Now Reading
ਜਲੰਧਰ ਵਿਖੇ ਆਰਐੱਮਪੀਆਈ ਨੇ ਕੀਤੀ ਸਿਆਸੀ ਕਾਨਫ਼ਰੰਸ

ਜਲੰਧਰ ਵਿਖੇ ਆਰਐੱਮਪੀਆਈ ਨੇ ਕੀਤੀ ਸਿਆਸੀ ਕਾਨਫ਼ਰੰਸ

ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਤਹਿਸੀਲ ਜਲੰਧਰ ਵਲੋਂ ਸਥਾਨਕ ਸੰਤੋਖਪੁਰਾ ਬਾਈ ਪਾਸ ਵਿਖੇ ਕਾਮਰੇਡ ਹਰੀਮੁਨੀ ਸਿੰਘ ਦੀ ਪ੍ਰਧਾਨਗੀ ਹੇਠ ਇਕ ਪ੍ਰਭਾਵਸ਼ਾਲੀ ਕਾਨਫਰੰਸ ਕੀਤੀ ਗਈ। ਕਾਨਫਰੰਸ ਨੂੰ ਆਰ ਐੱਮ ਪੀ ਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਦੀ ਮੋਦੀ ਸਰਕਾਰ ਨੇ ਮੁਸ਼ਕਿਲ ਨਾਲ ਜੂਨ ਗੁਜ਼ਾਰਾ ਕਰਦੇ ਬੇਜ਼ਮੀਨੇ-ਸਾਧਨਹੀਣ ਪੇਂਡੂ ਕਿਰਤੀਆਂ ਨੂੰ ਸੀਮਤ ਦਿਨਾਂ ਲਈ ਗਰੰਟੀ ਸ਼ੁਦਾ ਰੁਜ਼ਗਾਰ ਦੇਣ ਵਾਲੇ ਮਗਨਰੇਗਾ ਕਾਨੂੰਨ ਦਾ ਸਿਰਫ ਨਾਂ ਹੀ ਨਹੀਂ ਬਦਲ ਕੇ “ਵਿਕਸਿਤ ਭਾਰਤ ਰੁਜ਼ਗਾਰ ਆਜੀਵਕਾ ਗਾਰੰਟੀ ਮਿਸ਼ਨ (ਗ੍ਰਾਮੀਣ) ਵੀ ਬੀ ਜੀ ਰਾਮ ਜੀ“ ਹੀ ਨਹੀਂ ਕੀਤਾ, ਬਲਕਿ ਢਾਂਚਾਗਤ ਬਦਲਾਅ ਕਰਕੇ ਇਸ ਕਾਨੂੰਨ ਦੀ ਰੂਹ ਕਤਲ ਕਰ ਦਿੱਤੀ ਹੈ। ਅਜਿਹਾ ਕਰਕੇ ਮੋਦੀ ਸਰਕਾਰ ਨੇ ਆਪਣੇ ਵਿਚਾਰਧਾਰਕ ਆਕਾ, ਦਲਿਤ ਵਿਰੋਧੀ ਮੰਦੀ ਸੋਚ ਦੇ ਮਾਲਕ ਆਰ.ਐੱਸ.ਐੱਸ. ਦੀ ਮਗਨਰੇਗਾ ਦੇ ਖਾਤਮੇ ਦੀ ਚਿਰੋਕਣੀ ਮਨੂੰਵਾਦੀ ਸਾਜ਼ਿਸ਼ ਪੂਰ ਚੜ੍ਹਾਈ ਹੈ। ਨਤੀਜੇ ਵਜੋਂ ਪਹਿਲਾਂ ਹੀ ਘੋਰ ਗੁਰਬਤ ਦਾ ਸੰਤਾਪ ਹੰਢਾਅ ਰਹੇ ਪੇਂਡੂ ਕਿਰਤੀਆਂ, ਜਿਨ੍ਹਾਂ ‘ਚੋਂ ਭਾਰੀ ਗਿਣਤੀ ਅਨੁਸੂਚਿਤ ਜਾਤੀਆਂ, ਜਨ ਜਾਤੀਆਂ ਨਾਲ ਸਬੰਧਤ ਹਨ, ਦੇ ਭੁੱਖੇ ਮਰਨ ਦੀ ਨੌਬਤ ਆ ਜਾਵੇਗੀ।“
ਸਾਥੀ ਪਾਸਲਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਮਜ਼ਦੂਰਾਂ ਨੇ ਲਹੂ ਵੀਟਵੇਂ ਸੰਘਰਸ਼ਾਂ ਨਾਲ ਬਣਵਾਏ 44 ਕਿਰਤ ਕਾਨੂੰਨਾਂ ਨੂੰ ਰੱਦ ਕਰਕੇ 4 ਕੋਡ ਬਣਾ ਕੇ ਮਜ਼ਦੂਰਾਂ ਨੂੰ ਮਿਲਦੇ ਹੱਕਾਂ ਤੋਂ ਵਾਂਝੇ ਕਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੰਵਿਧਾਨ ਨੂੰ ਖਾਰਜ ਕਰਨ ਅਤੇ ਸੁਤੰਤਰਤਾ ਪ੍ਰਾਪਤੀ ਤੋਂ ਪਿੱਛੋਂ ਕਾਇਮ ਹੋਏ ਭਾਰਤ ਦੇ ਜਮਹੂਰੀ, ਧਰਮ ਨਿਰਪੱਖ, ਫੈਡਰਲ ਢਾਂਚੇ ਨੂੰ ਤਬਾਹ ਕਰਨ ਦੀਆਂ ਆਰ.ਐਸ.ਐਸ.-ਭਾਜਪਾ ਅਤੇ ਮੋਦੀ ਸਰਕਾਰ ਦੀਆਂ ਸਾਜ਼ਿਸ਼ਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਵਿਸ਼ਾਲ ਲੋਕ ਲਾਮਬੰਦੀ ‘ਤੇ ਆਧਾਰਿਤ ਤਿੱਖੇ ਤੇ ਬੱਝਵੇਂ ਜਨ ਸੰਗਰਾਮ ਵਿੱਢਣ ਦੀ ਜ਼ਰੂਰਤ ਹੈ। ਉਨ੍ਹਾਂ ਦਲਿਤਾਂ, ਔਰਤਾਂ ਨੂੰ ਗੁਲਾਮ ਬਣਾਈ ਰੱਖਣ ਦੀ ਪੈਰਵੀ ਕਰਦੀ ਮਨੂੰ ਸਿਮਰਤੀ ਦੀ ਦੇਸ਼ ਦੀ ਸ਼ਾਸ਼ਨ ਪੱਧਤੀ ਵਜੋਂ ਪੁਨਰ ਸਥਾਪਤੀ ਦੀਆਂ ਸੰਘ ਪਰਿਵਾਰ ਦੀਆਂ ਕੁਚਾਲਾਂ ਨੂੰ ਪਛਾੜਣ ਲਈ ਦੇਸ਼ ਵਿਆਪੀ ਘੋਲਾਂ ਵੱਲ ਪੇਸ਼ ਕਦਮੀ ਕਰਨ ਦੀ ਅਪੀਲ ਕੀਤੀ ਹੈ।
ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਸਾਥੀ ਦਰਸ਼ਨ ਨਾਹਰ ਨੇ ਅੱਗੇ ਆਖਿਆ ਕਿ ਸਮੂਹ ਕਿਰਤੀ-ਕਿਸਾਨਾਂ, ਮੁਲਾਜ਼ਮਾਂ ਤੇ ਹੋਰ ਮਿਹਨਤੀ ਵਰਗਾਂ ਵਲੋਂ ਬਿਜਲੀ ਸੋਧ ਬਿਲ 2025 ਪੇਸ਼ ਕਰਨ ਦੀ ਤਿਆਰੀ ਕੀਤੀ ਹੋਈ ਹੈ ਅਤੇ ਪਬਲਿਕ ਸੈਕਟਰ ਦੇ ਅਦਾਰੇ ਕੁਝ ਕਾਰਪੋਰੇਟ ਘਰਾਣਿਆਂ ਨੂੰ ਵੇਚ ਦਿੱਤੇ ਬਾਕੀ ਰਹਿੰਦੇਆਂ ਨੂੰ ਵੇਚਣ ਦੀ ਤਿਆਰੀ ਹੈ ਮੋਦੀ ਸਰਕਾਰ ਦੀ ਨਿੱਜੀਕਰਨ ਦੀ ਨੀਤੀ ਖਿਲਾਫ ਜਨ ਅੰਦੋਲਨ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਸਾਥੀ ਬਲਦੇਵ ਨੂਰਪੁਰੀ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਲੋਕਾਂ ਨਾਲ ਜਿਹੜੇ ਵਾਅਦੇ ਤੇ ਗਰੰਟੀਆਂ ਕੀਤੀਆਂ ਸਨ ਉਹ ਕੁੱਝ ਵੀ ਪੂਰਾ ਨਹੀਂ ਕੀਤਾ ਗਿਆ। ਜਿਸ ਦੇ ਖ਼ਿਲਾਫ਼ ਲੋਕਾਂ ਨੂੰ ਤਿੱਖੇ ਸੰਘਰਸ਼ ਕਰਨ ਲਈ ਸੱਦਾ ਦਿੱਤਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਜੀਤ ਸਿੰਘ ਖਾਂਬਰਾ, ਸੁਨੀਤਾ ਨੂਰਪੁਰੀ, ਪਾਰਵਤੀ, ਕੰਚਨ, ਸ਼ੰਭੂ ਚੌਹਾਨ, ਮੀਰਾਂ ਦੇਵੀ ਆਦਿ ਹਾਜ਼ਰ ਸਨ।

Scroll To Top