Now Reading
ਏ ਐਲ ਸੀ ਲੇਬਰ ਦਫ਼ਤਰ ਬਚਾਓ ਮੋਰਚੇ ਵੱਲੋਂ ਧਰਨਾ ਲਗਾਇਆ

ਏ ਐਲ ਸੀ ਲੇਬਰ ਦਫ਼ਤਰ ਬਚਾਓ ਮੋਰਚੇ ਵੱਲੋਂ ਧਰਨਾ ਲਗਾਇਆ


ਗੁਰਦਾਸਪੁਰ: ਅੱਜ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਬਣਾਏ ਗਏ ਸਾਂਝੇ ਮੋਰਚੇ ਵੱਲੋਂ ਸਥਾਨਕ ਗੁਰੂ ਨਾਨਕ ਪਾਰਕ ਵਿਖੇ ਇਕੱਤਰ ਹੋ ਕੇ ਡੀਸੀ ਦਫ਼ਤਰ ਤੱਕ ਰੋਸ ਮਾਰਚ ਕੱਢਿਆ। ਉਸਾਰੀ ਵਰਕਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਇਫਟੂ ਆਗੂਆਂ ਜੋਗਿੰਦਰ ਪਾਲ ਪਨਿਆੜ, ਸੁਖਦੇਵ ਰਾਜ ਬਹਿਰਾਮਪੁਰ, ਜੋਗਿੰਦਰ ਪਾਲ ਘੁਰਾਲਾ, ਸੀ.ਟੀ.ਯੂ ਦੇ ਧਿਆਨ ਸਿੰਘ ਠਾਕੁਰ, ਸ਼ਿਵ ਕੁਮਾਰ ਅਤੇ ਜਸਵੰਤ ਸਿੰਘ ਬੁੱਟਰ, ਏਕਟੁ ਦੇ ਵਿਜੇ ਕੁਮਾਰ ਸੋਹਲ, ਪ੍ਰੇਮ ਮਸੀਹ ਸੋਨਾ, ਗੁਲਜ਼ਾਰ ਸਿੰਘ ਭੁੰਬਲੀ ਏਟਕ ਦੇ ਸੁਭਾਸ਼ ਕੈਰੇ, ਬਲਵਿੰਦਰ ਸਿੰਘ ਉਦੀਪੁਰ ਅਤੇ ਬਲਬੀਰ ਸਿੰਘ ਮੱਲੀ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਕਿਰਤ ਵਿਭਾਗ ਵੱਲੋਂ ਬਿਨਾਂ ਕਿਸੇ ਠੋਸ ਕਾਰਨ ਦੇ ਏ.ਐਲ.ਸੀ ਦਫਤਰ ਨੂੰ ਗੁਰਦਾਸਪੁਰ ਤੋਂ ਬਟਾਲਾ ਤਬਦੀਲ ਕੀਤਾ ਗਿਆ ਹੈ। ਜਦਕਿ ਜਿਲਾ ਹੈਡਕੁਆਰਟਰ, ਮਿਨੀ ਸੈਕਟਰੀਏਟ ਅਤੇ ਹੋਰ ਸਾਰੇ ਮਹੱਤਵਪੂਰਨ ਸਰਕਾਰੀ ਦਫਤਰ ਗੁਰਦਾਸਪੁਰ ਵਿੱਚ ਹੀ ਸਥਿਤ ਹਨ। ਆਗੂਆਂ ਕਿਹਾ ਕਿ ਇਸ ਫੈਸਲੇ ਨਾਲ ਮਜ਼ਦੂਰ ਵਰਗ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਮਜ਼ਦੂਰਾਂ ਨਾਲ ਸੰਬੰਧਿਤ ਕੇਸਾਂ ਲਈ ਹੁਣ ਉਹਨਾਂ ਨੂੰ ਬਟਾਲਾ ਜਾਣਾ ਪਵੇਗਾ।
ਉਹਨਾਂ ਦੱਸਿਆ ਕਿ ਬਟਾਲਾ ਵਿੱਚ ਪਹਿਲਾਂ ਹੀ ਇੱਕ ਏਐਲਸੀ ਦਫਤਰ ਮੌਜੂਦ ਹੈ ਜਿਸ ਕਰਕੇ ਗੁਰਦਾਸਪੁਰ ਵਾਲੇ ਦਫਤਰ ਦੀ ਅਸਾਮੀ ਨੂੰ ਖਤਮ ਕੀਤਾ ਜਾਣਾ ਮਜ਼ਦੂਰ ਵਿਰੋਧੀ ਕਦਮ ਹੈ। ਆਗੂਆਂ ਏ.ਐਲ.ਸੀ ਦਫ਼ਤਰ ਗੁਰਦਾਸਪੁਰ ਵਿਖੇ ਬਹਾਲੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਮਜ਼ਦੂਰ ਆਗੂਆਂ ਵੱਲੋਂ ਨਵੇਂ ਕਿਰਤ ਕਨੂੰਨਾਂ ਦਾ ਸਖ਼ਤ ਵਿਰੋਧ ਕੀਤਾ ਅਤੇ ਕੇਂਦਰ ਸਰਕਾਰ ਦੀ ਵੀ ਅਲੋਚਨਾ ਕੀਤੀ। ਉਪਰੰਤ ਜੀ.ਏ. ਟੂ ਡੀਸੀ ਸ੍ਰੀ ਰਾਜਨ ਗੁਪਤਾ ਨੇ ਮੋਰਚੇ ਆਗੂਆਂ ਨੂੰ ਬੁਲਾ ਕੇ ਯਕੀਨ ਦੁਆਇਆ ਕਿ ਸਮਿਤੀ ਚੋਣਾਂ ਦੀ ਗਿਣਤੀ ਤੋਂ ਬਾਅਦ ਉਨ੍ਹਾਂ ਦੀ ਮੀਟਿੰਗ ਡੀਸੀ ਨਾਲ ਕਰਵਾ ਕੇ ਮਸਲੇ ਦਾ ਹੱਲ ਕੀਤਾ ਜਾਵੇਗਾ। ਗੱਲਬਾਤ ਤੋਂ ਬਾਅਦ ਧਰਨਾ ਮੁਲਤਵੀ ਕਰ ਦਿੱਤਾ ਗਿਆ।

Scroll To Top