Now Reading
ਮਗਨਰੇਗਾ ਦੇ ਖ਼ਾਤਮੇ ਦਾ ਵਿਰੋਧ ਕਰਦੇ ਹੋਏ ਦੁਸਾਂਝ ਕਲਾਂ ਵਿਖੇ ਪੁਤਲਾ ਫੂਕਿਆ

ਮਗਨਰੇਗਾ ਦੇ ਖ਼ਾਤਮੇ ਦਾ ਵਿਰੋਧ ਕਰਦੇ ਹੋਏ ਦੁਸਾਂਝ ਕਲਾਂ ਵਿਖੇ ਪੁਤਲਾ ਫੂਕਿਆ


ਗੁਰਾਇਆ : ਅੱਜ ਦਿਹਾਤੀ ਮਜ਼ਦੂਰ ਸਭਾ ਤਹਿਸੀਲ ਫਿਲੌਰ ਵਲੋਂ ਪਿੰਡ ਦੁਸਾਂਝ ਕਲਾਂ ਵਿਖੇ ਕੇਂਦਰ ਦੀ ਮੋਦੀ ਸਰਕਾਰ ਅਤੇ ਆਰ ਐੱਸ ਐੱਸ -ਭਾਜਪਾ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਦੀ ਅਗਵਾਈ ਸੁਖ ਰਾਮ ਦੁਸਾਂਝ ਅਤੇ ਦੀਪਕ ਕੁਮਾਰ ਨੇ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਦੀ ਮੋਦੀ ਸਰਕਾਰ ਨੇ ਮੁਸ਼ਕਿਲ ਨਾਲ ਜੂਨ ਗੁਜਾਰਾ ਕਰਦੇ ਬੇਜ਼ਮੀਨੇ-ਸਾਧਨਹੀਣ ਪੇਂਡੂ ਕਿਰਤੀਆਂ ਨੂੰ ਸੀਮਤ ਦਿਨਾਂ ਲਈ ਗਰੰਟੀ ਸ਼ੁਦਾ ਰੁਜ਼ਗਾਰ ਦੇਣ ਵਾਲੇ ਮਗਨਰੇਗਾ ਕਾਨੂੰਨ ਦਾ ਸਿਰਫ ਨਾਂ ਹੀ ਨਹੀਂ ਬਦਲ ਕੇ “ਵਿਕਸਿਤ ਭਾਰਤ ਰੁਜ਼ਗਾਰ ਆਜੀਵਕਾ ਗਾਰੰਟੀ ਮਿਸ਼ਨ (ਗ੍ਰਾਮੀਣ) ਵੀ ਬੀ ਜੀ ਰਾਮ ਜੀ” ਹੀ ਨਹੀਂ ਕੀਤਾ, ਬਲਕਿ ਢਾਂਚਾਗਤ ਬਦਲਾਅ ਕਰਕੇ ਇਸ ਕਾਨੂੰਨ ਦੀ ਰੂਹ ਕਤਲ ਕਰ ਦਿੱਤੀ ਹੈ। ਅਜਿਹਾ ਕਰਕੇ ਮੋਦੀ ਸਰਕਾਰ ਨੇ ਆਪਣੇ ਵਿਚਾਰਧਾਰਕ ਆਕਾ, ਦਲਿਤ ਵਿਰੋਧੀ ਮੰਦੀ ਸੋਚ ਦੇ ਮਾਲਕ ਆਰ.ਐਸ.ਐਸ. ਦੀ ਮਗਨਰੇਗਾ ਦੇ ਖਾਤਮੇ ਦੀ ਚਿਰੋਕਣੀ ਮਨੂੰਵਾਦੀ ਸਾਜ਼ਿਸ਼ ਪੂਰ ਚੜ੍ਹਾਈ ਹੈ। ਨਤੀਜੇ ਵਜੋਂ ਪਹਿਲਾਂ ਹੀ ਘੋਰ ਗੁਰਬਤ ਦਾ ਸੰਤਾਪ ਹੰਢਾਅ ਰਹੇ ਪੇਂਡੂ ਕਿਰਤੀਆਂ ਦੇ ਭੁੱਖੇ ਮਰਨ ਦੀ ਨੌਬਤ ਆ ਜਾਵੇਗੀ।
ਇਸ ਮੌਕੇ ਰਾਮ ਨਾਥ, ਪ੍ਰਵੀਨ ਭੁੱਟਾ, ਮੰਗੀ ਰਾਮ, ਸੋਨੂੰ ਦੁਸਾਂਝ ਆਦਿ ਹਾਜ਼ਰ ਸਨ।

Scroll To Top