
ਲੁਧਿਆਣਾ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਿਸਾਨਾਂ ਦੀਆਂ ਮੰਗਾਂ ਮੁਸ਼ਕਲਾਂ ਦੇ ਹੱਲ ਦੀ ਮੰਗ ਕਰਦਿਆਂ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਡਿਪਟੀ ਕਮਿਸ਼ਨਰ ਲੁਧਿਆਣਾ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੰਗ ਪੱਤਰ ਭੇਜਿਆ ਗਿਆ। ਅੱਜ ਦੇ ਇਸ ਵਫ਼ਦ ਦੀ ਅਗਵਾਈ ਸੰਯੁਕਤ ਕਿਸਾਨ ਮੋਰਚੇ ‘ਚ ਸ਼ਾਮਲ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਜਮਹੂਰੀ ਕਿਸਾਨ ਸਭਾ ਪੰਜਾਬ, ਕੁੱਲ ਹਿੰਦ ਕਿਸਾਨ ਸਭਾ (1936), ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਕੁੱਲ ਹਿੰਦ ਕਿਸਾਨ ਸਭਾ (ਹੱਨਨ ਮੁੱਲਾ) ਦੇ ਆਗੂਆਂ ਸੁਦਾਗਰ ਸਿੰਘ ਘੁਡਾਣੀ, ਰਘਵੀਰ ਸਿੰਘ ਬੈਨੀਪਾਲ, ਜਸਵੀਰ ਸਿੰਘ ਝੱਜ, ਮਨਪ੍ਰੀਤ ਸਿੰਘ ਸਿੱਧੂ, ਬਲਜੀਤ ਸਿੰਘ ਗਰੇਵਾਲ ਨੇ ਕੀਤੀ।
ਇਸ ਮੌਕੇ ਉਹਨਾਂ ਆਖਿਆ ਕਿ ਅਗਸਤ ਅਤੇ ਸਤੰਬਰ 2025 ਦੌਰਾਨ ਮੀਂਹ ਅਤੇ ਹੜ੍ਹਾਂ ਕਾਰਨ ਪੰਜਾਬ ਦੇ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ। ਲੱਗਭੱਗ 59 ਇਨਸਾਨਾਂ ਦੀ ਜਾਨ ਚਲੀ ਗਈ, ਘਰ ਢਹਿ ਗਏ, ਪਸ਼ੂ ਰੁੜ੍ਹ ਗਏ, ਜ਼ਮੀਨਾਂ ਦਰਿਆ ਖੁਰਦ ਬੁਰਦ ਹੋ ਗਈਆਂ, ਖੇਤਾਂ ਵਿੱਚ ਗਾਰ ਭਰ ਗਈ ਅਤੇ ਫਸਲਾਂ ਤਬਾਹ ਹੋ ਗਈਆਂ ਹਨ।
ਇਸ ਵਾਰ ਬਾਰਿਸ਼ ਤੋਂ ਇਲਾਵਾ ਝੋਨੇ ਤੇ ਹਲਦੀ ਰੋਗ ਅਤੇ ਬੌਨਾ ਰੋਗ ਦਾ ਹਮਲਾ ਹੋਣ ਕਾਰਨ ਝੋਨੇ ਦਾ ਝਾੜ 8 ਤੋਂ 10 ਕੁਇੰਟਲ ਤੱਕ ਪ੍ਰਤੀ ਏਕੜ ਘਟ ਗਿਆ।ਪਰਾਲ਼ੀ ਦਾ ਪ੍ਰਬੰਧ ਕਰਨ ਲਈ ਨਾ ਤਾਂ ਕਿਸਾਨਾਂ ਨੂੰ ਲੋੜੀਂਦੀ ਮਾਤਰਾ ਵਿੱਚ ਮਸ਼ੀਨਰੀ ਦਿੱਤੀ ਗਈ ਅਤੇ ਨਾ ਹੀ ਕੋਈ ਨਕਦ ਸਹਾਇਤਾ ਦਿੱਤੀ ਗਈ। ਇਹਨਾਂ ਪ੍ਰਬੰਧਾਂ ਦੀ ਅਣਹੋਂਦ ਵਿੱਚ ਜਦੋਂ ਕਿਸਾਨ ਮਜ਼ਬੂਰੀ ਵੱਸ ਪਰਾਲ਼ੀ ਸਾੜਦੇ ਹਨ ਤਾਂ ਉਹਨਾਂ ਦੇ ਖਿਲਾਫ ਕੇਸ ਦਰਜ਼ ਕੀਤੇ ਜਾ ਰਹੇ ਹਨ। ਡੀ.ਏ.ਪੀ. ਖਾਦ ਦੀ ਭਾਰੀ ਘਾਟ ਕਾਰਨ ਕਿਸਾਨ ਕਣਕ ਬੀਜਣ ਤੋਂ ਲੇਟ ਹੋ ਰਹੇ ਹਨ। ਇੱਥੇ ਵਰਨਣ ਯੋਗ ਹੈ ਕਿ 15 ਨਵੰਬਰ ਤੋਂ ਬਾਅਦ ਬੀਜੀ ਕਣਕ ਦਾ ਝਾੜ ਡੇਢ ਕੁਇੰਟਲ ਪ੍ਰਤੀ ਏਕੜ ਹਰ ਹਫਤੇ ਘਟ ਜਾਂਦਾ ਹੈ। ਉਤੋਂ ਸਿਤਮ ਇਹ ਕਿ ਡੀਏਪੀ ਦੇ ਨਾਲ ਨੈਨੋ ਯੂਰੀਆ ਅਤੇ ਹੋਰ ਗੈਰ ਜ਼ਰੂਰੀ ਵਸਤਾਂ ਕਿਸਾਨਾਂ ਨੂੰ ਜਬਰੀ ਮੜ੍ਹੀਆਂ ਜਾ ਰਹੀਆਂ ਹਨ।
ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਨੂੰ ਪੱਕੇ ਤੌਰ ਤੇ ਰੋਕਣ ਅਤੇ ਪ੍ਰਭਾਵਿਤ ਕਿਸਾਨਾਂ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਮੁੜ ਲੀਹ ਤੇ ਲਿਆਉਣ ਲਈ ਠੋਸ ਵਿਉਂਤਬੰਦੀ ਅਤੇ ਲੋੜੀਂਦਾ ਮੁਆਵਜ਼ਾ ਦੇਣ ਦੀ ਥਾਂ ਸਿਰਫ ਦਰਸ਼ਨੀ ਕਾਰਵਾਈਆਂ ਕੀਤੀਆਂ ਗਈਆਂ ਹਨ।
ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ 8 ਅਕਤੂਬਰ ਨੂੰ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਹੜ੍ਹ ਪੀੜਤਾਂ ਦੀਆਂ ਮੰਗਾਂ ਅਤੇ ਕੁਝ ਹੋਰ ਮਸਲਿਆਂ ਬਾਰੇ ਆਪ ਜੀ ਨੂੰ ਮੰਗ ਪੱਤਰ ਭੇਜੇ ਗਏ ਸਨ। ਅੱਜ ਚਾਰ ਨਵੰਬਰ ਨੂੰ ਆਪ ਜੀ ਨੂੰ ਫਿਰ ਯਾਦ ਕਰਵਾਇਆ ਜਾਂਦਾ ਹੈ। ਉਹਨਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਕੇਂਦਰ ਸਰਕਾਰ ਵੱਲੋ ਸੈਨਿਟ ਭੰਗ ਭੰਗ ਕਰਨ ਦੀ ਨਿੰਦਾ ਕਰਦਿਆਂ ਇਸ ਨੂੰ ਬਹਾਲ ਕਰਨ ਦੀ ਮੰਗ ਕੀਤੀ। ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਸੰਘਰਸ਼ ਤੇਜ ਕਰਨ ਦੀ ਚਿਤਾਵਨੀ ਦਿੱਤੀ। ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਨੇ ਮੰਗ ਪੱਤਰ ਲੈੰਦਿਆਂ ਉਹਨਾਂ ਦੀਆਂ ਮੰਗਾਂ ਉੱਪਰ ਗੰਭੀਰਤਾ ਦਿਖਾਈ।
ਇਸ ਮੌਕੇ ਹੋਰਨਾ ਤੋਂ ਇਲਾਵਾ ਮਨੋਹਰ ਸਿੰਘ ਕਲਾਹੜ, ਹਰਨੇਕ ਸਿੰਘ ਗੁੱਜਰਵਾਲ, ਚਮਕੌਰ ਸਿੰਘ ਬਰਮੀ, ਰਜਿੰਦਰ ਸਿੰਘ ਕੋਟ ਪਨੈਚ, ਆਦਿ ਹਾਜਰ ਸਨ।