
ਬੰਗਾ: ਦਿਹਾਤੀ ਮਜ਼ਦੂਰ ਸਭਾ ਅਤੇ ਮਨਰੇਗਾ ਵਰਕਰ ਯੂਨੀਅਨ ਵਲੋਂ ਸਾਂਝੇ ਤੌਰ ‘ਤੇ ਇਥੋਂ ਕੁਝ ਦੂਰੀ ‘ਤੇ ਪਿੰਡ ਜਗਤਪੁਰ ਅਤੇ ਬਘੌਰਾ ਵਿਖੇ ਰੋਸ ਮੀਟਿੰਗ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਹਰਪਾਲ ਸਿੰਘ ਜਗਤਪੁਰ ਤੇ ਰੇਸ਼ਮ ਸਿੰਘ ਅਤੇ ਮਨਰੇਗਾ ਸਕੀਮ ਦੀ ਪਿੰਡ ਬਘੌਰਾ ਦੀ ਮੇਟ ਸ੍ਰੀਮਤੀ ਰੇਖਾ ਰਾਣੀ ਤੇ ਜਗਤਪੁਰ ਦੀ ਮੇਟ ਮਨਪ੍ਰੀਤ ਕੌਰ ਨੇ ਸਾਂਝੇ ਤੌਰ ‘ਤੇ ਕੀਤੀ। ਇਸ ਮੀਟਿੰਗ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਅਤੇ ਹੋਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਕੀਤੀ ਗਈ। ਇਸ ਰੋਸ ਮੀਟਿੰਗ ਨੂੰ ਹਰਪਾਲ ਸਿੰਘ ਜਗਤਪੁਰ ਨੇ ਸੰਬੋਧਨ ਕਰਦਿਆਂ, ਕੇਂਦਰ ਸਰਕਾਰ ਵੱਲੋਂ ਮਨਰੇਗਾ ਸਕੀਮ ਨੂੰ ਬੰਦ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਹਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਪੂੰਜੀਵਾਦੀ ਕਾਰਪੋਰੇਟ ਘਰਾਣਿਆਂ ਦੀ ਸਹਿਯੋਗੀ ਸਰਕਾਰ ਗਰਦਾਨਦਿਆਂ, ਕੇਂਦਰ ਸਰਕਾਰ ਵਲੋਂ ਗ਼ਰੀਬਾਂ ਨੂੰ ਕੁਝ ਰਾਹਤ ਦੇਂਦੀਆਂ ਸਕੀਮਾਂ ਨੂੰ ਬੰਦ ਕਰਨ ਦੀ ਸਖ਼ਤ ਅਲੋਚਨਾਂ ਕਰਦਿਆਂ ਕਿਹਾ ਕਿ ਅਜਿਹੀਆਂ ਸਕੀਮਾਂ ਦੇ ਬੰਦ ਹੋਣ ਨਾਲ ਅਨੇਕਾਂ ਹੀ ਮੁਸ਼ਕਲਾਂ ਪੈਦਾ ਹੋ ਜਾਣਗੀਆਂ ਅਤੇ ਪਿੰਡਾਂ ਦੇ ਗਰੀਬ ਤੇ ਦਿਹਾਤੀ ਕਿਰਤੀਆਂ ਦਾ ਜਿਊਣਾ ਹੋਰ ਵੀ ਔਖਾ ਹੋ ਜਾਵੇਗਾ , ਦੇਸ਼ ਭਰ ਦੀਆਂ ਮਜ਼ਦੂਰ ਜਥੇਬੰਦੀਆਂ ਤਾਂ ਕਿਰਤ ਕਾਨੂੰਨਾਂ ਵਿੱਚ ਕਿਰਤੀਆਂ ਪੱਖੀ ਸੋਧ ਲਈ ਸੰਘਰਸ਼ਸ਼ੀਲ ਹਨ ਪਰ ਸਰਕਾਰਾਂ ਮਜ਼ਦੂਰ ਵਿਰੋਧੀ ਸੋਧਾਂ ਕਰਕੇ ਦੇਸ਼ ਦੀ ਵੱਡੀ ਗਿਣਤੀ ਅਬਾਦੀ ਨੂੰ ਬਰਬਾਦ ਕਰਨ ‘ਤੇ ਤੁਲੀ ਹੋਈ ਹੈ।
ਇਸ ਰੋਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵ ਗੁਰਮੇਲ ਰਾਮ, ਬਰਿੰਦਰ ਕੌਰ, ਜਸਵਿੰਦਰ ਕੌਰ, ਤਰਸੇਮ ਕੌਰ, ਹਰਪਾਲ ਕੌਰ, ਪਰਮਜੀਤ ਕੌਰ, ਸਿਮਰੋਂ, ਲਕਸ਼ਮੀ, ਮਲਕੀਤ ਕੌਰ, ਨਰਿੰਦਰ ਕੁਮਾਰ,ਜੋਗਾ ਰਾਮ, ਖਰੈਤੀ ਰਾਮ, ਹਰਮੇਸ਼ ਲਾਲ, ਸੁਰਜੀਤ, ਮਨਜੀਤ ਰਾਮ, ਰੇਸ਼ਮ ਲਾਲ, ਮਲਕੀਤ ਰਾਮ ਆਦਿ ਹਾਜ਼ਰ ਸਨ। ਸਭਨਾਂ ਦੀ ਮਜੂਦਗੀ ਵਿੱਚ ਰੋਸ ਵਜੋਂ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਅਤੇ ਨਾਹਰੇਬਾਜੀ ਕੀਤੀ ਗਈ। ਇਸ ਰੋਸ ਮੀਟਿੰਗ ਦੇ ਅੰਤ ਵਿੱਚ ਸ਼੍ਰੀਮਤੀ ਰੇਖਾ ਰਾਣੀ ਤੇ ਮਨਪ੍ਰੀਤ ਕੌਰ ਨੇ ਸਮੂਹ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਅਜਿਹੇ ਸੰਘਰਸ਼ਾਂ ਨੂੰ ਹੋਰ ਵੀ ਰੋਹ ਭਰਪੂਰ ਯਤਨ ਕਰਦੇ ਰਹਿਣ ਲਈ ਅਪੀਲ ਕੀਤੀ।