
ਅਜਨਾਲਾ: ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ‘ਤੇ ਭਿੰਡੀ ਸੈਦਾਂ ਥਾਣੇ ਦੀਆਂ ਧੱਕੇਸ਼ਾਹੀਆ ਅਤੇ ਪੀੜਿਤ ਨਿਰੰਜਨ ਸਿੰਘ ਵਾਸੀ ਜਸਰਾਊਰ ਦੀ 4 ਏਕੜ ਜ਼ਮੀਨ ਤੇ ਲੱਗੀ ਹੋਈ ਪੰਜਤਾਲੀ ਲੱਗਣ ਦੇ ਬਾਵਜੂਦ ਲੱਠਮਾਰਾਂ ਵੱਲੋਂ ਉਸ ਜ਼ਮੀਨ ਵਿੱਚੋਂ ਜ਼ਬਰੀ ਝੋਨਾ ਵੱਢਣ ਵਿਰੁੱਧ ਪੁਲਿਸ ਸਟੇਸ਼ਨ ਭਿੰਡੀ ਸੈਦਾਂ ਸਾਹਮਣੇ ਸੀਨੀਅਰ ਕਿਸਾਨ ਆਗੂ ਦੇਸਾ ਸਿੰਘ ਭਿੰਡੀ ਔਲਖ, ਔਰਤ ਮੁਕਤੀ ਮੋਰਚਾ ਦੀ ਸਕੱਤਰ ਪੀੜਤ ਸਰਬਜੀਤ ਕੌਰ ਜਸਰਾਊਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਜੱਗਾ ਸਿੰਘ ਡੱਲਾ ਤੇ ਸਤਵਿੰਦਰ ਸਿੰਘ ਉਠੀਆਂ, ਦਿਹਾਤੀ ਮਜ਼ਦੂਰ ਸਭਾ ਦੇ ਸੀਨੀਅਰ ਆਗੂ ਮਾਲਕ ਸਿੰਘ ਗੁਰਾਲਾ ਤੇ ਕਰਨੈਲ ਸਿੰਘ ਭਿੰਡੀ ਸੈਦਾਂ ਦੀ ਅਗਵਾਈ ‘ਚ ਰੋਸ ਧਰਨਾ ਲਗਾਇਆ ਗਿਆ, ਜਿਥੇ ਪੁਲਿਸ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਪੁਲੀਸ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਹੁੰਦੀ ਹੈ ਪ੍ਰੰਤੂ ਜਦੋਂ ਪੁਲਿਸ ਹੀ ਦੋਸ਼ੀਆਂ ਨਾਲ – ਲੈਂਡ ਮਾਫੀਆ ਨਾਲ ਰਲ ਜਾਵੇ ਤਾਂ ਫਿਰ ਪੁਲਿਸ ਵਿਰੁੱਧ ਲੜਣ ਤੋਂ ਬਗੈਰ ਕੋਈ ਚਾਰਾ ਨਹੀਂ। ਡਾ. ਅਜਨਾਲਾ ਨੇ ਅੱਗੇ ਦੱਸਿਆ ਕਿ ਅੱਜ ਆਪਾਂ ਸੀ੍ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਦੋਂ ਕਿ ਅੱਜ ਤੋਂ 550 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ
‘ਕਲਿ ਕਾਂਤੀ ਰਾਜੇ ਕਸਾਈ ‘ ਧਰਮ ਪੰਖ ਕਰਿ ਉਡਰਿਆ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ
ਅੱਜ ਵੀ ਗੁਰੂ ਨਾਨਕ ਦੇਵ ਜੀ ਦੇ ਕਥਨ ਸੱਚ ਸਾਬਿਤ ਹੋ ਰਹੇ ਹਨ ਥਾਣਿਆਂ, ਕਚਹਿਰੀਆਂ, ਅਦਾਲਤ ਆਦਿ ਵਿੱਚ ਝੂਠ , ਵੱਢੀਖੋਰੀ, ਬੇਇਨਸਾਫ਼ੀ ਤੇ ਰਾਜਸੀ ਦਖਲ ਦਾ ਬੋਲਬਾਲਾ ਹੈ ! ਧਰਨਾਕਾਰੀਆਂ ਦੀ ਇਨਸਾਫ਼ ਲੈਣ ਦੀ ਦਿਰਤ੍ਹਾ ਅਤੇ ਪੱਕਾ ਧਰਨਾ ਚਲਾਉਣ ਨੂੰ ਦੇਖਦਿਆਂ ਦੇਰ ਰਾਤ ਡੀ ਐਸ ਪੀ ਸੀ੍ ਸੰਜੀਵ ਕੁਮਾਰ ਧਰਨੇ ਵਿੱਚ ਪਹੁੰਚ ਕੇ ਆਗੂਆਂ ਨਾਲ ਵਿਸਥਾਰ ਪੂਰਵਕ ਗੱਲ ਕਰਕੇ ਵਾਅਦਾ ਕੀਤਾ ਕਿ ਪੰਜਤਾਲੀ ਤੋੜਨ ਵਾਲਿਆਂ ਵਿਰੁੱਧ ਕੇਸ ਦਰਜ ਕੀਤਾ ਜਾਵੇਗਾ, ਝੋਨਾ ਵੱਢਣ ਵਾਲੀ ਮਸ਼ੀਨ ਥਾਣੇ ਲਿਆਂਦੀ ਜਾਵੇਗੀ ਅਤੇ ਦੋਸ਼ੀਆਂ ਦਾ ਟਰੈਕਟਰ ਜ਼ਬਤ ਕੀਤਾ ਜਾਵੇਗਾ ਅਤੇ ਪੀੜਿਤਾਂ ਨਿਰੰਜਨ ਸਿੰਘ ਤੇ ਉਸ ਦੀ ਘਰਵਾਲੀ ਸਰਬਜੀਤ ਕੌਰ ਨੂੰ ਪੂਰਾ ਪੂਰਾ ਇਨਸਾਫ ਦਿਵਾਇਆ ਜਾਵੇਗਾ ਅਤੇ ਉਹਨਾਂ ਦਾ ਜ਼ਬਰੀ ਖੋਇਆ ਟਰੈਕਟਰ ਦਾ ਸਮਾਨ ਸੁਹਾਗਾ ਜ਼ੈਕ ਆਦਿ ਦੋਸ਼ੀਆਂ ਕੋਲੋਂ ਹਰ ਹਾਲਤ ਵਿੱਚ ਬਰਾਮਦ ਕਰਕੇ ਥਾਣੇ ਲਿਆਂਦਾ ਜਾਵੇਗਾ। ਡੀਐਸਪੀ ਨੇ ਥਾਣੇਦਾਰ ਸਤਨਾਮ ਸਿੰਘ ਨੂੰ ਹੁਕਮ ਦਿੱਤਾ ਕਿ ਉਹ ਕੀਤੇ ਗਏ ਜਾਇਜ਼ ਵਾਅਦਿਆਂ ‘ਤੇ ਤੁਰੰਤ ਅਮਲ ਕਰਨ।
ਇਸ ਉਪਰੰਤ ਡੀ ਐਸ ਪੀ ਨੇ ਧਰਨੇ ਵਿੱਚ ਪਹੁੰਚ ਕੇ ਆਗੂਆਂ ਨਾਲ ਕੀਤੇ ਵਾਅਦਿਆਂ ਦਾ ਐਲਾਨ ਕਰਨ ਇਸ ਉਪਰੰਤ ਨਾਰਿਆਂ ਦੀ ਗੂੰਜ ਵਿੱਚ ਧਰਨਾ ਸਮਾਪਤ ਕੀਤਾ ਗਿਆ।
ਧਰਨੇ ਵਿੱਚ ਹੋਰਨਾਂ ਤੋਂ ਲਖਬੀਰ ਸਿੰਘ ਤੱਲੇ, ਸਰਪੰਚ ਅਵਤਾਰ ਸਿੰਘ ਨੇਪਾਲ, ਦੇਸ਼ ਭਗਤ ਚਰਨ ਸਿੰਘ ਭਿੰਡੀ ਔਲਖ, ਜਰਨੈਲ ਸਿੰਘ ਭਿੰਡੀ ਸੈਦਾਂ, ਹਰਨੇਕ ਸਿੰਘ ਨੇਪਾਲ, ਗੁਰਪਾਲ ਗਿੱਲ ਸੈਦਪੁਰ, ਮਹਿਣ ਸਿੰਘ, ਅਮਰਜੀਤ ਸਿੰਘ ਭਿੰਡੀ ਸੈਦਾਂ, ਗੁਰਦੀਪ ਕੌਰ ਭਿੰਡੀ ਸੈਦਾਂ, ਮਹਿੰਦਰ ਸਿੰਘ ਗੁਰਾਲਾ, ਪ੍ਰੀਤਮ ਸਿੰਘ ਝੁੰਜ, ਸੈਕਟਰੀ ਕੁਲਵੰਤ ਸਿੰਘ ਭਿੰਡੀ ਸੈਦਾਂ ਆਦਿ ਨੇ ਵੀ ਆਪਣੇ ਵਿਚਾਰ ਰੱਖਦਿਆਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਦੁਬਾਰਾ ਧਰਨਾ ਲਗਾਇਆ ਜਾਵੇਗਾ।