Now Reading
ਸ਼ਹੀਦ ਸਰਪੰਚ ਦੇ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਥਾਣਾ ਮਹਿਤਪੁਰ ਅੱਗੇ ਜਨਤਕ ਜਥੇਬੰਦੀਆਂ ਵਲੋਂ ਰਾਤ ਦਿਨ ਦਾ ਧਰਨਾ ਸ਼ੁਰੂ

ਸ਼ਹੀਦ ਸਰਪੰਚ ਦੇ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਥਾਣਾ ਮਹਿਤਪੁਰ ਅੱਗੇ ਜਨਤਕ ਜਥੇਬੰਦੀਆਂ ਵਲੋਂ ਰਾਤ ਦਿਨ ਦਾ ਧਰਨਾ ਸ਼ੁਰੂ

ਮਹਿਤਪੁਰ: ਪਿੰਡ ਬੂਟੇ ਦੀਆਂ ਛੰਨਾ ਦੇ ਸਰਪੰਚ ਸਾਥੀ ਮਹਿੰਦਰ ਸਿੰਘ ਤੇ ਲੰਘੀ 27 ਫਰਵਰੀ ਨੂੰ ਪਿੰਡ ਦੇ ਅਤੇ ਆਸੇ ਪਾਸੇ ਦੇ ਨਸ਼ਾ ਤਸਕਰਾਂ ਨੇ ਹਥਿਆਰਾਂ ਦੀ ਵਰਤੋਂ ਕਰਕੇ ਤੜਕੇ 6-30 ਵਜੇ ਦੇ ਕਰੀਬ ਗੰਭੀਰ ਸੱਟਾਂ ਮਾਰੀਆਂ, ਜਿਸ ਦਾ ਅੱਜ ਦੇਹਾਂਤ ਹੋ ਗਿਆ। ਇਸ ਦੇ ਰੋਸ ਵਜੋਂ ਮਹਿੰਦਰ ਸਿੰਘ ਸਰਪੰਚ ਦੇ ਰਿਸ਼ਤੇਦਾਰੀਆਂ ਅਤੇ ਜਮਹੂਰੀ ਕਿਸਾਨ ਸਭਾ ਸਮੇਤ ਹੋਰ ਕਿਸਾਨ ਜਥੇਬੰਦੀਆਂ ਵਲੋਂ ਥਾਣਾ ਮਹਿਤਪੁਰ ਦੇ ਅੱਗੇ ਰੋਹ ਭਰਪੂਰ ਧਰਨਾ ਪ੍ਰਦਰਸ਼ਨ ਕੀਤਾ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਕਾਮਰੇਡ ਦਰਸ਼ਨ ਨਾਹਰ ਤੇ ਕਿਸਾਨ ਆਗੂ ਮਨੋਹਰ ਸਿੰਘ ਗਿੱਲ ਹੋਰਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਥਾਣਾ ਮੁਖੀ ਅਤੇ ਥਾਣੇ ਦੇ ਮੁਨਸ਼ੀ ਖ਼ਿਲਾਫ਼ ਵੀ ਸਖਤ ਤੋਂ ਸਖਤ ਕਾਨੂੰਨੀ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਡਿਸਮਿਸ ਕੀਤਾ ਜਾਵੇ, ਬਾਕੀ ਦੋਸ਼ੀਆਂ ਨੂੰ ਫੌਰੀ ਗਿਰਫਤਾਰ ਕੀਤਾ ਜਾਵੇ। ਆਗੂਆਂ ਨੇ ਮੰਗ ਕੀਤੀ ਕਿ ਮ੍ਰਿਤਕ ਸਰਪੰਚ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ, ਪਿੰਡ ਦੇ ਸਕੂਲ ਦਾ ਨਾਂ ਸ਼ਹੀਦ ਸਰਪੰਚ ਦੇ ਨਾਂ ‘ਤੇ ਰੱਖਿਆ ਜਾਵੇ, ਪੀੜਤ ਪਰਿਵਾਰ ਨੂੰ ਵੀਹ ਲੱਖ ਰੁਪਏ ਮੁਆਵਜਾ ਦਿੱਤਾ ਜਾਵੇ, ਪਰਿਵਾਰ ਨੂੰ ਇਕ ਸਰਕਾਰੀ ਨੌਕਰੀ ਦਿਤੀ ਜਾਵੇ, ਸਰਪੰਚ ਦੇ ਪਰਿਵਾਰ ਸਿਰ ਚੜਿਆ ਪੂਰਾ ਕਰਜਾ ਮੁਆਫ ਕੀਤਾ ਜਾਵੇ, ਸਰਪੰਚ ਦੇ ਇਲਾਜ ਦੌਰਾਨ ਪ੍ਰਾਈਵੇਟ ਹਸਪਤਾਲ ਦਾ ਖਰਚਾ ਸਰਕਾਰ ਅਦਾ ਕਰੇ।
ਅਜ ਦੇ ਇਸ ਧਰਨੇ ‘ਚ ਇਲਾਕੇ ਦੇ ਸੈਂਕੜੇ ਮਰਦਾਂ ਔਰਤਾਂ, ਨੌਜਵਾਨਾਂ ਨੇ ਸਿਰਕਤ ਕੀਤੀ। ਅੱਜ ਦੇ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਹਲਕਾ ਸ਼ਾਹਕੋਟ ਦੇ ਵਿਧਾਇਕ ਲਾਡੀ ਸ਼ੇਰੋਵਾਲੀਆ, ਮੇਜਰ ਖੁਰਲਾਪੁਰ, ਰਾਮ ਸਿੰਘ ਕੈਮਵਾਲਾ, ਸਤਪਾਲ ਸਹੋਤਾ, ਦਲਵਿੰਦਰ ਸਿੰਘ ਕੁਲਾਰ, ਸੁਖਦੇਵ ਦੱਤ ਬਾਂਕਾ, ਤਰਸੇਮ ਪੀਟਰ, ਕੇਵਲ ਸਿੰਘ ਖੈਹਿਰਾ, ਸਤਨਾਮ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਆਗੂਆਂ ਨੇ ਕਿਹਾ ਕਿ ਜੇ ਸਰਕਾਰ ਨੇ ਪਰਿਵਾਰ ਨੂੰ ਇਨਸਾਫ਼ ਨਾ ਦਿੱਤਾ ਤਾਂ ਪੂਰੇ ਪ੍ਰਾਂਤ ਵਿੱਚੋਂ ਕਾਰਕੁੰਨ ਇਕੱਠੇ ਕਰਕੇ ਲਗਾਤਾਰ ਥਾਣੇ ਅੱਗੇ ਧਰਨਾ ਜਾਰੀ ਰੱਖਿਆ ਜਾਵੇਗਾ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।

Scroll To Top