
ਮਹਿਤਪੁਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵਲੋਂ ਖਿਹਰਾ ਮੁਸ਼ਤਰਕਾ ਅਤੇ ਖੁਰਲਾਪੁਰ ਪਿੰਡਾਂ ਵਲੋਂ ਸਾਂਝੇ ਤੌਰ ਤੇ ਜਾਤੀਵਾਦੀ ਤੇ ਲਿੰਗਕ ਜਬਰ ਤੇ ਵਿਤਕਰੇ ਤੋਂ ਮੁਕਤੀ ਹਾਸਲ ਕਰਨ ਦੇ ਮਾਨਵੀ ਸੰਘਰਸ਼ ਦੀ ਕੜੀ ਵਜੋਂ ਪੁਤਲਾ ਫੂਕਿਆ ਗਿਆ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਕਮੇਟੀ ਮੈਂਬਰ ਮੇਜਰ ਖੁਰਲਾਪੁਰ ਨੇ ਇਕੱਤਰ ਕਾਰਕੁੰਨਾ ਨੂੰ ਦੱਸਿਆ ਕਿ ਮੋਦੀ ਸਰਕਾਰ ਦੇ ਮੌਜੂਦਾ ਰਾਜ ਦੌਰਾਨ ਦੇਸ਼ ਦੀ ਸਰਵ ਉੱਚ ਅਦਾਲਤ ਦੇ ਮੁੱਖ ਜੱਜ ਵੱਲ ਆਰਐੱਸਐੱਸ ਨਾਲ ਜੁੜੇ ਵਿਅਕਤੀ ਵਲੋਂ ਜੁੱਤੀ ਵਗਾਹ ਕੇ ਮਾਰਨ ਤੋਂ ਇਹ ਗੱਲ ਬਾਖੂਬੀ ਸਿੱਧ ਹੁੰਦੀ ਹੈ ਕਿ ਸੰਘ ਪਰਿਵਾਰ ਦੀਆਂ ਨਜ਼ਰਾਂ ‘ਚ ਦੇਸ਼ ਦੇ ਸੰਵਿਧਾਨ-ਕਾਨੂੰਨ ਦਾ ਮੁੱਲ ਕਾਣੀ ਕੌਡੀ ਬਰਾਬਰ ਵੀ ਨਹੀਂ। ਉਨ੍ਹਾਂ ਕਿਹਾ ਕਿ ਇਕ ਆਈਪੀਐੱਸ ਦਾ ਖੁਦਕੁਸ਼ੀ ਲਈ ਮਜਬੂਰ ਹੋਣਾ ਵੀ ਇਸ ਗੱਲ ਦਾ ਪ੍ਰਤੀਕ ਹੈ ਕਿ ਭਾਰਤੀ ਸਮਾਜ ਅੰਦਰ ਜਾਤੀਵਾਦ ਦੀਆਂ ਜੜਾਂ ਕਿੰਨੀਆਂ ਡੂੰਘੀਆਂ ਹਨ। ਇਸ ਮੌਕੇ ਹਾਜ਼ਰੀਨ ਨੇ ਪੁਤਲਾ ਫੂਕਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।