
ਮਹਿਲ ਕਲਾਂ: ਪਿੰਡ ਗੁਰਮ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸ਼ਹੀਦੇ-ਆਜ਼ਮ ਦਾ ਆਦਮ- ਕੱਦ ਬੁੱਤ ਬਸ ਸਟੈਂਡ ਗੁਰਮ ਵਿਖੇ ਸਥਾਪਤ ਕੀਤਾ।ਇਹ ਕਾਰਜ ਸਮਾਜ ਸੇਵੀ ਬਾਬਾ ਸੱਚ ਕਾ ਨੰਦ ਦੀ ਅਗਵਾਈ ਹੇਠ ਉਨ੍ਹਾਂ ਦੇ ਪੁੱਤਰਾਂ ਬਾਬਾ ਮਾਨ ਦਾਸ ਗੁਰਮ, ਬਾਬਾ ਆਕਲੂ ਦਾਸ ਦੇ ਅਹਿਮ ਯੋਗਦਾਨ ਨਾਲ ਮੁਕੰਮਲ ਹੋਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਆਰ ਐੱਮ ਪੀ ਆਈ ਦੇ ਕੌਮੀ ਸਕੱਤਰ ਮੰਗਤ ਰਾਮ ਪਾਸਲਾ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕਰਦਿਆਂ ਸਮੂਹ ਪਬੰਧਕਾਂ ਨੂੰ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਬੁੱਤ ਸਥਾਪਤ ਕਰਨਾ ਭਹੁਤ ਸ਼ਲਾਘਾਯੋਗ ਕਦਮ ਹੈ, ਪਰ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਸੁਪਨਿਆਂ ਦੀ ਆਜ਼ਾਦੀ ਦੇ ਮਿਸ਼ਨ ਦੀ ਪੂਰਤੀ ਲਈ ਸਾਰਿਆਂ ਨੂੰ ਲਾਮਬੰਦ ਹੋਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਮਹਾਨ ਸੂਰਬੀਰ ਜੋਧਿਆਂ ਦੀ ਵਿਚਾਰਧਾਰਾ ਨੂੰ ਘਰ ਘਰ ਤੱਕ ਲੈ ਕੇ ਜਾਣ ਦੀ ਅਪੀਲ ਕਰਦਿਆਂ ਕਿਹਾ ਕਿ ਸ੍ਰ: ਭਗਤ ਸਿੰਘ ਸਿਰਫ਼ 24 ਸਾਲ ਦੀ ਉਮਰ ‘ਚ ਹੀ ਇਸ ਨਤੀਜੇ ‘ਤੇ ਪਹੁੰਚ ਗਏ ਸਨ।
ਕਿ ਭਾਰਤ ਨੂੰ ਅੰਗਰੇਜ਼ੀ ਗੁਲਾਮੀ ਤੋਂ ਆਜ਼ਾਦ ਕਰਵਾਉਣਾ ਲਾਜ਼ਮੀ ਹੈ, ਪਰ ਉਸ ਸਮੇਂ ਦੇ ਮੌਕਾਪ੍ਰਸਤ ਲੀਡਰਾਂ ਦੀ ਬਦਨੀਤੀ ਕਰਕੇ ਵੱਡੀਆਂ ਕੁਰਬਾਨੀਆਂ ਦੇ ਬਾਵਜੂਦ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਸੁਪਨਿਆਂ ਦੀ ਆਜ਼ਾਦੀ ਅਜੇ ਤੱਕ ਵੀ ਨਹੀਂ ਆਈ।ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਲੋਕ ਮੁਢਲੀਆਂ ਲੋੜਾਂ ਤੋਂ ਵੀ ਵਾਂਝੇ ਹਨ।ਉਨ੍ਹਾਂ ਜ਼ੋਰ ਦਿੱਤਾ ਕਿ ਜੇਕਰ ਅਸੀਂ ਭਗਤ ਸਿੰਘ ਦੇ ਸੁਪਨੇ ਨੂੰ ਸਾਕਾਰ ਕਰਨਾ ਚਾਹੁੰਦੇ ਹਾਂ, ਤਾਂ ਘਰ-ਘਰ, ਪਿੰਡ- ਪਿੰਡ ਉਸ ਦੀ ਵਿਚਾਰਧਾਰਾ ਨੂੰ ਪਹੁੰਚਾਉਣਾ ਪਵੇਗਾ।ਉਨ੍ਹਾਂ ਦੇ ਨਕਸ਼ੇ- ਕਦਮਾਂ ‘ਤੇ ਚੱਲ ਕੇ ਹੀ ਅਸੀਂ ਅਸਲ ਸਮਾਜਕ ਬਰਾਬਰੀ, ਨਿਆਂ ਤੇ ਮਨੁੱਖਤਾ ਵਾਲੇ ਰਾਜ ਪ੍ਰਬੰਧ ਦੀ ਸਿਰਜਣਾ ਕਰ ਸਕਦੇ ਹਾਂ। ਸਾਥੀ ਨਰਾਇਣ ਦੱਤ ਨੇ ਸੱਚ ਕਾ ਨੰਦ ਗੁਰਮਾਂ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਸ਼ਹੀਦ ਦਾ ਬੁੱਤ ਸਥਾਪਤ ਕਰਨ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਹੀਦ ਦਾ ਇਹ ਬੁੱਤ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਪ੍ਰੇਰਣਾ ਦਾ ਸਰੋਤ ਬਣੇਗਾ।ਇਸ ਮੌਕੇ ਸਰਪੰਚ ਮਨਜੀਤ ਕੌਰ ਗੁਰਮ, ਕੁਲਦੀਪ ਸਿੰਘ ਗੁਰਮ, ਜੇ ਈ ਸੂਰਤ ਰਾਮ, ਭੋਲਾ ਸਿੰਘ ਗੁੰਮਟੀ, ਮਾ: ਹਰਬੰਸ ਲਾਲ, ਜਗਤਾਰ ਸਿੰਘ ਢਿੱਲੋਂ, ਜਸਵੀਰ ਸਿੰਘ ਸੀਰਾ, ਕੁਲਵੰਤ ਸਿੰਘ ਮਾਹਮਦਪੁਰ, ਸਾਬਕਾ ਸਰਪੰਚ ਰਾਜਵਿੰਦਰ ਸਿੰਘ ਗੁਰਮ, ਕਰਮਜੀਤ ਸਿੰਘ ਗੁਰਮ, ਕਿਸਾਨ ਆਗੂ ਮੇਜਰ ਸਿੰਘ, ਚੇਤ ਰਾਮ ਗੁਰਮ, ਮੇਘ ਰਾਜ ਜੋਸ਼ੀ, ਮਲਕੀਤ ਸਿੰਘ ਵਜੀਦਕੇ, ਸਹਾਇਕ ਥਾਣੇਦਾਰ ਮਨਜਿੰਦਰ ਸਿੰਘ ਸ਼ੇਰਪੁਰ, ਅਮਰਜੀਤ ਸਿੰਘ ਕੁੱਕੂ ਤੋਂ ਇਲਾਵਾ ਵੱਖ- ਵੱਖ ਜਥੇਬੰਦੀਆਂ ਦੇ ਆਗੂਆਂ, ਪਿੰਡ ਵਾਸੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ।ਅਖੀਰ ‘ਚ ਕਿਸਾਨ ਆਗੂ ਮਾਨ ਸਿੰਘ ਗੁਰਮ ਨੇ ਸੱਚ ਕਾ ਨੰਦ ਗੁਰਮ ਤੇ ਸਮੂਹ ਪਰਿਵਾਰ ਵੱਲੋਂ ਪਹੁੰਚਣ ‘ਤੇ ਸਾਰਿਆਂ ਦਾ ਉਚੇਚਾ ਧੰਨਵਾਦ ਕੀਤਾ।