ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਚੇਅਰਮੈਨ ਕਾਮਰੇਡ ਕੇ. ਗੰਗਾਧਰਨ ਅਤੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਪਾਰਟੀ ਦੀ ਕੇਂਦਰੀ ਕਮੇਟੀ ਵਲੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਉੱਘੇ ਬੁੱਧੀਜੀਵੀ ਤੇ ਲੋਕ ਪੱਖੀ ਕਾਰਕੁੰਨ ਸੋਨਮ ਵਾਂਗਚੁਕ ਨੂੰ ਬਸਤੀਵਾਦੀ ਤਰਜ਼ ਦੇ ਜ਼ਾਲਿਮ ਕਾਨੂੰਨ ਕੌਮੀ ਸੁਰੱਖਿਆ ਕਾਨੂੰਨ (ਐੱਨਐੱਸਏ) ਤਹਿਤ ਗ੍ਰਿਫਤਾਰ ਕਰਨ ਵਾਲੀ ਕੇਂਦਰ ਦੀ ਮੋਦੀ ਸਰਕਾਰ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਆਗੂਆਂ ਨੇ ਕਿਹਾ ਕਿ ਦੇਸ਼ ਦੇ ਹਾਕਮ ਸਮੱਸਿਆ ਦੇ ਕਾਰਨ ਅਤੇ ਇਸ ਦਾ ਹੱਲ ਲੱਭਣ ਦੀ ਥਾਂ ਆਵਾਜ਼ ਚੁੱਕਣ ਵਾਲਿਆਂ ਨੂੰ ਜੇਲ੍ਹਾਂ ਚ ਭੇਜਣ ਦਾ ਹੀ ਕੰਮ ਕਰਦੇ ਹਨ। ਇਸ ਤੋਂ ਪਹਿਲਾ ਵੀ ਇਸ ਨੂੰ ਯੂਟੀ ਬਣਾ ਕੇ ਸਿੱਧਾ ਆਪਣੇ ਕਬਜ਼ੇ ਚ ਲਿਆ ਹੋਇਆ ਹੈ।
ਗੰਗਾਧਰਨ ਅਤੇ ਪਾਸਲਾ ਨੇ ਲੱਦਾਖੀ ਬਾਸ਼ਿੰਦਿਆਂ ਨੂੰ ਗੋਲੀਬਾਰੀ ਰਾਹੀਂ ਕਤਲ ਕੀਤੇ ਜਾਣ ਦੀ ਬਰਬਰ ਪੁਲਸੀਆ ਕਾਰਵਾਈ ਦਾ ਵੀ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਹੈ ਕਿ ਲੱਦਾਖ ਦੇ ਹਾਲਾਤ ਖਰਾਬ ਹੋਣ ਲਈ ਸਿੱਧੇ ਤੌਰ ‘ਤੇ ਤਾਨਾਸ਼ਾਹ ਸੋਚ ਵਾਲੀ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਅਤੇ ਵਾਅਦਾ ਖਿਲਾਫੀਆਂ ਜਿੰਮੇਵਾਰ ਹਨ। ਉਨ੍ਹਾਂ ਹਾਲਾਤ ਸੁਧਾਰਨ ਲਈ ਸੋਨਮ ਵਾਂਗਚੁਕ ਨੂੰ ਬਿਨਾਂ ਦੇਰੀ ਰਿਹਾ ਕਰਨ, ਲੱਦਾਖ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਅਤੇ ਜਮਹੂਰੀਅਤ ਬਹਾਲੀ ਲਈ ਠੋਸ ਕਦਮ ਚੁੱਕਣ ਦੀ ਮੰਗ ਕੀਤੀ ਹੈ। ਸਾਥੀ ਗੰਗਾਧਰਨ ਅਤੇ ਪਾਸਲਾ ਨੇ ਕਿਹਾ ਹੈ ਕਿ ਲੱਦਾਖ ਦੇ ਲੋਕਾਂ ਦੀਆਂ ਸਮੁੱਚੀਆਂ ਸੰਵਿਧਾਨਕ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ।