
ਫਿਲੌਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇਸ਼ ‘ਚ ਅਜਿਹੀ ਤਬਦੀਲੀ ਚਾਹੁੰਦੀ ਹੈ, ਜਿਸ ‘ਚ ਕਿਸੇ ਨੂੰ ਕੋਈ ਗਮ ਨਾ ਹੋਵੇ, ਸਾਰਿਆਂ ਲਈ ਬਰਾਬਰ ਦੇ ਮੌਕੇ ਮਿਲਣ। ਬਰਾਬਰ ਦੇ ਮੌਕਿਆਂ ਨਾਲ ਹੀ ਬਰਾਬਰ ਦੀ ਤਰੱਕੀ ਹੋ ਸਕਦੀ ਹੈ। ਇਹ ਸ਼ਬਦ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਅੱਜ ਇਥੇ ਇੱਕ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਹੇ। ਪਾਸਲਾ ਨੇ ਕਿਹਾ ਕਿ ਬਰਾਬਰ ਦੇ ਮੌਕੇ ਤਾਂ ਇੱਕ ਪਾਸੇ ਦੇਸ਼ ਦੇ ਹਾਕਮ ਇਥੇ ਮਨੂਵਾਦੀ ਵਿਵਸਥਾ ਲਾਗੂ ਕਰਨ ਲਈ ਤਿਆਰੀਆਂ ਕਰ ਰਹੇ ਹਨ, ਜਿਸ ਵਿਵਸਥਾ ਨੇ ਦੂਜੇ ਧਰਮਾਂ ਦਾ ਨਹੀਂ ਸਗੋਂ ਪਹਿਲਾ ਇਸ ਨੂੰ ਲਾਗੂ ਕਰਨ ਵਾਲਿਆਂ ਦਾ ਹੀ ਨੁਕਸਾਨ ਕਰਨਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕਿਰਤ ਕੋਡ ਲਾਗੂ ਹੋਣ ਨਾਲ ਦੇਸ਼ ਦੇ ਅੱਸੀ ਪ੍ਰਤੀਸ਼ਤ ਹਿੰਦੂ ਕਾਮਿਆਂ ਦਾ ਕਿਵੇਂ ਭਲਾ ਹੋ ਸਕਦਾ ਹੈ। ਪਾਸਲਾ ਨੇ ਕਿਹਾ ਕਿ ਪਾਰਟੀ ਵਲੋਂ ਮਨੂਵਾਦ ਭਜਾਓ-ਬੇਗ਼ਮਪੁਰਾ ਵਸਾਓ ਤਹਿਤ ਸਾਰੇ ਪੰਜਾਬ ‘ਚ ਕਾਨਫਰੰਸਾਂ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਪਾਸਲਾ ਨੇ ਕਿਹਾ ਪੰਜਾਬ ਦੇ ਮੌਜੂਦਾ ਹਾਕਮ ਵਾਅਦਿਆਂ ਤੋਂ ਉਲਟ ਚੱਲ ਰਹੇ ਹਨ, ਜਿਸ ਕਾਰਨ ਨਾ ਤਾਂ ਭਰਿਸ਼ਟਾਚਾਰ ਖਤਮ ਹੋਇਆ ਅਤੇ ਨਾ ਹੀ ਲੋਕਾਂ ਦੇ ਹੋਰ ਮਸਲੇ ਹੱਲ ਹੋਏ ਹਨ।
ਇਸ ਮੌਕੇ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਕੱਲ ਨੂੰ ਐੱਸਕੇਐੱਮ ਵਲੋਂ ਸੀਡ ਬਿੱਲ ਅਤੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਫੂਕ ਕੇ ਰੋਹ ਪਰਗਟਾਇਆ ਜਾ ਰਿਹਾ ਹੈ। ਸੰਧੂ ਨੇ ਕਿਹਾ ਕਿ ਇਹ ਦੋਨੋਂ ਬਿੱਲ ਲੋਕ ਵਿਰੋਧੀ ਹਨ ਅਤੇ ਸਰਮਾਏਦਾਰ ਕੰਪਨੀਆਂ ਨੂੰ ਫਾਇਦੇ ਦੇਣ ਲਈ ਬਣਾਏ ਜਾ ਰਹੇ ਹਨ। ਇਸ ਕਾਨਫਰੰਸ ਨੂੰ ਪਾਰਟੀ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਅਤੇ ਸੂਬਾ ਸਕੱਤਰੇਤ ਮੈਂਬਰ ਡਾ. ਸਰਬਜੀਤ ਮੁਠੱਡਾ, ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ ਅਤੇ ਸੰਤੋਖ ਸਿੰਘ ਬਿਲਗਾ ਨੇ ਵੀ ਸੰਬੋਧਨ ਕੀਤਾ।
ਆਰੰਭ ‘ਚ ਕੁਲਦੀਪ ਫਿਲੌਰ ਨੇ ਬਾਹਰੋਂ ਆਏ ਸਾਥੀਆਂ ਨੂੰ ਜੀਆਇਆ ਕਿਹਾ ਅਤੇ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਸਹਾਇਤਾ ਦੇਣ ਵਾਲਿਆ ਦਾ ਧੰਨਵਾਦ ਕੀਤਾ। ਇਸ ਮੌਕੇ ਮਾਨਵਤਾ ਕਲਾ ਮੰਚ ਨਗਰ ਦੀ ਟੀਮ ਵਲੋਂ ਨਾਟਕ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਅੱਜ ਦੇ ਸਮਾਗਮ ਦੀ ਪ੍ਰਧਾਨਗੀ ਤਹਿਸੀਲ ਪ੍ਰਧਾਨ ਸਰਬਜੀਤ ਗੋਗਾ, ਕੁਲਜੀਤ ਫਿਲੌਰ, ਅਜੈ ਫਿਲੌਰ, ਕੁਲਦੀਪ ਵਾਲੀਆ ਅਤੇ ਮੰਗਾ ਸੰਗੋਵਾਲ ਨੇ ਕੀਤੀ। ਇਸ ਮੌਕੇ ਮੇਜਰ ਫਿਲੌਰ, ਬਨਾਰਸੀ ਦਾਸ, ਮੱਖਣ ਸੰਗਰਾਮੀ, ਅਮ੍ਰਿਤ ਪਾਲ ਨੰਗਲ, ਬਲਜਿੰਦਰ ਬੱਬੀ, ਸੁਰਜੀਤ ਸਿੰਘ ਬਿਲਗਾ, ਕੁਲਦੀਪ ਕੌੜਾ, ਨਿਰਮੋਲਕ ਸਿੰਘ, ਕਰਨੈਲ ਸਿੰਘ ਸੰਧੂ, ਅਮਰੀਕ ਰੁੜਕਾ, ਤਰਜਿੰਦਰ ਧਾਲੀਵਾਲ, ਜਸਬੀਰ ਭੋਲੀ ਆਦਿ ਵੀ ਹਾਜ਼ਰ ਸਨ।