Now Reading
ਲੋਕਾਂ ਦੇ ਵੱਧਦੇ ਦਬਾਅ ਕਾਰਨ ਬਿੱਲ ਨਹੀਂ ਪੇਸ਼ ਹੋ ਸਕੇ

ਲੋਕਾਂ ਦੇ ਵੱਧਦੇ ਦਬਾਅ ਕਾਰਨ ਬਿੱਲ ਨਹੀਂ ਪੇਸ਼ ਹੋ ਸਕੇ

ਅਜਨਾਲਾ: ਅੱਜ ਲੋਕ ਸਭਾ ਤੇ ਰਾਜ ਸਭਾ ਅਣਮਿੱਥੇ ਸਮੇਂ ਲਈ ਉਠਾ ਦਿੱਤੀਆਂ ਗਈਆਂ ਪ੍ਰੰਤੂ ਇਸ ਸਰਦ ਰੁੱਤ ਦੇ ਦੋਹਾਂ ਸਭਾਵਾਂ ਵਿਚ ਬਿਜਲੀ ਸੋਧ ਬਿੱਲ 2025 ਤੇ ਬੀਜ ਬਿੱਲ 2025 ਸੰਯੁਕਤ ਕਿਸਾਨ ਮੋਰਚੇ ‘ਚ ਸ਼ਾਮਿਲ ਜਥੇਬੰਦੀਆਂ, ਬਿਜਲੀ ਮੁਲਾਜ਼ਮ ਯੂਨੀਅਨ, ਟਰੇਡ ਯੂਨੀਅਨਾਂ, ਖੇਤ ਮਜ਼ਦੂਰ ਯੂਨੀਅਨਾਂ ਅਤੇ ਆਮ ਲੋਕਾਂ ਦੇ ਬੱਝਵੇਂ ਸੰਘਰਸ਼ ਕਾਰਨ ਅਜਿਹਾ ਹੋਇਆ ਹੈ।

ਅਜਿਹੇ ਵਿਚਾਰ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ਸੀਨੀਅਰ ਮਜ਼ਦੂਰ ਆਗੂ ਸਾਥੀ ਰਘਬੀਰ ਸਿੰਘ ਦੀ ਪ੍ਰਧਾਨਗੀ ਵਿੱਚ ਜੋਸ਼ – ਮੁਹਾਰ ਵਿੱਖੇ ਹੋਈ ਭਰਵੀਂ ਮੀਟਿੰਗ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਸਮੂਹ ਜਥੇਬੰਦੀਆਂ ਤੇ ਆਮ ਲੋਕਾਂ ਨੂੰ ਇਹਨਾਂ ਕਾਲੇ ਬਿੱਲਾ ਬਿਜਲੀ ਬਿੱਲ ਤੇ ਬੀਜ ਬਿੱਲ ਨੂੰ ਪੱਕੇ ਤੌਰ ਤੇ ਵਾਪਸ ਕਰਵਾਉਣ ਲਈ ਆਪਣਾ ਸੰਘਰਸ਼ ਜਾਰੀ ਰੱਖਿਆ ਜਾਵੇਗਾ, ਜਿਸ ਤਹਿਤ ਇਹਨਾਂ ਕਾਲੇ ਬਿੱਲਾਂ ਵਿਰੁੱਧ 28 ਦਸੰਬਰ ਤੋਂ 4 ਜਨਵਰੀ 2026 ਦੌਰਾਨ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿੱਚ ਮੀਟਿੰਗਾਂ ਜਲਸੇ ਜਲੂਸ, ਮੋਟਰਸਾਈਕਲ ਤੇ ਟਰੈਕਟਰ ਮਾਰਚ ਕੀਤਾ ਜਾਣਗੇ। ਜਿਸ ਵਿਚ ਐੱਸ ਕੇ ਐੱਮ ਮੋਰਚੇ ਵੱਲੋਂ ਲੋਕਾਂ ਨੂੰ ਇਹਨਾਂ ਕਾਲੇ ਬਿੱਲਾਂ ਤੋਂ ਜਾਣੂ ਕਰਾਉਣ ਲਈ ਜਾਰੀ ਕੀਤੀ ਲੱਖਾਂ ਦੀ ਗਿਣਤੀ ‘ਚ ਦੁਵਰਕੀਆ ਵੰਡੀ ਜਾਵੇਗੀ।

ਡਾ. ਅਜਨਾਲਾ ਨੇ ਅੱਗੇ ਦੱਸਿਆ ਕਿ ਇਹਨਾਂ ਬਿੱਲਾਂ ਖ਼ਿਲਾਫ਼ ਸੰਘਰਸ਼ ਨੂੰ ਹੋਰ ਮਘਾਉਣ ਲਈ 16 ਜਨਵਰੀ 2026 ਨੂੰ ਐਸ ਈ ਬਿਜਲੀ ਬੋਰਡ ਦੇ ਦਫ਼ਤਰਾਂ ਸਾਹਮਣੇ ਵਿਸ਼ਾਲ ਰੋਹ ਭਰੇ ਧਰਨੇ ਦਿੱਤੇ ਜਾ ਰਹੇ ਹਨ। ਇਸ ਦਿਨ ਅੰਮ੍ਰਿਤਸਰ ਦੇ ਦੋ ਐਸ ਈ ਦੇ ਦਫ਼ਤਰਾਂ ਸਾਹਮਣੇ ਇਸ ਇਲਾਕੇ ਵਿੱਚੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾਵੇਗੀ। ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਕਿ ਇਹਨਾਂ ਐਕਸ਼ਨਾਂ ਵਿੱਚ ਕਿਸਾਨ ਮਜ਼ਦੂਰ ਇਸ ਇਲਾਕੇ ਚੋਂ ਵੱਡੀ ਗਿਣਤੀ ਵਿਚ ਭਾਗ ਲੈਣਗੇ।
ਕਿਸਾਨ – ਮਜ਼ਦੂਰ ਆਗੂ ਡਾ. ਅਜਨਾਲਾ ਨੇ ਅੱਗੇ ਵਿਸ਼ੇਸ਼ ਤੌਰ ‘ਤੇ ਜਾਣੂ ਕਰਵਾਇਆ ਕਿ ਇਹਨਾਂ ਲੋਕ ਮਾਰੂ ਬਿੱਲਾਂ ਵਿਰੁੱਧ ਅਤੇ ਦੇਸ਼ ਏਕਤਾ – ਅਖੰਡਤਾ, ਫਿਰਕੂ ਇਕਸੁਰਤਾ ਅਤੇ ਭਾਈਚਾਰਕ ਸਾਂਝ ਲਈ ਘਾਤਕ ਆਰ ਐੱਸ ਐੱਸ ਦੇ ਫਿਰਕੂ – ਫ਼ਾਂਸ਼ੀ ਹੱਲਿਆਂ ਖਿਲਾਫ ਕਿਰਤੀ – ਕਿਸਾਨਾਂ ਤੇ ਮਿਹਨਤੀ ਤਬਕਿਆਂ ਦੀ ਦੇਸ਼ ਵਿਆਪੀ ਜੁਝਾਰੂ ਲਹਿਰ ਖੜ੍ਹੀ ਕਰਨ ਦਾ ਹੋਕਾ ਦੇਣ ਵਾਸਤੇ ਬੇਜੋੜ ਸੁਤੰਤਰਤਾ ਸੰਗਰਾਮੀ, ਕਿਸਾਨੀ ਲੋਕਾਂ ਦੇ ਸਿਰਮੌਰ ਜਰਨੈਲ ਕਾਮਰੇਡ ਦਲੀਪ ਸਿੰਘ ਟਪਿਆਲਾ ਦੀ ਬਰਸੀ ਨੂੰ ਸਮਰਪਿਤ ਟਪਿਆਲਾ ਵਿਖੇ ਜਿਹੜੀ ਵਿਸ਼ਾਲ ਰਾਜਸੀ ਕਾਨਫਰੰਸ ਆਯੋਜਿਤ ਕੀਤੀ ਜਾ ਰਹੀ ਹੈ, ਇਸ ਕਾਨਫਰੰਸ ਵਿੱਚ ਇਸ ਇਲਾਕੇ ‘ਚੋਂ ਸੈਂਕੜੇ ਮਜ਼ਦੂਰ, ਕਿਸਾਨ, ਨੌਜਵਾਨ, ਔਰਤਾਂ ਤੇ ਹੋਰ ਮਿਹਨਤਕਸ਼ ਲੋਕ ਸ਼ਾਮਿਲ ਹੋਣਗੇ।

See Also

ਇਸ ਸਭਾ ਵਿਚ ਹੋਰਨਾਂ ਤੋਂ ਇਲਾਵਾ ਬਲਕਾਰ ਸਿੰਘ ਜੋਸ਼, ਸਾਬਕਾ ਸਰਪੰਚ ਦੀਵਾਨਾ ਸਿੰਘ ਸੂਬੇਦਾਰ, ਹਰਪਾਲ ਸਿੰਘ, ਹਜ਼ਾਰਾਂ ਸਿੰਘ, ਨੌਜਵਾਨ ਆਗੂ ਜਸਕਰਨ ਸਿੰਘ, ਬਲਦੇਵ ਸਿੰਘ, ਜੱਗਪ੍ਰੀਤ ਸਿੰਘ, ਜੋਬਨਦੀਪ ਸਿੰਘ, ਦਾਰਾ ਸਿੰਘ, ਬਲਰਾਜ ਸਿੰਘ, ਕੁਲਵਿੰਦਰ ਸਿੰਘ, ਬੀਰ ਸਿੰਘ, ਵਰਿਆਮ ਸਿੰਘ ਆਦਿ ਨੇ ਸਰਗਰਮੀ ਨਾਲ ਸ਼ਮੂਲੀਅਤ ਕੀਤੀ।

Scroll To Top