
ਲੁਧਿਆਣਾ: ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਜਨਤਕ ਜਥੇਬੰਦੀਆਂ ਵੱਲੋ ਸਾਂਝੇ ਤੌਰ ‘ਤੇ ਸਥਾਨਕ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿੱਚ ਸਾਂਝੀ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਕੇਂਦਰ ਸਰਕਾਰ ਵੱਲੋ ਮਨਰੇਗਾ ਕਾਨੂੰਨ ਬਦਲਣ, ਚਾਰ ਲੇਬਰ ਕੋਡ ਲਾਗੂ ਕਰਨ, ਬਿਜਲੀ ਸੋਧ ਬਿੱਲ 2025 ਨੂੰ ਪੇਸ਼ ਕਰਨ ਦੀ ਤਿਆਰੀ, ਬੀਜ ਬਿੱਲ ਖ਼ਿਲਾਫ਼ 16 ਜਨਵਰੀ ਨੂੰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦੇ ਅੱਗੇ ਧਰਨਾ ਮਾਰਿਆ ਜਾਵੇਗਾ। ਇਸ ਮੌਕੇ ਆਗੂਆਂ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋ ਲਾਗੂ ਕੀਤੀਆਂ ਜਾ ਰਹੀਆਂ ਕਾਰਪੋਰੇਟ ਪੱਖੀ ਨੀਤੀਆਂ ਵਿਰੁੱਧ ਇਹ ਧਰਨਾ ਫੈਸਲਾਕੁੰਨ ਸਾਬਤ ਹੋਵੇਗਾ। ਉਹਨਾਂ ਕਿਹਾ ਕਿ ਇਸ ਦੀ ਤਿਆਰੀ ਸਬੰਧੀ ਪਿੰਡਾਂ ਸ਼ਹਿਰਾਂ ਮਹੱਲਿਆਂ ਵਿੱਚ ਮੀਟਿੰਗਾਂ, ਰੈਲੀਆਂ ਕਰਕੇ ਲੋਕਾਂ ਨੂੰ ਇਸ ਧਰਨੇ ਦਾ ਹਿੱਸਾ ਬਣਨ ਲਈ ਲਾਮਬੰਦੀ ਕੀਤੀ ਜਾਵੇਗੀ। ਅੱਜ ਦੀ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੁਦਾਗਰ ਸਿੰਘ ਘੁਡਾਣੀ, ਮਨੋਹਰ ਸਿੰਘ ਕੁਲਾਹੜ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਰਘਵੀਰ ਸਿੰਘ ਬੈਨੀਪਾਲ, ਹਰਨੇਕ ਸਿੰਘ ਗੁੱਜਰਵਾਲ, ਆਲ ਇੰਡੀਆ ਕਿਸਾਨ ਸਭਾ (1936) ਦੇ ਚਮਕੌਰ ਸਿੰਘ ਬਰਮੀ, ਐਮ ਐਸ ਭਾਟੀਆ, ਪੈਨਸ਼ਨਰ ਐਸੋਸੀਏਸ਼ਨ ਪਾਵਰਕੌਮ ਦੇ ਦੇਵਰਾਜ, ਹਰਜੀਤ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਜਸਵੰਤ ਜੀਰਖ, ਮੋਲਡਰ ਐਡ ਸਟੀਲ ਵਰਕਰਸ ਦੇ ਹਰਜਿੰਦਰ ਸਿੰਘ, ਕੁੱਲ ਹਿੰਦ ਕਿਸਾਨ ਸਭਾ (ਹੱਨਨ ਮੁੱਲਾ) ਦੇ ਤੇਜਾ ਸਿਘ ਵੜੈਚ, ਸੀ ਟੀ ਯੂ ਪੰਜਾਬ ਦੇ ਜਗਦੀਸ਼ ਚੰਦ, ਸੀ ਆਈ ਟੀ ਯੂ ਦੇ ਰਾਮ ਲਾਲ, ਅਮਰਨਾਥ ਕੂੰਮਕਲਾਂ, ਸੁਖਵਿੰਦਰ ਸਿੰਘ ਲੋਟੇ, ਟੀ ਐਸ ਯੂ (ਭੰਗਲ) ਦੇ ਜ਼ਮੀਰ ਹੁਸੈਨ, ਏਟਕ ਦੇ ਡੀ ਪੀ ਮੌੜ, ਖੇਤੀਬਾੜੀ ਵਿਕਾਸ ਫਰੰਟ ਦੇ ਜਸਮਿੰਦਰ ਸਿੰਘ ਲੌਂਗੋਵਾਲ ਆਦਿ ਹਾਜ਼ਰ ਸਨ।