
ਅੰਮ੍ਰਿਤਸਰ: ਚਾਰ ਖੱਬੀਆਂ ਪਾਰਟੀਆਂ ਸੀਪੀਆਈ, ਸੀਪੀਆਈ (ਐੱਮ), ਆਰਐੱਮਪੀਆਈ ਅਤੇ ਸੀਪੀਆਈ (ਐੱਮ ਐੱਲ -ਲਿਬਰੇਸ਼ਨ ) ਦੇ ਕਾਰਕੁੰਨਾ ਵਲੋਂ ਅੱਜ ਸਥਾਨਕ ਪੁਤਲੀਘਰ ਚੌਂਕ ਵਿਖੇ ਅਮਰੀਕਾ ਅਤੇ ਇਜਰਾਈਲ ਖਿਲਾਫ ਰੋਸ ਵਿਖਾਵਾ ਕੀਤਾ ਹੈ ਅਤੇ ਦੋਵਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਦੇ ਪੁਤਲੇ ਫੂਕੇ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਅਮਰਜੀਤ ਸਿੰਘ ਆਸਲ, ਰਤਨ ਸਿੰਘ ਰੰਧਾਵਾ, ਚਰਨਜੀਤ ਸਿੰਘ ਮਜੀਠਾ, ਸੁੱਚਾ ਸਿੰਘ ਅਜਨਾਲਾ, ਜਗਤਾਰ ਸਿੰਘ ਕਰਮਪੁਰਾ, ਲਖਬੀਰ ਸਿੰਘ ਨਿਜਾਮਪੁਰ, ਵਿਜੈ ਕਪੂਰ, ਦਸਵਿੰਦਰ ਕੌਰ, ਕੰਵਲਜੀਤ ਕੌਰ ਅਤੇ ਬਲਬੀਰ ਸਿੰਘ ਮੂਧਲ ਆਦਿ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵਲੋਂ ਇਜਰਾਈਲ ਨਾਲ ਮਿਲ ਕਿ ਜੋ ਹਮਲਾ ਇਰਾਨ ਦੇ ਲੋਕਾਂ ‘ਤੇ ਕੀਤਾ ਹੈ, ਉਸ ਦੀ ਜ਼ੋਰਦਾਰ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਇਸ ਜੰਗ ਦੇ ਪੂਰੀ ਦੁਨੀਆ ‘ਤੇ ਪੈਣ ਵਾਲੇ ਪ੍ਰਭਾਵਾਂ ਨਾਲ ਮਹਿੰਗਾਈ, ਬੇਰੁਜਗਾਰੀ ਵਿੱਚ ਹੋਰ ਵਾਧਾ ਹੋਵੇਗਾ। ਖਾਸ ਕਰਕੇ ਭਾਰਤ ਦੀ ਸਰਕਾਰ ਜਿਸ ਤਰਾਂ ਅਮਰੀਕੀ ਹਾਕਮਾਂ ਦੇ ਥੱਲੇ ਲੱਗ ਕਿ ਦੇਸ਼ ਦੇ ਗੌਰਵ ਨੂੰ ਢਾਹ ਲਾ ਰਹੀ ਹੈ, ਜਿਸ ਦੇ ਮਾੜੇ ਸਿੱਟੇ ਨਿਕਲਣਗੇ। ਇਸ ਨਾਲ ਭਾਰਤ ਦੀ ਅਰਥਵਿਵਸਥਾ ‘ਤੇ ਬੁਰਾ ਪ੍ਰਭਾਵ ਪਵੇਗਾ। ਖਾਸ ਕਰਕੇ ਇਸ ਵੇਲੇ ਦੇਸ਼ ਆਪਣੀਆਂ ਜਰੂਰਤਾਂ ਦੀ ਪੂਰਤੀ ਵਾਸਤੇ ਤੇਲ ਅਤੇ ਗੈਸ ਦਾ ਵੱਡਾ ਹਿੱਸਾ ਬਰਾਮਦ ਕਰ ਰਿਹਾ ਹੈ। ਇਸ ਜੰਗ ਨਾਲ ਜਿਥੇ ਇਹਨਾਂ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਵੇਗਾ। ਉਥੇ ਤੇਲ ਦੀਆਂ ਕੀਮਤਾਂ ਵੱਧਣ ਨਾਲ ਆਮ ਖਪਤਕਾਰਾਂ ਤੇ ਮਹਿੰਗਾਈ ਦਾ ਬੋਝ ਹੋਰ ਵਧੇਗਾ। ਜਿਸ ਦਾ ਪਹਿਲਾ ਪ੍ਰਭਾਵ ਭਾਰਤ ਸਰਕਾਰ ਵੱਲੋਂ ਕੱਲ ਗੈਸ ਦੇ ਘਰੇਲੂ ਖਪਤਕਾਰਾਂ ਦੇ ਸਿਲੰਡਰ ਦੀ ਕੀਮਤ ਵਿੱਚ 60 ਰੁਪੈ ਅਤੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ 140 ਰੁਪਏ ਦਾ ਵਾਧਾ ਕਰਕੇ ਲੋਕਾਂ ‘ਤੇ ਬੋਝ ਪਾ ਦਿੱਤਾ ਹੈ। ਬੁਲਾਰਿਆਂ ਨੇ ਇਸ ਜੰਗ ਨੂੰ ਤੁਰੰਤ ਰੋਕਣ ਦੀ ਮੰਗ ਕਰਦਿਆ ਕਿਹਾ ਕਿ ਇਸ ਜੰਗ ਦੀ ਮਾਰ ਹੇਠ ਪੰਜਾਬ ਅਤੇ ਹਰਿਆਣਾ ਦੇ ਬਾਸਮਤੀ ਪੈਦਾ ਕਰਨ ਵਾਲੇ ਕਿਸਾਨਾਂ ਤੇ ਵਪਾਰੀਆਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ ਕਿਉਂ ਕਿ ਸਮੁੰਦਰੀ ਰਸਤੇ ਹੋਣ ਵਾਲੀ ਸਾਰੀ ਦਰਾਮਦ ਬੰਦ ਹੋ ਗਈ ਹੈ।
ਇਸ ਮੌਕੇ ਬਲਦੇਵ ਸਿੰਘ ਵੇਰਕਾ, ਰਜੇਸ਼ ਯਾਦਵ, ਕੁਲਵੰਤ ਰਾਏ ਬਾਵਾ, ਮੰਗਲ ਸਿੰਘ ਬਾਸਰਕੇ, ਸਵਿੰਦਰ ਸਿੰਘ ਮੀਰਾਂ ਕੋਟ ਆਦਿ ਵੀ ਹਾਜ਼ਰ ਸਨ।