
ਫਿਲੌਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਸਥਾਨਕ ਮੁਹੱਲਾ ਸੰਤੋਖਪੁਰਾ ‘ਚ ਮਨੂਵਾਦ ਭਜਾਓ, ਬੇਗ਼ਮਪੁਰਾ ਵਸਾਓ ਤਹਿਤ ਮੀਟਿੰਗ ਕੀਤੀ ਗਈ। ਜਿਸ ਦੌਰਾਨ 7 ਦਸੰਬਰ ਨੂੰ ਫਿਲੌਰ ਚ ਹੋਣ ਵਾਲੀ ਕਾਨਫ਼ਰੰਸ ਦੌਰਾਨ ਪੁੱਜਣ ਦੀ ਅਪੀਲ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਡਾ. ਸਰਬਜੀਤ ਮੁਠੱਡਾ ਨੇ ਕਿਹਾ ਕਿ ਇਹ ਮੀਟਿੰਗ ਡਾ. ਅੰਬੇਡਕਰ ਦੇ ਪਰੀਨਿਰਵਾਣ ਦਿਵਸ ਮੌਕੇ ਕੀਤੀ ਜਾ ਰਹੀ ਹੈ, ਜਿਸ ਦੇ ਬਣਾਏ ਸੰਵਿਧਾਨ ਨੂੰ ਖਤਰੇ ਖੜੇ ਹੋ ਰਹੇ ਹਨ। ਦੇਸ਼ ਦੇ ਹਾਕਮ ਘੱਟ ਗਿਣਤੀਆਂ ਲਈ ਖਤਰੇ ਪੈਦਾ ਕਰਦੇ ਹੋਏ ਦੇਸ਼ ਚ ਮਨੂਸਮਿਰਤੀ ਨੂੰ ਲਾਗੂ ਕਰਨ ਦੇ ਮਨਸੂਬੇ ਬਣਾ ਰਹੇ ਹਨ। ਜਿਸ ਨਾਲ ਸਿਰਫ ਘੱਟ ਗਿਣਤੀਆਂ ਲਈ ਹੀ ਖਤਰੇ ਨਹੀਂ ਖੜਨਗੇ ਸਗੋਂ ਦੇਸ਼ ਦੀ 80 ਫੀਸਦ ਹਿੰਦੂ ਅਬਾਦੀ ਲਈ ਵੀ ਸਤੀ ਵਰਗੇ ਹੋਰ ਘਿਨਾਉਂਣੇ ਕਥਿਤ ਕਾਨੂੰਨਾਂ ਦਾ ਸਾਹਮਣਾ ਕਰਨਾ ਪਵੇਗਾ। ਮੁਠੱਡਾ ਨੇ ਕਿਹਾ ਕਿ ਦੇਸ਼ ਦੇ ਹਾਕਮ ਲੋਕਾਂ ਲਈ ਨਹੀਂ ਸਗੋਂ ਸਰਮਾਏਦਾਰਾਂ ਲਈ ਹੀ ਕੰਮ ਕਰਦੇ ਹਨ, ਜਿਸ ਦਾ ਪ੍ਰਤੱਖ ਪ੍ਰਮਾਣ ਇਹ ਹੈ ਕਿ ਮੁਹੱਲੇ ਸੰਤੋਖਪੁਰਾ ਚ ਨਾ ਤਾਂ ਕੋਈ ਸਕੂਲ ਹੈ ਅਤੇ ਨਾ ਹੀ ਕੋਈ ਹੋਰ ਸਹੂਲਤ ਹੈ। ਉਨ੍ਹਾਂ ਵਿਸ਼ਵਾਸ਼ ਦਵਾਇਆ ਕਿ ਸੰਤੋਖਪੁਰਾ ਮੁਹੱਲੇ ਦੇ ਰਸਤੇ ਦਾ ਮਸਲਾ ਹੱਲ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਇਸ ਮੀਟਿੰਗ ਨੂੰ ਐਡਵੋਕੇਟ ਅਜੈ ਫਿਲੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ੇ ਦਾ ਹੱਲ ਕਰਨ ਲਈ ਸਰਕਾਰ ਕੋਲ ਕੋਈ ਬੱਝਵਾਂ ਪ੍ਰੋਗਰਾਮ ਨਹੀਂ ਹੈ। ਜਿਸ ਨਾਲ ਨੌਜਵਾਨ ਮੌਤ ਦੇ ਮੂੰਹ ਚ ਜਾ ਰਹੇ ਹਨ। ਤਹਿਸੀਲ ਕਮੇਟੀ ਮੈਂਬਰ ਅਮ੍ਰਿਤ ਪਾਲ ਨੰਗਲ ਅਤੇ ਮੱਖਣ ਸੰਗਰਾਮੀ ਨੇ ਵੀ ਇਸ ਮੀਟਿੰਗ ਨੂੰ ਸੰਬੋਧਨ ਕੀਤਾ। ਅੰਤ ਚ ਐਡਵੋਕੇਟ ਬਲਦੇਵ ਸਾਹਨੀ ਨੇ ਵੱਡੀ ਗਿਣਤੀ ਚ ਫਿਲੌਰ ਕਾਨਫਰੰਸ ਚ ਭਾਗ ਲੈਣ ਦਾ ਵਿਸ਼ਵਾਸ਼ ਦਵਾਉਂਦਿਆਂ ਹਾਜ਼ਰੀਨ ਦਾ ਧੰਨਵਾਦ ਕੀਤਾ।