Now Reading
ਨਸ਼ਾ ਤਸਕਰਾਂ ਵਲੋਂ ਕਾਤਲਾਨਾਂ ਹਮਲੇ ‘ਚ ਜ਼ਖ਼ਮੀ ਸਰਪੰਚ ਦੇ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ

ਨਸ਼ਾ ਤਸਕਰਾਂ ਵਲੋਂ ਕਾਤਲਾਨਾਂ ਹਮਲੇ ‘ਚ ਜ਼ਖ਼ਮੀ ਸਰਪੰਚ ਦੇ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ


ਨਕੋਦਰ: ਤਹਿਸੀਲ ਨਕੋਦਰ ਦੇ ਪਿੰਡ ਬੂਟੇ ਦੀਆਂ ਛੰਨਾ ਦੇ ਸਰਪੰਚ ਕਾਮਰੇਡ ਮਹਿੰਦਰ ਸਿੰਘ ਉਪਰ ਨਸ਼ਾ ਤਸਕਰਾਂ ਵਲੋਂ ਜਾਨ ਲੇਵਾ ਹਮਲਾ ਕੀਤਾ ਗਿਆ, ਜਿਸ ‘ਚ ਸਰਪੰਚ ਤੇ ਉਸ ਦੀ ਪਤਨੀ ਗੰਭੀਰ ਜ਼ਖਮੀ ਹੋ ਗਏ, ਜਿਹਨਾ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ। ਆਰਐੱਮਪੀਆਈ ਨੇ ਹਮਲਾਵਰਾਂ ਨੂੰ ਤਰੁੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਆਰਐੱਮਪੀਆਈ ਜ਼ਿਲ੍ਹਾ ਜਲੰਧਰ ਕਪੂਰਥਲਾ ਦੇ ਪ੍ਰਧਾਨ ਸਾਥੀ ਦਰਸ਼ਨ ਨਾਹਰ ਅਤੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਨੇ ਦੱਸਿਆ ਕਿ ਅੱਜ ਸਵੇਰੇ 6-30 ਵਜੇ ਦੇ ਕਰੀਬ ਜਦੋਂ ਸਰਪੰਚ ਮਹਿੰਦਰ ਸਿੰਘ ਤੇ ਉਹਨਾ ਦੀ ਧਰਮਪਤਨੀ ਆਪਣੇ ਖੇਤਾਂ ਵੱਲ ਨੂੰ ਜਾ ਰਹੇ ਸਨ ਤਾਂ ਰਸਤੇ ਵਿੱਚ ਘੇਰਕੇ ਨਸ਼ਾ ਤਸਕਰਾਂ ਨੇ ਗੰਭੀਰ ਰੂਪ ‘ਚ ਜ਼ਖਮੀ ਕਰ ਦਿੱਤਾ। ਆਗੂਆਂ ਨੇ ਕਿਹਾ ਕਿ ਹਮਲਾਵਰ ਸਰਪੰਚ ਜੋੜੇ ਨੂੰ ਆਪਣੇ ਵਲੋਂ ਮਾਰਕੇ ਸੁੱਟ ਗਏ ਸਨ। ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਦਾ ਪਤਾ ਲੱਗਣ ‘ਤੇ ਪਿੰਡ ਵਾਸੀ ਤੇ ਸਰਪੰਚ ਦੇ ਪਰਿਵਾਰਕ ਮੈਂਬਰਾਂ ਗੰਭੀਰ ਜ਼ਖਮੀਆਂ ਨੂੰ ਸਵਾਰੀ ਦਾ ਪ੍ਰਬੰਧ ਕਰਕੇ ਮਹਿਤਪੁਰ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਜ਼ਖਮੀਆਂ ਦੀ ਸਥਿਤੀ ਨੂੰ ਵੇਖਦੇ ਹੋਏ ਜਲੰਧਰ ਰੈਫਰ ਕਰ ਦਿੱਤਾ। ਆਗੂਆਂ ਨੇ ਇਸ ਹਮਲੇ ਦੀ ਸਖਤ ਸ਼ਬਦਾਂ ‘ਚ ਨਿੰਦਾ ਕਰਦਿਆਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਤਰੁੰਤ ਗ੍ਰਿਫਤਾਰ ਕੀਤਾ ਜਾਵੇ।

ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਦੀ ਇਸ ਜਾਨ ਲੇਵਾ ਹਮਲੇ ਨੇ ਬੁਰੀ ਤਰਾਂ ਫੂਕ ਕੱਢਕੇ ਰੱਖ ਦਿੱਤੀ ਹੈ। ਪਾਰਟੀ ਆਗੂਆਂ ਨੇ ਸਥਾਨਕ ਪੁਲਸ ਪ੍ਰਸ਼ਾਸਨ ‘ਤੇ ਦੋਸ਼ ਲਾਇਆ ਕਿ ਸਰਪੰਚ ਮਹਿੰਦਰ ਸਿੰਘ ਤੇ ਪਿੰਡ ਦੀ ਪੰਚਾਇਤ ਨੇ ਬਹੁਤ ਵਾਰ ਪੁਲਸ ਪ੍ਰਸ਼ਾਸਨ ਨੂੰ ਇਸ ਸਬੰਧੀ ਜਾਣਕਾਰੀ ਵੀ ਦਿੱਤੀ ਸੀ ਕਿ ਪਿੰਡ ਬੂਟੇ ਦੀਆਂ

ਛੰਨਾ ਵਿਚ ਬਹੁਤ ਵੱਡੀ ਪੱਧਰ ‘ਤੇ ਚਿੱਟੇ ਦੀ ਸਮੱਗਲਿੰਗ ਹੋ ਰਹੀ ਹੈ ਪਰ ਮਹਿਤਪੁਰ ਪੁਲਸ ਦੇ ਕੰਨਾਂ ‘ਤੇ ਕੋਈ ਜੂੰ ਨਹੀਂ ਸਰਕੀ। ਪੁਲਸ ਨੇ ਇਕ ਵੱਡੇ ਤਸਕਰ ਨੂੰ ਦੋ ਦਿਨ ਪਹਿਲਾਂ ਫੜਿਆ ਪਰ ਸ਼ਾਮ ਨੂੰ ਹੀ ਛੱਡ ਦਿੱਤਾ। ਇਸ ਦੌਰਾਨ ਪੁਲੀਸ ਨੇ ਹੀ ਕਥਿਤ ਤੌਰ ‘ਤੇ ਇਹ ਵੀ ਦੱਸ ਦਿੱਤਾ ਕਿ ਸਰਪੰਚ ਹੀ ਉਨ੍ਹਾਂ ਨੂੰ ਚਿੱਟਾ ਤਸਕਰਾਂ ਸਬੰਧੀ ਦੱਸਦਾ ਹੈ, ਜਿਸ ਕਾਰਨ ਦਿਨ ਚੜਦੇ ਸਾਰ ਹੀ ਹਮਲਾਵਰਾਂ ਨੇ ਇਕੱਠੇ ਹੋਕੇ ਸਰਪੰਚ ਮਹਿੰਦਰ ਸਿੰਘ ‘ਤੇ ਉਨਾ ਦੀ ਧਰਮਪਤਨੀ ‘ਤੇ ਗੰਭੀਰ ਜਾਨਲੇਵਾ ਹਮਲਾ ਕਰ ਦਿੱਤਾ। ਆਗੂਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਜਿਥੇ ਦੋਸ਼ੀਆਂ ‘ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਉੱਥੇ ਨਸ਼ਾ ਤਸਕਰਾਂ ਨਾਲ ਮਿਲਕੇ ਕੰਮ ਕਰਨ ਵਾਲੇ ਮਹਿਤਪੁਰ ਥਾਣੇ ਨਾਲ ਸਬੰਧਤ ਪਲਸ ਮੁਲਾਜ਼ਮਾਂ ਦੇ ਖਿਲਾਫ ਵੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਾਰਟੀ ਆਗੂਆਂ ਨੇ ਕਿਹਾ ਕਿ ਜੇ ਦੋਸ਼ੀਆਂ ‘ਤੇ ਅਤੇ ਦੋਸ਼ੀ ਪੁਲਸ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਐੱਸ ਐੱਸ ਪੀ ਜਲੰਧਰ ਦਿਹਾਤੀ ਦੇ ਦਫਤਰ ਅੱਗੇ ਲਗਾਤਾਰ ਧਰਨਾ ਲਾਇਆ ਜਾਵੇਗਾ।

See Also

Scroll To Top