਲ ਹੋਵੇਗੀ।
ਪਿਛੋਂ ਰੋਹ ‘ਚ ਆਈਆਂ ਔਰਤਾਂ ਅਤੇ ਮਨਰੇਗਾ ਕਾਮਿਆਂ ਨੇ ਜ਼ੋਰਦਾਰ ਨਾਹਰੇਬਾਜ਼ੀ ਕਰਦਿਆਂ ਬੀਐਮਸੀ ਚੌਂਕ ਵਿਖੇ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ।