
ਚੌਤਾ: ਕੇਂਦਰ ਦੀ ਭਾਜਪਾ ਸਰਕਾਰ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਪਿੰਡ ਸੇਖੇਵਾਲ ਵਿੱਚ ਮਨਰੇਗਾ ਮਜ਼ਦੂਰਾਂ ਦੀ ਮੇਟ ਹਰਜਿੰਦਰ ਕੌਰ ਰਾਣੋ ਅਤੇ ਕਿਸਾਨ ਆਗੂ ਨੰਬਰਦਾਰ ਨੰਦ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂਆਂ ਲਛਮਣ ਸਿੰਘ ਕੂੰਮਕਲਾਂ ਅਤੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਰਤਨਗੜ੍ਹ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਲੋਕਾਂ ਤੋਂ ਉਹਨਾਂ ਦਾ ਰੁਜ਼ਗਾਰ ਅਤੇ ਰੋਜੀ ਖੋਹਣ ਦੇ ਰਾਹ ਤੁਰ ਪਈ ਹੈ। ਜਿਸ ਦੀ ਤਾਜ਼ਾ ਉਦਾਹਰਣ ਉਹਨਾਂ ਵੱਲੋਂ ਮਨਰੇਗਾ ਕਾਨੂੰਨ ਵਿੱਚ ਮਜ਼ਦੂਰ ਵਿਰੋਧੀ ਤਬਦੀਲੀਆਂ ਕਰਨ, ਚਾਰ ਲੇਬਰ ਕੋਡ ਲਾਗੂ ਕਰਨ, ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ ਨੂੰ ਲੋਕ ਸਭਾ ਵਿੱਚ ਪੇਸ਼ ਕਰਨ ਦੀਆਂ ਤਿਆਰੀਆ ਤੋ ਮਿਲਦੀ ਹੈ।
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਇਹਨਾਂ ਨੀਤੀਆਂ ਵਿਰੁੱਧ ਜਿੱਥੇ ਲੋਕਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ, ਉੱਥੇ ਪੰਜਾਬ ਸਰਕਾਰ ਦੀ ਸਾਜ਼ਸ਼ੀ ਚੁੱਪ ਨੂੰ ਵੀ ਲੋਕ ਸਹਿਣ ਨਹੀ ਕਰਨਗੇ। ਆਗੂਆਂ ਨੇ ਆਖਿਆ ਕਿ ਲੋਕ ਵਿਰੋਧੀ ਨੀਤੀ ਖ਼ਿਲਾਫ਼ ਦੇਸ਼ ਦੇ ਕਿਰਤੀ ਕਿਸਾਨ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਜਿਸ ਦੀ ਸੁਰੂਆਤ 28 ਦਸੰਬਰ ਨੂੰ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇਪੀਐੱਮਓ) ਵੱਲੋ ਜਲੰਧਰ ਦੇ ਰੇਲਵੇ ਸਟੇਸ਼ਨ ਉੱਪਰ ਵਿਸ਼ਾਲ ਰੈਲੀ ਕਰਕੇ ਕੀਤੀ ਜਾਵੇਗੀ। ਜਿਸ ਦੀਆਂ ਤਿਆਰੀਆਂ ਜ਼ੋਰਾਂ ਉੱਪਰ ਹਨ।
ਇਸ ਮੌਕੇ ਹੋਰਨਾ ਤੋਂ ਇਲਾਵਾ ਨੌਜਵਾਨ ਆਗੂ ਮਲਕੀਤ ਸਿੰਘ ਸੇਖੇਵਾਲ, ਜਾਗੀਰ ਸਿੰਘ, ਜਸਵੀਰ ਕੌਰ, ਕਸ਼ਮੀਰ ਕੌਰ, ਨਵਜੋਤ ਕੌਰ, ਰਜਿੰਦਰ ਕੌਰ, ਅਮਰੀਕ ਕੌਰ, ਮਨਜੀਤ ਕੌਰ, ਸੁਰਜੀਤ ਕੌਰ, ਗੁਰਮੀਤ ਕੌਰ, ਸੁਖਵਿੰਦਰ ਕੌਰ ਆਦਿ ਹਾਜ਼ਰ ਸਨ।
