
ਚੌਤਾ: ਮਨਰੇਗਾ ਕਾਨੂੰਨ ਬਦਲਣ ਵਿਰੁੱਧ ਅਤੇ ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ ਦੇ ਵਿਰੁੱਧ ਪਿੰਡ ਝੂੰਗੀਆ ਬੇਗਾਂ ਵਿੱਚ ਮਨਰੇਗਾ ਮਜ਼ਦੂਰਾਂ ਅਤੇ ਕਿਸਾਨਾਂ ਵੱਲੋ ਰੋਸ ਪ੍ਰਦਰਸ਼ਨ ਕਰਕੇ ਇਹਨਾਂ ਬਿੱਲਾਂ ਦੀਆਂ ਕਾਪੀਆਂ ਨੂੰ ਵੀ ਸਾੜਿਆ ਗਿਆ। ਅੱਜ ਪਿੰਡ ਵਿੱਚ ਕੀਤੀ ਵਿਸ਼ੇਸ਼ ਤੌਰ ਤੇ ਇਕੱਤਰ ਹੋਏ ਕਿਰਤੀ ਕਿਸਾਨਾਂ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ ਇਲਾਕਾ ਕਮੇਟੀ ਕੂੰਮਕਲਾਂ ਦੇ ਪ੍ਰਧਾਨ ਦਲਵੀਰ ਸਿੰਘ ਪਾਗਲੀਆਂ ਮੈਂਬਰ ਬਲਾਕ ਸੰਮਤੀ, ਸਾਬਕਾ ਸਰਪੰਚ ਗੁਰਚਰਨ ਸਿੰਘ ਝੂੰਗੀਆਂ ਬੇਗਾਂ ਅਤੇ ਮੇਟ ਰਮਨਦੀਪ ਕੌਰ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਲਛਮਣ ਸਿੰਘ ਕੂੰਮਕਲਾਂ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਗਰੀਬੀ ਦੀ ਮਾਰ ਝੱਲ ਰਹੇ ਮਨਰੇਗਾ ਮਜ਼ਦੂਰਾਂ ਦੇ ਕਾਨੂੰਨ ਵਿੱਚ ਤਬਦੀਲੀ ਕਰਕੇ ਉਹਨਾਂ ਨੂੰ ਭੁੱਖੇ ਮਾਰਨ ਦੇ ਰਸਤੇ ਤੇ ਤੁਰ ਪਈ ਹੈ। ਉਹਨਾਂ ਕਿਹਾ ਕਿ ਜੋ ਮਾੜੀ ਮੋਟੀ ਰਾਹਤ ਮਨਰੇਗਾ ਰਾਹੀ ਗਰੀਬਾਂ ਤੱਕ ਪਹੁੰਚਦੀ ਸੀ, ਕੇਂਦਰ ਸਰਕਾਰ ਉਸ ਨੂੰ ਵੀ ਬੰਦ ਕਰਕੇ ਲੋਕਾ ਨਾਲ ਚੌਣਾ ਵਿੱਚ ਕੀਤੇ ਵਾਅਦਿਆਂ ਤੋਂ ਵੀ ਮੁੱਕਰ ਰਹੀ ਹੈ। ਇਸੇ ਤਰਾਂ ਬਿਜਲੀ ਬਿੱਲ 2025 ਅਤੇ ਬੀਜ ਬਿੱਲ ਨੂੰ ਪਾਸ ਕਰਵਾਕੇ ਨਿਜੀ ਕਰਨ ਦੀਆਂ ਨੀਤੀਆਂ ਨੂੰ ਹੋਰ ਤੇਜ਼ੀ ਨਾਲ ਲਾਗੂ ਕਰਨ ਵੱਲ ਵੱਧ ਰਹੀ ਹੈ। ਉਹਨਾਂ ਕਿਹਾ ਕਿ ਕਿਰਤੀ ਕਿਸਾਨ ਮਿਲਕੇ ਸਰਕਾਰ ਦੇ ਵਿਰੋਧ ਵਿੱਚ ਪਿੰਡਾਂ, ਗਲੀ ਮੁਹੱਲਿਆਂ, ਸ਼ਹਿਰਾਂ ਵਿੱਚ ਸਰਕਾਰ ਦਾ ਲੋਕ ਵਿਰੋਧੀ ਚੇਹਰਾ ਨੰਗਾ ਕਰ ਦੇਣਗੇ। ਜਿਸ ਕਾਰਨ ਭਾਜਪਾ ਸਰਕਾਰ ਨੂੰ ਲੋਕ ਵਿਰੋਧੀ ਨੀਤੀਆਂ ਵਾਪਸ ਲੈਣ ਤੇ ਮਜਬੂਰ ਹੋਣਾ ਪਵੇਗਾ। ਉਹਨਾਂ ਆਖਿਆ ਕਿ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋ 28 ਦਸੰਬਰ ਨੂੰ ਜਲੰਧਰ ਦੇ ਰੇਲਵੇ ਸਟੇਸ਼ਨ ਉੱਪਰ ਵੱਡੀ ਰੈਲੀ ਕੀਤੀ ਜਾਵੇਗੀ। ਜਿਸ ਨੂੰ ਵੱਖ ਵੱਖ ਜਥੇਬੰਦੀਆਂ ਦੇ ਆਗੂ ਸੰਬੋਧਨ ਕਰਨਗੇ। ਇਸ ਮੌਕੇ ਹੋਰਨਾ ਤੋਂ ਇਲਾਵਾ ਸੁਖਦੇਵ ਕੌਰ, ਹਰਬੰਸ ਕੌਰ, ਮਨਜੀਤ ਕੌਰ, ਸੁਰਜੀਤ ਕੌਰ, ਅਵਤਾਰ ਕੌਰ ਸਾਬਕਾ ਪੰਚ, ਸੁਖਵੀਰ ਕੌਰ ਪਾਗਲੀਆਂ, ਖਿਆਲੀ ਰਾਮ, ਹੁਸਨ ਸਿੰਘ, ਪ੍ਰੇਮ ਰਾਮ, ਰਣਜੀਤ ਕੌਰ, ਚਰਨ ਕੌਰ, ਨਰੰਜਨ ਕੌਰ ਆਦਿ ਹਾਜ਼ਰ ਸਨ।