Now Reading
ਉਮਰ ਖ਼ਾਲਿਦ ਅਤੇ ਸ਼ਰਜੀਲ ਇਮਾਮ ਨੂੰ ਨਿਆਂ ਲਈ ਆਵਾਜ਼ ਬੁਲੰਦ ਕਰੋ: ਦੇਸ਼ ਭਗਤ ਕਮੇਟੀ

ਉਮਰ ਖ਼ਾਲਿਦ ਅਤੇ ਸ਼ਰਜੀਲ ਇਮਾਮ ਨੂੰ ਨਿਆਂ ਲਈ ਆਵਾਜ਼ ਬੁਲੰਦ ਕਰੋ: ਦੇਸ਼ ਭਗਤ ਕਮੇਟੀ

ਜਲੰਧਰ: ਗ਼ਦਰ ਲਹਿਰ,ਬੱਬਰ ਅਕਾਲੀ ਲਹਿਰ ਅਤੇ ਆਜ਼ਾਦੀ ਸੰਗਰਾਮ ਨਾਲ਼ ਜੁੜੀਆਂ ਲਹਿਰਾਂ ਦਾ ਇਤਿਹਾਸ ਸਾਨੂੰ ਬਾਰ ਬਾਰ ਇਹ ਸੁਨੇਹਾ ਦਿੰਦਾ ਹੈ ਕਿ ਉਸਦੇ ਸੰਗਰਾਮੀਆਂ ਨੇ ਅਥਾਹ ਕੁਰਬਾਨੀਆਂ ਕਰਕੇ ਜਿਸ ਤਰ੍ਹਾਂ ਦਾ ਜਮਹੂਰੀ ਨਿਆਂਸ਼ੀਲ ਰਾਜ ਅਤੇ ਸਮਾਜ ਸਿਰਜਣ ਦਾ ਪੈਗ਼ਾਮ ਦਿੱਤਾ ਸੀ ਇਹ ਉਹ ਸਾਜ਼ਗਾਰ ਵਾਤਾਵਰਣ ਤਾਂ ਨਹੀਂ ਸਗੋਂ ਉਲਟਾ ਸਾਨੂੰ ਮੌਜ਼ੂਦਾ ਸਿਸਟਮ ਵੱਲੋਂ 1947 ਤੋਂ ਪਹਿਲਾਂ ਨਾਲੋਂ ਵੀ ਕਿਤੇ ਗੂਹੜੇ ਅਤੇ ਗਾਹੜੇ ਹਨੇਰੇ ਨਾਲ਼ ਭਰੀ ਬੰਦ ਗੁਫ਼ਾ ਵੱਲ ਧੂਹਿਆ ਜਾ ਰਿਹਾ ਹੈ, ਇਸਦਾ ਜੱਗ ਜ਼ਾਹਰਾ ਪ੍ਰਮਾਣ ਹੈ ਓਮਰ ਖ਼ਾਲਿਦ ਅਤੇ ਸ਼ਰਜੀਲ ਨੂੰ ਜ਼ਮਾਨਤ ਨਾ ਦੇਣ ਦਾ ਸਿਰੇ ਦਾ ਅਨਿਆਂ ਭਰਿਆ ਫੈਸਲਾ ਕਰਨਾ ਹੈ। ਇਹ ਟਿੱਪਣੀ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਨੇ ਕਿਹਾ ਹੈ ਕਿ ਰਹਿੰਦੀ ਖੂੰਹਦੀ ਕਸਰ ਇੱਕ ਸਾਲ ਤੱਕ ਜ਼ਮਾਨਤ ਲਈ ਅਪੀਲ ਕਰਨ ਉਪਰ ਵੀ ਪਾਬੰਦੀ ਮੜ੍ਹਨ ਦੀਆਂ ਸ਼ਰਤਾਂ ਠੋਕ ਕੇ ਪੂਰੀ ਕਰ ਦਿੱਤੀ ਗਈ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਲਿਖ਼ਤੀ ਬਿਆਨ ਵਿਚ ਕਿਹਾ ਹੈ ਕਿ ਇਹ ਅਮਲਦਾਰੀ ਮੋਦੀ ਹਕੂਮਤ ਵੱਲੋਂ ਸਾਡੇ ਪਿਆਰੇ ਵਤਨ ਦੀ ਆਜ਼ਾਦੀ ਲਈ ਲੜੀ ਸਾਂਝੀ ਜੱਦੋਜਹਿਦ ਅਤੇ ਲਹੂ ਵੀਟਵੇਂ ਸੰਗਰਾਮ ਨਾਲ਼ ਸਿਰਜੀ ਸਾਂਝੀ ਵਿਰਾਸਤ ਦੀ ਪਰੰਪਰਾ ਨੂੰ ਬੁਲੰਦ ਕਰਨ ਦੀ ਬਜਾਏ ਉਸਨੂੰ ਮੇਸਣ ਦਾ ਰਾਹ ਫੜਨਾ ਹੈ।
ਕਮੇਟੀ ਨੇ ਕਿਹਾ ਕਿ ਦੁਨੀਆਂ ਨੇ ਸ਼ਰੇਆਮ ਦੰਗੇ ਭੜਕਾਉਣ ਵਾਲੇ ਅਨਸਰਾਂ ਨੂੰ ਹਿੱਕਾਂ ਥਾਪੜਦੇ ਦੇਖਿਆ ਹੈ ਉਹ ਸਾਰੇ ਸਤਾ ਦਾ ਆਨੰਦ ਮਾਣ ਰਹੇ ਹਨ, ਸਮਾਜ ਵਿਚ ਨਫ਼ਰਤ ਦੀ ਖੇਤੀ ਕਰਨ ਵਾਲੇ ਅਤੇ ਬਲਾਤਕਾਰੀਆਂ ਨੂੰ ਜੇਲ੍ਹਾਂ ਤੋਂ ਛੋਟ ਦੇ ਕੇ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਇਹ ਕਿੱਥੋਂ ਦਾ ਇਨਸਾਫ਼ ਹੈ?
  ਦੇਸ਼ ਭਗਤ ਯਾਦਗਾਰ ਕਮੇਟੀ ਨੇ ਪੰਜਾਬ ਅਤੇ ਦੇਸ਼ ਬਦੇਸ਼ ਵਸਦੇ ਪੰਜਾਬੀਆਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਓਮਰ ਖ਼ਾਲਿਦ ਅਤੇ ਸ਼ਰਜੀਲ ਨੂੰ ਇਨਸਾਫ਼ ਦਿਵਾਉਣ ਲਈ ਜ਼ੋਰਦਾਰ ਆਵਾਜ਼ ਬੁਲੰਦ ਕਰਨ।

Scroll To Top