Now Reading
ਜੰਗਬਾਜ਼ ਟਰੰਪ ਤੇ ਨੇਤਨਯਾਹੂ ਦਾ ਆਰ ਐੱਮ ਪੀ ਆਈ ਨੇ ਪੁਤਲਾ ਫੂਕਿਆ

ਜੰਗਬਾਜ਼ ਟਰੰਪ ਤੇ ਨੇਤਨਯਾਹੂ ਦਾ ਆਰ ਐੱਮ ਪੀ ਆਈ ਨੇ ਪੁਤਲਾ ਫੂਕਿਆ

ਪਠਾਨਕੋਟ: ਅਮਰੀਕਾ ਤੇ ਇਰਾਨ ਦੇ ਦਰਮਿਆਨ ਨਿਰੰਤਰ ਚੱਲ ਰਹੀ ਗੱਲਬਾਤ ਨੂੰ ਵਿਚਾਲੇ ਛੱਡਦਿਆਂ ਅਮਰੀਕਾ ਤੇ ਇਜ਼ਰਾਈਲ ਨੇ ਸਾਰੇ ਕੌਮਾਂਤਰੀ ਕਇਦੇ ਕਨੂੰਨ ਛਿੱਕੇ ਟੰਗ ਕੇ ਇਰਾਨ ਤੇ ਹਮਲਾ ਕਰਦਿਆਂ ਪਹਿਲਾਂ ਫਲਸਤੀਨ ਵਿੱਚ ਹੁਣ ਤੱਕ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਤੇ ਹੁਣ ਇਰਾਨ ਤੇ ਬੰਬਾਰੀ ਕਰਕੇ ਮਨੁੱਖਤਾ ਦਾ ਘਾਣ ਹੋਰ ਤੇਜ਼ ਕਰ ਦਿੱਤਾ ਹੈ, ਇਸ ਘਿਨਾਉਣੇ ਦੀ ਹਮਲੇ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਥੋੜੀ ਹੈ। ਪਿਛਲੇ ਚਾਰ ਦਿਨਾਂ ਤੋੰ ਸ਼ੁਰੂ ਜੰਗ ਨੇ ਹੁਣ ਤੱਕ ਦਰਜਨ ਤੋਂ ਵੱਧ ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਜਰਮਨ, ਫਰਾਂਸ, ਬ੍ਰਿਟੇਨ ਤੇ ਹੋਰ ਦੇਸ਼ਾਂ ਦੇ ਜੰਗ ਵਿਚ ਸ਼ਾਮਲ ਹੋਣ ਨਾਲ ਤੀਜੀ ਸੰਸਾਰ ਜੰਗ ਲੱਗਣ ਦੇ ਖਦਸ਼ੇ ਲਗਾਤਾਰ ਵੱਧ ਰਹੇ ਹਨ। ਵੱਖ-ਵੱਖ ਦੇਸ਼ਾਂ ਅੰਦਰ ਤੇਲ, ਜਲ, ਜੰਗਲ, ਜਮੀਨ ਤੇ ਹੋਰ ਬੇਸ਼ੁਮਾਰ ਖਣਿਜ ਪਦਾਰਥਾਂ ਤੇ ਆਪਣਾ ਕਬਜ਼ਾ ਜਮਾਉਣ ਤੇ ਆਪਣੀ ਇਕਤਰਫਾ ਚੌਧਰ ਕਾਇਮ ਕਰਨ ਲਈ ਅਮਰੀਕਾ ਜੰਗ ਨੂੰ ਪਹਿਲ ਦੇ ਰਿਹਾ ਹੈ।

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਵਲੋਂ ਜੰਗ ਨਹੀਂ-ਅਮਨ ਚਾਹੀਏ ਦੇ ਨਾਅਰੇ ਤਹਿਤ ਇੱਥੇ ਟਰੰਪ ਤੇ ਇਜਰਾਇਲ ਦੇ ਰਾਸ਼ਟਰਪਤੀ ਨੇਤਨਯਾਹੂ ਦਾ ਪੁਤਲਾ ਫੂਕਿਆ।
ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਰ ਐੱਮ ਪੀ ਆਈ ਦੇ ਆਗੂਆਂ ਕਾਮਰੇਡ ਨੱਥਾ ਸਿੰਘ ਢਡਵਾਲ, ਸ਼ਿਵ ਕੁਮਾਰ, ਹਰਿੰਦਰ ਸਿੰਘ ਰੰਧਾਵਾ ਤੇ ਬਲਵੰਤ ਸਿੰਘ ਘੋਹ ਨੇ ਸਾਂਝੇ ਪ੍ਰੈਸ ਬਿਆਨ ਵਿੱਚ ਅੱਗੇ ਕਿਹਾ ਕਿ ਭਾਰਤ ਅਜ਼ਾਦੀ ਤੋਂ ਬਾਅਦ ਸੰਸਾਰ ਅਮਨ-ਅਮਾਨ ਲਈ ਗੁੱਟਨਿਰਲੇਪ ਲਹਿਰ ਦਾ ਮੈਂਬਰ ਵੀ ਰਿਹਾ ਤੇ ਗੁੱਟਨਿਰਲੇਪ ਲਹਿਰ ਵਿੱਚ ਸ਼ਾਮਲ ਦੇਸ਼ਾਂ ਦੀ ਅਗਵਾਈ ਵੀ ਕੀਤੀ ਅਤੇ ਭਾਰਤ ਮਨੁੱਖਤਾ ਲਈ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਵੀ ਸੰਸਾਰ ਪੱਧਰ ਤੇ ਜਾਣਿਆਂ ਜਾਂਦਾ ਹੈ। ਭਾਰਤ ਦੇ ਇਰਾਨ ਨਾਲ ਪੁਰਾਣੇ ਦੋਸਤਾਨਾ ਸੰਬੰਧ ਚਲੇ ਆ ਰਹੇ ਹਨ ਪਰ ਇਰਾਨ ਉੱਪਰ ਅਮਰੀਕਾ ਤੇ ਇਜਰਾਇਲ ਦੇ ਸਾਂਝੇ ਹਮਲੇ ਕਾਰਨ ਇਰਾਨ ਦੇ ਮੁਖੀ ਆਇਤਉਲਾ ਖਮੈਨੀ ਦੀ ਮੌਤ, ਰੱਖਿਆ ਮੰਤਰੀ, ਫੌਜੀ ਅਫਸਰਾਂ ਸਮੇਤ ਸੈਂਕੜੇ ਲੋਕਾਂ ਦੇ ਮਾਰੇ ਜਾਣ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚੁੱਪ ਰਹਿਣਾ ਦੇਸ਼ ਹਿੱਤ ਵਿਚ ਚੰਗਾ ਨਹੀਂ ਹੈ ਜਦ ਕਿ ਅਮਰੀਕਾ ਤੇ ਇਜ਼ਰਾਈਲ ਦੇ ਸੁਹਿਰਦ ਨਾਗਰਿਕ ਟਰੰਪ ਤੇ ਨੇਤਨਯਾਹੂ ਦਾ ਖੁਲੇਆਮ ਵਿਰੋਧ ਕਰ ਰਹੇ ਹਨ। ਕਰੋੜਾਂ ਭਾਰਤੀ ਵਿਦੇਸ਼ ਵਿਚ ਰੋਟੀ ਰੋਜੀ ਕਮਾਉਣ ਲਈ ਗਏ ਹੋਏ ਹਨ, ਉਹਨਾਂ ਦੀ ਸੁਰੱਖਿਆ ਤੇ ਘਰ ਵਾਪਸੀ ਵਾਸਤੇ, ਜੰਗਬੰਦੀ ਤੇ ਅਮਨ ਸਾਂਤੀ ਲਈ ਮੋਦੀ ਸਰਕਾਰ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਇਸ ਯੁੱਧ ਵਿੱਚ ਸੰਸਾਰ ਦੇ ਸਾਰੇ ਦੇਸ਼ਾਂ ਦਾ ਭਾਰੀ ਜਾਨ-ਮਾਲ ਦਾ ਨੁਕਸਾਨ, ਵਿਕਾਸਸ਼ੀਲ ਤੇ ਗਰੀਬ ਦੇਸ਼ਾਂ ਦੀ ਆਰਥਿਕਤਾ ਤਬਾਹ ਹੋਣ ਨਾਲ ਮਹਿੰਗਾਈ ਤੇ ਬੇਰੁਜ਼ਗਾਰੀ ਵਿੱਚ ਅਥਾਹ ਵਾਧਾ ਹੋਣਾ ਲਾਜ਼ਮੀ। ਇਹ ਜੰਗ ਫੌਰੀ ਬੰਦ ਹੋਣੀ ਚਾਹੀਦੀ ਹੈ।

ਇਸ ਮੌਕੇ ਉਪਰੋਕਤ ਤੋਂ ਇਲਾਵਾ ਕਾਮਰੇਡ ਰਘਬੀਰ ਸਿੰਘ ਧਲੌਰੀਆਂ, ਬਲਕਾਰ ਚੰਦ ਭਰਿਆਲ ਲਾਹੜੀ, ਬਲਦੇਵ ਰਾਜ ਭੋਆ, ਸਕੱਤਰ ਸਿੰਘ, ਅਜੀਤ ਰਾਮ ਗੰਦਲਾਂ ਲਾਹੜੀ, ਲਾਲ ਸਿੰਘ ਭਨਵਾਲ, ਮੁਖਤਿਆਰ ਸਿੰਘ, ਦੇਵ ਰਾਜ,ਪ੍ਰਤਾਪ ਚੰਦ ਅਤੇ ਹੋਰ ਸਾਥੀ ਹਾਜ਼ਰ ਸਨ।

Scroll To Top