
ਫਰੀਦਕੋਟ: ਜਨਤਕ ਜਥੇਬੰਦੀਆਂ ਦਾ ਸਾਂਝਾ ਮੋਰਚਾ ਜ਼ਿਲ੍ਹਾ ਫਰੀਦਕੋਟ ਦੀ ਮੀਟਿੰਗ ਰੈਸਟ ਹਾਊਸ ਫਰੀਦਕੋਟ ਵਿਖੇ ਜ਼ਿਲ੍ਹਾ ਕਨਵੀਨਰ ਵੀਰਇੰਦਰ ਜੀਤ ਸਿੰਘ ਪੁਰੀ ਅਤੇ ਜਸਮੇਲ ਸਿੰਘ ਰਾਹੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਲੋਂ ਆਉਣ ਵਾਲੀ 14 ਮਾਰਚ ਨੂੰ ਕੋਟਕਪੂਰਾ ਦੇ ਕੋਠੇ ਗੱਜਣ ਸਿੰਘ ਕਨਮਿਊਨਿਟੀ ਹਾਲ ਵਿਖੇ ਕੀਤੀ ਜਾਣ ਵਾਲੀ ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਫਰੀਦਕੋਟ ਦੀ ਜਥੇਬੰਦਕ ਕਨਵੈਨਸ਼ਨ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ। ਕਨਵੈਨਸ਼ਨ ਵਲੋਂ ਕੇਂਦਰ ਦੀ ਮੋਦੀ ਸਰਕਾਰ ਤੇ ਪ੍ਰਾਂਤਕ ਸਰਕਾਰਾਂ ਦੀਆਂ ਲੋਕ ਮਾਰੂ, ਦੇਸ਼ ਨੀਤੀਆਂ ਵਿਰੁੱਧ ਖ਼ਿਲਾਫ਼ ਵਿਸ਼ਾਲ ਲੋਕ ਲਾਮਬੰਦੀ ਤੇ ਆਧਾਰਿਤ ਸੰਘਰਸ਼ਾਂ ਦੀ ਠੋਸ ਵਿਉਂਤਬੰਦੀ ਕੀਤੀ ਜਾਵੇਗੀ। ਨਾਲ ਹੀ ਕੇਂਦਰ ਸਰਕਾਰ ਦੇ ਪ੍ਰਸਤਾਵਿਤ ਬਿਜਲੀ ਸੋਧ ਬਿਲ ਤੇ ਬੀਜ ਸੋਧ ਬਿਲ 2025 ਅਤੇ ਚਾਰ ਕਿਰਤ ਕੋਰਡ ਰੱਦ ਕਰਵਾਉਣ ਤੋਂ ਇਲਾਵਾ ਮਗਨਰੇਗਾ ਕਾਨੂੰਨ ਦੀ ਇੰਨ-ਬਿੰਨ ਬਹਾਲੀ ਲਈ ਲੋਕ ਯੁੱਧ ਪ੍ਰਚੰਡ ਕਰਨ ਦੀ ਰੂਪ ਰੇਖਾ ਉਲੀਕੀ ਜਾਵੇਗੀ। ਦੇਸ਼ ਦੇ ਹਿਤਾਂ ਨੂੰ ਸੱਟ ਮਾਰਨ ਵਾਲੇ ਮੁਕਤ ਵਪਾਰ ਸਮਝੌਤੇ, ਖਾਸ ਕਰਕੇ ਅਮਰੀਕਾ ਨਾਲ ਕੀਤੀ ਗਈ ਹਾਲੀਆ ਡੀਲ ਰੱਦ ਕਰਵਾਉਣ ਲਈ ਚੇਤਨਾ ਮੁਹਿੰਮ ਚਲਾਉਣ ਦਾ ਨਿਰਣਾ ਲਿਆ ਜਾਵੇਗਾ। ਇਸ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਫਰੀਦਕੋਟ ਦੀ ਕਮੇਟੀ ਚੁਣੀ ਜਾਵੇਗੀ।
ਕਨਵੈਨਸ਼ਨ ਨੂੰ ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਜਥੇਬੰਦਕ ਸਕੱਤਰ ਰਘਬੀਰ ਸਿੰਘ ਬੈਨੀਪਾਲ ਤੇ ਜਮਹੂਰੀ ਲਹਿਰ ਦੇ ਉੱਘੇ ਆਗੂ ਮਾਹੀ ਪਾਲ ਸੰਬੋਧਨ ਕਰਨਗੇ। ਆਰਗੈਨਿਕ ਖੇਤੀ ਦੇ ਮਾਹਰ ਅਤੇ ਅਗਾਂਹ ਵਾਧੂ ਕਿਸਾਨ ਡਾ ਮਨਜੀਤ ਸਿੰਘ ਕੋਟਕਪੂਰਾ ਵੀ ਵਿਚਾਰ ਰੱਖਣਗੇ।
ਮੀਟਿੰਗ ਵਲੋੰ ਲੰਘੀ 8 ਮਾਰਚ ਨੂੰ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਮੁਲਾਜ਼ਮਾਂ, ਪੈਨਸ਼ਨਰਾਂ ‘ਤੇ ਢਾਹੇ ਵਹਿਸ਼ੀਆਨਾ ਪੁਲਸ ਜਬਰ, ਜਿਸ ‘ਚ ਇਸਤਰੀ ਕਰਮਚਾਰੀਆਂ ਨੂੰ ਗਿਣ-ਮਿਥ ਕੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ, ਦੀ ਜ਼ੋਰਦਾਰ ਨਿਖੇਧੀ ਕੀਤੀ ਗਈ।
ਆਰੰਭ ਵਿਚ ਅਮਰੀਕਾ-ਇਜਰਾਇਲ ਜੁੰਡਲੀ ਵਲੋਂ ਇਰਾਨ ‘ਤੇ ਕੀਤੇ ਗਏ ਨਿਹੱਕੇ ਹਮਲੇ ‘ਚ ਮਾਰੇ ਜਾਣ ਵਾਲੇ ਨਿਰਦੋਸ਼ ਨਾਗਰਿਕਾਂ ਨੂੰ ਸ਼ਰਧਾਂਜਲੀ ਭੇੰਟ ਕੀਤੀ ਗਈ।
ਹੋਰਨਾਂ ਤੋਂ ਇਲਾਵਾ ਸੂਰਤ ਸਿੰਘ ਮਾਹਲਾ, ਸੁਖਮੰਦਰ ਸਿੰਘ ਢਿੱਲਵਾਂ, ਬਲਕਾਰ ਸਿੰਘ ਔਲਖ, ਅਜੀਤ ਸਿੰਘ ਖਾਲਸਾ, ਹਰਜਿੰਦਰ ਸਿੰਘ ਕਾਕਾ, ਜਤਿੰਦਰ ਕੁਮਾਰ, ਸਿਮਰਜੀਤ ਸਿੰਘ ਬਰਾੜ, ਗੁਰਤੇਜ ਸਿੰਘ ਖਹਿਰਾ, ਸੁਵਿੰਦਰ ਸਿੰਘ ਭੱਟੀ, ਕਰਮਜੀਤ ਸਿੰਘ, ਕੇਵਲ ਸਿੰਘ, ਸ਼ਿਵ ਸਿੰਘ ਅੱਜ ਦੀ ਮੀਟਿੰਗ ‘ਚ ਸ਼ਾਮਿਲ ਹਨ।