
ਤਰਨ ਤਾਰਨ: ਵਿਧਾਨ ਸਭਾ ਹਲਕਾ ਤਰਨ ਤਾਰਨ ਵਿਖੇ ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵੱਲੋਂ ਜਬਰਦਸਤ ਨਾਅਰੇਬਾਜ਼ੀ ਕਰਦੇ ਹੋਏ ਕੀਤਾ ਰੋਸ ਮਾਰਚ ਕੀਤਾ ਗਿਆ।
ਮੋਰਚੇ ਵੱਲੋਂ ਪੰਜਾਬ ਸਰਕਾਰ ਦੇ ਬਿਜਲੀ ਵਿਭਾਗ ਦੀਆਂ ਜ਼ਮੀਨਾਂ ਵੇਚਣ ਦੇ ਫ਼ੈਸਲੇ ਵਿਰੁੱਧ ਅਤੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ 2025 ਦੇ ਖਿਲਾਫ ਗਾਂਧੀ ਪਾਰਕ ਤੋਂ ਸ਼ੁਰੂ ਕਰਕੇ ਤਰਨ ਤਾਰਨ ਸ਼ਹਿਰ ਅੰਦਰ ਵਿਸ਼ਾਲ ਰੋਸ ਮਾਰਚ ਅਤੇ ਜਬਰਦਸਤ ਨਾਅਰੇਬਾਜੀ ਕੀਤੀ ਗਈ। ਇਸ ਰੋਸ ਪ੍ਰਦਰਸ਼ਨ ਦੀ ਹਮਾਇਤ ਕਰਦੇ ਹੋਏ ਕੌਂਸਲ ਆਫ ਜੂਨੀਅਰ ਇੰਜੀਨੀਅਰ ਪੀਐਸਈਬੀ ਇੰਜੀਨੀਅਰ ਐਸੋਸੀਏਸ਼ਨ ਅਤੇ ਵੱਖ ਵੱਖ ਸਮਾਜਿਕ ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਰੋਸ ਰੈਲੀ ਨੂੰ ਵੱਖ ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਕਾਰ ਵੱਲੋਂ ਬਿਜਲੀ ਵਿਭਾਗ ਅਤੇ ਹੋਰ ਸਰਕਾਰੀ ਅਦਾਰਿਆਂ ਦੀਆਂ ਜ਼ਮੀਨਾਂ ਨੂੰ ਵੇਚਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਬਿਜਲੀ ਨਿਗਮ ਦੀਆਂ ਜਮੀਨਾਂ ਦੀ ਨਿਸ਼ਾਨਦੇਹੀ ਵੀ ਕੀਤੀ ਜਾ ਰਹੀ ਹੈ, ਜਦੋਂ ਕਿ ਬਿਜਲੀ ਵਿਭਾਗ ਵੱਲੋਂ 1948 ਐਕਟ ਅਧੀਨ ਜਮੀਨਾਂ ਅਕਵਾਇਰ ਕੀਤੀਆਂ ਗਈਆਂ ਸਨ ਜੋ ਕਿ ਦੁਬਾਰਾ ਵੇਚੀਆਂ ਨਹੀਂ ਜਾ ਸਕਦੀਆਂ। ਇਸ ਐਕਟ ਅਧੀਨ ਜੋ ਜਮੀਨਾਂ ਜਿਸ ਮੰਤਵ ਲਈ ਅਕੁਾਇਰ ਹੋਈ ਹਨ, ਉਹ ਉਸ ਕੰਮ ਲਈ ਹੀ ਵਰਤੀ ਜਾਵੇਗੀ ਅਤੇ ਉਸਦਾ ਮੰਤਵ ਬਦਲਿਆ ਨਹੀਂ ਜਾ ਸਕਦਾ। ਜੇਕਰ ਕਿਸੇ ਕਾਰਨ ਇਹ ਜਮੀਨ ਵੇਚਣੀ ਜਾਂ ਵਾਪਸ ਕਰਨੀ ਪੈ ਜਾਵੇ ਤਾਂ ਉਸ ਦੇ ਅਸਲ ਮਾਲਕ ਨੂੰ ਵਾਪਸ ਕਰਨੀ ਪਵੇਗੀ। ਉਹਨਾਂ ਇਹ ਵੀ ਦੱਸਿਆ ਕਿ ਸਾਲ 2018 ਵਿੱਚ ਕੈਪਟਨ ਸਰਕਾਰ ਵੱਲੋਂ ਬਠਿੰਡਾ ਥਰਮਲ ਪਲਾਂਟ ਤੇ 700 ਕਰੋੜ ਰੁਪਏ ਲਗਾਕੇ ਪੰਜ ਸਾਲ ਦੀ ਮਿਆਦ ਵਧਾਉਣ ਦੇ ਬਾਵਜੂਦ ਵੀ ਪੰਜ ਕਰੋੜ ਰੁਪਏ ਕਮਾਉਣ ਦੇ ਚੱਕਰ ਵਿੱਚ ਚਲਦੇ ਬਠਿੰਡਾ ਥਰਮਲ ਪਲਾਂਟ ਨੂੰ ਤੋੜ ਦਿੱਤਾ ਗਿਆ ਪ੍ਰੰਤੂ ਅੱਠ ਸਾਲ ਬੀਤਣ ਤੋਂ ਬਾਅਦ ਵੀ ਬਿਜਲੀ ਨਿਗਮ ਨੂੰ ਕੋਈ ਪੈਸਾ ਨਹੀਂ ਮਿਲਿਆ।
ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਦਿਆ ਕਿਹਾ ਕਿ ਜੇਕਰ ਤੁਰੰਤ ਸਰਕਾਰੀ ਜ਼ਮੀਨਾਂ ਵੇਚਣ ਦੀਆਂ ਗਤੀਵਿਧੀਆਂ ਬੰਦ ਨਾ ਕੀਤੀਆਂ ਗਈਆਂ ਅਤੇ ਬਿਜਲੀ ਸੋਧ ਬਿਲ 2025 ਨੂੰ ਪੰਜਾਬ ਅੰਦਰ ਲਾਗੂ ਕੀਤਾ ਗਿਆ ਤਾਂ ਸਮੁੱਚੇ ਪੰਜਾਬ ਦੇ ਬਿਜਲੀ ਕਾਮੇ ਤਿੱਖਾ ਸੰਘਰਸ਼ ਸ਼ੁਰੂ ਕਰਨਗੇ। ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਪਾਵਰ ਕਾਮ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਮੈਨੇਜਮੈਂਟ ਦੀ ਹੋਵੇਗੀ।
ਅੱਜ ਦੇ ਰੋਸ ਪ੍ਰਦਰਸ਼ਨ ਤੋ ਉਪਰੰਤ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਮੈਮੋਰੰਡਮ ਵੀ ਦਿੱਤਾ ਗਿਆ। ਅੱਜ ਦੇ ਰੋਸ ਪ੍ਰਦਰਸ਼ਨ ਨੂੰ ਹੋਰਨਾਂ ਤੋਂ ਇਲਾਵਾ ਸਕੱਤਰ ਮੋਰਚਾ ਅਵਤਾਰ ਸਿੰਘ ਕੈਥ, ਕੁਲਦੀਪ ਸਿੰਘ ਉਦੋਕੇ, ਟੀਐਸਯੂ ਦੇ ਸਾਬਕਾ ਸੂਬਾ ਜਨਰਲ ਸਕੱਤਰ ਜਗਤਾਰ ਸਿੰਘ ਉੱਪਲ, ਕਰਮਜੀਤ ਸਿੰਘ ਸਿੱਧੂ, ਕ੍ਰਿਸ਼ਨ ਭਾਰਤਵਾਜ, ਅਮਿਤ ਕੁਮਾਰ, ਨਰਿੰਦਰ ਸਿੰਘ ਕਲਸੀ, ਵਿਜੇ ਕੁਮਾਰ ਸ਼ਰਮਾ, ਸਰਦਾਰਾ ਸਿੰਘ ਗੱਜੂਮਾਜਰਾ, ਇੰਜੀਨੀਅਰ ਇਕਬਾਲ ਸਿੰਘ, ਇੰਜੀਨੀਅਰ ਜੀਐਮ ਖਹਿਰਾ, ਹਰਪ੍ਰੀਤ ਸਿੰਘ ਫਰੀਦਕੋਟ, ਕੁਲਵਿੰਦਰ ਨਥਾਲਾ, ਗੁਰਵਿੰਦਰ ਸਿੰਘ ਗੁਰੂ, ਦਲਵੀਰ ਸਿੰਘ ਜੌਹਲ, ਸੁਰਿੰਦਰ ਧਰਾਂਗਵਾਲਾ, ਸੰਜੀਵ ਕੁਮਾਰ, ਅਸ਼ੋਕ ਕੁਮਾਰ, ਜਗਰੂਪ ਸਿੰਘ ਮਹਿਮਦਪੁਰ, ਸੁਰਿੰਦਰ ਕੁਮਾਰ ਤਲਵਾੜਾ, ਸੰਦੀਪ ਕੁਮਾਰ, ਕਿਸਾਨ ਆਗੂ ਪਰਗਟ ਸਿੰਘ ਜਾਮਾਰਾਏ, ਪ੍ਰਭਜੀਤ ਸਿੰਘ, ਬਲਦੇਵ ਸਿੰਘ ਪੰਡੋਰੀ, ਦੀਪਕ ਕੁਮਾਰ, ਜਗਜੀਤ ਸਿੰਘ ਪੰਨੂ, ਗੁਰਪ੍ਰੀਤ ਸਿੰਘ ਹਰੀਕੇ, ਸੁਰਜੀਤ ਸਿੰਘ ਸਾਬਕਾ ਐਸਡੀਓ, ਧਰਮ ਸਿੰਘ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਰੈਲੀ ਨੂੰ ਸੰਬੋਧਨ ਕੀਤਾ ਅਤੇ ਸੰਘਰਸ਼ ਦੀ ਡਟਵੀਂ ਹਮਾਇਤ ਕੀਤੀ।