
ਜਲੰਧਰ: ਸਥਾਨਕ ‘ਸ਼ਹੀਦ ਸਰਵਣ ਸਿੰਘ ਚੀਮਾ ਟਰੱਸਟ ਬਿਲੰਡਿੰਗ’ ਵਿਖੇ ਕੀਤੀ ਗਈ ਦੋ-ਰੋਜਾ ਮੀਟਿੰਗ ਵਿਚ ਸ਼ਾਮਲ ਹੋਏ ਦੇਸ਼ ਦੇ 10 ਸੂਬਿਆਂ ਦੇ ਵੱਖੋ-ਵੱਖ ਯੁਵਕ ਸੰਗਠਨਾਂ ‘ਚ ਕਾਰਜਸ਼ੀਲ ਨੌਜਵਾਨ ਆਗੂਆਂ ਨੇ ਭਰਵੀਂ ਵਿਚਾਰ ਚਰਚਾ ਕਰਨ ਪਿੱਛੋਂ ਕੁੱਲ ਹਿੰਦ ਪੱਧਰ ਦੀ ਨਵੀਂ ਨੌਜਵਾਨ ਜਥੇਬੰਦੀ ਗਠਿਤ ਕਰਨ ਦਾ ਨਿਰਣਾ ਲਿਆ ਹੈ।
ਨਵੇਂ ਸੰਗਠਨ ਦੀ ਵਿਧੀਵਤ ਸਥਾਪਨਾ 11-13 ਅਪ੍ਰੈਲ 2026 ਨੂੰ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਕੁਲ ਹਿੰਦ ਪੱਧਰ ਦਾ ਡੈਲੀਗੇਟ ਅਜਲਾਸ ਸੱਦ ਕੇ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਹੇਠਾਂ ਪੱਧਰ ਤੋਂ ਮੈਂਬਰਸ਼ਿਪ ‘ਤੇ ਆਧਾਰਿਤ ਕਮੇਟੀਆਂ ਚੁਣ ਕੇ ਤਾਮਿਲਨਾਡੂ, ਪੁਡੁਚੇਰੀ, ਆਂਧਰਾ, ਤੇਲੰਗਾਨਾ, ਕੇਰਲਾ, ਮਹਾਰਾਸ਼ਟਰ, ਰਾਜਸਥਾਨ, ਪੰਜਾਬ, ਹਰਿਆਣਾ, ਬਿਹਾਰ, ਉੱਤਰ ਪ੍ਰਦੇਸ਼ ਸੂਬਿਆਂ ਦੇ ਯੂਨਿਟ ਚੁਣੇ ਜਾਣਗੇ। ਉਕਤ ਸਮੁੱਚੀ ਪ੍ਰੀਕ੍ਰਿਆ ਸਫਲਤਾ ਪੂਰਵਕ ਸਿਰੇ ਚਾੜ੍ਹਨ ਲਈ ਤਿਆਰੀ ਕਮੇਟੀ ਅਤੇ ਨਵੇਂ ਸੰਗਠਨ ਦੇ ਐਲਾਨਨਾਮੇ ਅਤੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਾਲੀ ਕਮੇਟੀ ਚੁਣੀ ਗਈ ਹੈ। ਸੰਗਠਨ ਦਾ ਪ੍ਰਮੁੱਖ ਉਦੇਸ਼ ਮਾਨਵੀ ਸੋਚ ਦੇ ਧਾਰਨੀ ਯੋਧਿਆਂ ਤੇ ਸਮਾਜ ਸੁਧਾਰਕਾਂ, ਗ਼ਦਰੀ ਸੂਰਬੀਰਾਂ ਅਤੇ ਸ਼ਹੀਦ-ਇ-ਆਜ਼ਮ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਚਿਤਵਿਆ ਲੁੱਟ-ਖਸੁੱਟ ਅਤੇ ਜਬਰ-ਵਿਤਕਰੇ ਤੋਂ ਰਹਿਤ ਸਮਾਨਤਾਵਾਦੀ ਸਮਾਜ ਸਿਰਜਣ ਲਈ ਜੂਝਣਾ ਹੋਵੇਗਾ। ਸੰਗਠਨ ਹਨੇਰੇਬਿਰਤੀਵਾਦ ਤੇ ਫੁੱਟਪਾਊ ਵਿਚਾਰ ਚੌਖਟੇ ਦਾ ਟਾਕਰਾ ਕਰਦਾ ਹੋਇਆ ਅਗਾਂਹਵਧੂ ਵਿਚਾਰਾਂ ਤੇ ਵਿਗਿਆਨਕ ਸੋਚ ਦੀ ਤਰੱਕੀ ਅਤੇ ਮਜ਼ਬੂਤੀ ਲਈ ਕਾਰਜਸ਼ੀਲ ਰਹੇਗਾ।
ਉਕਤ ਜਾਣਕਾਰੀ ਅੱਜ ਇਥੋਂ ਜਾਰੀ ਇਕ ਬਿਆਨ ਰਾਹੀਂ ‘ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ’ ਦੇ ਜਨਰਲ ਸਕੱਤਰ ਸਾਥੀ ਧਰਮਿੰਦਰ ਸਿੰਘ ਮੁਕੇਰੀਆਂ ਅਤੇ ਆਲ ਇੰਡੀਆ ਫੈਡਰੇਸ਼ਨ ਆਫ ਡੈਮੋਕ੍ਰੇਟਿਕ ਯੂਥ ਦੇ ਜਨਰਲ ਸਕੱਤਰ ਵਨਮ ਸੁਧਾਕਰ ਨੇ ਦਿੱਤੀ।
ਸਾਥੀ ਧਰਮਿੰਦਰ ਸਿੰਘ ਨੇ ਅੱਗੇ ਦੱਸਿਆ ਹੈ ਕਿ ਮੀਟਿੰਗ ਵਿਚ ਸ਼ਾਮਲ ਸੰਗਠਨਾਂ ਵਲੋਂ 23 ਮਾਰਚ ਨੂੰ ਸ਼ਹੀਦ-ਇ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਸ਼ਹੀਦੀ ਦਿਹਾੜਾ ਆਪੋ-ਆਪਣੇ ਸੂਬਿਆਂ ‘ਚ “ਸਾਮਰਾਜੀ ਤੇ ਪੂੰਜੀਵਾਦੀ ਲੁੱਟ ਤੇ ਦਾਬੇ ਤੋਂ ਮੁਕਤੀ ਹਾਸਲ ਕਰਨ ਅਤੇ ਵਿਸ਼ਵੀ ਸੱਜ ਪਿਛਾਖੜ ਤੇ ਫਿਰਕੂ-ਫਾਸ਼ੀਵਾਦ ਨੂੰ ਭਾਂਜ ਦੇਣ ਦਾ ਜਨ ਸੰਗਰਾਮ ਪ੍ਰਚੰਡ ਕਰਨ ਦੇ ਸੰਕਲਪ ਦਿਵਸ” ਵਜੋਂ ਵੱਡੇ ਪੈਮਾਨੇ ‘ਤੇ ਮਨਾਇਆ ਜਾਵੇਗਾ। ਇਸ ਦਿਨ ਪਿੰਡਾਂ, ਸ਼ਹਿਰਾਂ-ਕਸਬਿਆਂ ਅਤੇ ਵਿਦਿਅਕ ਅਦਾਰਿਆਂ ‘ਚ ਮੀਟਿੰਗਾਂ, ਰੈਲੀਆਂ, ਝੰਡਾ ਮਾਰਚ, ਸੈਮੀਨਾਰ, ਕਨਵੈਨਸ਼ਨਾਂ, ਸਭਿਆਚਾਰਕ ਪ੍ਰੋਗਰਾਮ ਆਦਿ ਆਯੋਜਿਤ ਕੀਤੇ ਜਾਣਗੇ।
ਮੀਟਿੰਗ ਵਲੋਂ ਨੇੜ ਭਵਿੱਖ ‘ਚ ‘ਸੰਯੁਕਤ ਕਿਸਾਨ ਮੋਰਚਾ’ ਅਤੇ ‘ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸਾਂਝੇ ਮੰਚ’ ਵਲੋਂ ਲੜੇ ਜਾਣ ਵਾਲੇ ਸਾਰੇ ਘੋਲਾਂ ‘ਚ ਪੂਰੀ ਤਾਕਤ ਸ਼ਾਮਲ ਹੋਣ ਦਾ ਫੈਸਲਾ ਲਿਆ ਗਿਆ ਹੈ।
ਹੋਰਨਾਂ ਤੋਂ ਇਲਾਵਾ ਸੁਭਾਨੀ ਸੱਈਦ, ਰਾਮ ਪ੍ਰਕਾਸ਼ ਯਾਦਵ, ਮਨਜਿੰਦਰ ਸਿੰਘ, ਵਿਲਾਸ ਮੇਧਾ, ਐਡਵੋਕੇਟ ਦਵਿੰਦਰ ਸਿੰਘ ਅਲੀਕਾ, ਐਡਵੋਕੇਟ ਅਜੈ ਫਿਲੌਰ, ਰਵਿੰਦਰ ਸਿੰਘ ਲੋਹਗੜ੍ਹ ਨੇ ਵਿਚਾਰ ਰੱਖੇ।