
ਅਜਨਾਲਾ: ਕੇਂਦਰ ਦੀ ਬੀਜੇਪੀ – ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਲੋਕ ਵਿਰੋਧੀ ਇਹਨਾਂ ਕਾਲੇ ਬਿੱਲਾ ਵਿਰੁੱਧ ਪਿੰਡਾਂ ਕਸਬਿਆਂ ਵਿੱਚ ਇਹਨਾਂ ਨੂੰ ਵਾਪਿਸ ਕਰਵਾਉਣ ਲਈ ਪਿੰਡ -ਪਿੰਡ ਤੇ ਕਸਬਿਆਂ ਵਿੱਚ ਲਾਮਬੰਦੀ ਲਈ ਮੀਟਿੰਗਾਂ ਰੈਲੀਆਂ ਦਾ ਸਿਲਸਿਲਾ ਜਾਰੀ ਹੈ। ਇਸ ਸੰਘਰਸ਼ ਦੀ ਕੜੀ ਤਹਿਤ ਕਸਬਾ ਓਠੀਆਂ ਵਿਖੇ ਕਿਸਾਨ ਆਗੂ ਨਰਿੰਦਰ ਸਿੰਘ ਸ਼ਹੂਰਾ ਦੀ ਪ੍ਰਧਾਨਗੀ ਹੇਠ ਵਿਸ਼ਾਲ ਸਭਾ ਹੋਈ, ਜਿਸ ਵਿੱਚ ਬਜ਼ਾਰ ਓਠੀਆਂ ਦੇ ਦੁਕਾਨਦਾਰਾਂ ਵੀ ਸਰਗਰਮੀ ਨਾਲ ਸ਼ਾਮਿਲ ਹੋਏ। ਇਸ ਸਭਾ ਦਾ ਅਗਾਜ਼ ਕਰਦਿਆਂ ਸ਼ਹੀਦ ਭਗਤ ਸਿੰਘ ਦੇ ਮੀਤ ਪ੍ਰਧਾਨ ਸਤਵਿੰਦਰ ਸਿੰਘ ਉਠੀਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਨਾਲ 9 ਦਸੰਬਰ 2021 ਨੂੰ ਵਾਅਦਾ ਕੀਤਾ ਸੀ ਕਿ ਸਰਕਾਰ ਬਿਜਲੀ ਬਿੱਲ ਲਿਆਉਣਾ ਤੋਂ ਪਹਿਲਾਂ ਕਿਸਾਨ ਜੱਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਹੀ ਇਹ ਬਿੱਲ ਲਿਆਵੇਗੀ ਪ੍ਰੰਤੂ ਉਹ ਆਪਣੇ ਵਾਅਦੇ ਤੋਂ ਭੱਜ ਗਈ ਹੈ।
ਨੌਜਵਾਨ ਆਗੂ ਨੇ ਖੁਲਾਸਾ ਕੀਤਾ ਕਿ ਅਜਿਹਾ ਮੋਦੀ ਸਰਕਾਰ ਵੱਡੇ ਦੇਸੀ ਤੇ ਵਿਦੇਸ਼ੀ ਕਾਰਪੋਰੇਟੀਆਂ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਕਰ ਰਹੀ ਹੈ ਪ੍ਰੰਤੂ ਪੰਜਾਬ ਦੇ ਜੁਝਾਰੂ ਲੋਕ ਅਜਿਹਾ ਸਹਿਣ ਨਹੀਂ ਕਰਨਗੇ। ਇਸ ਪੰਚਾਇਤ (ਸਭਾ) ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ਬੋਲਦਿਆਂ ਕਿਹਾ ਕਿ ਇਹ ਕਾਲਾ ਬਿਜਲੀ ਬਿੱਲ ਲੋਕਾਂ ਦੇ ਘਰਾਂ ਵਿੱਚ ਹਨੇਰੇ ਲਿਆਵੇਗਾ ਤੇ ਛੋਟਾ ਕਾਰੋਬਾਰੀ ਨੂੰ ਪਹਿਲਾਂ ਨਾਲੋਂ ਵੀ ਬਹੁਤ ਮਹਿੰਗੇ ਭਾਅ ਤੇ ਬਿਜਲੀ ਮਿਲੇਗੀ। ਡਾ. ਅਜਨਾਲਾ ਨੇ ਅੱਗੇ ਦੱਸਿਆ ਕਿ ਦੇਸ਼ ਅਜ਼ਾਦ ਹੋਣ ਤੋਂ ਬਾਅਦ ਜਿਹੜਾ ਪਹਿਲਾ ਬਿਜਲੀ ਐਕਟ 1948 ਨੂੰ ਲਿਆਂਦਾ ਸੀ ਉਸ ਵਿੱਚ ਕਿਹਾ ਗਿਆ ਸੀ ਕਿ ਬਿਜਲੀ ਰੋਟੀ, ਕੱਪੜਾ ਤੇ ਮਕਾਨ ਤੋਂ ਬਾਅਦ ਬਿਜਲੀ ਜ਼ਰੂਰੀ ਵਸਤੂ ਬਣ ਗਈ ਹੈ, ਜਿਸ ਕਰਕੇ ਇਹ ਫੈਸਲਾ ਲਿਆ ਗਿਆ ਸੀ ਕਿ ਘਰੇਲੂ ਖ਼ਪਤਕਾਰਾਂ ਨੂੰ ਬਿਜਲੀ ਸਸਤੇ ਤੋਂ ਸਸਤੇ ਦਰਾਂ ਤੇ ਮਿਲੇਗੀ ਅਤੇ ਬਿਜਲੀ ਵਪਾਰੀਆਂ ਨੂੰ ਬਿਜਲੀ ਵੱਧ ਰੇਟ ਤੇ ਮਿਲੇਗੀ ਪ੍ਰੰਤੂ ਇਸ ਬਿੱਲ ਵਿੱਚ ਕਰਾਸ ਸਬਸਿਡੀ ਖਤਮ ਕੀਤੀ ਜਾ ਰਹੀ ਹੈ, ਜਿਸ ਕਰਕੇ ਗ਼ਰੀਬਾਂ, ਅਮੀਰਾਂ ਅਤੇ ਬਿਜਲੀ ਵਪਾਰੀਆਂ ਨੂੰ ਬਿਜਲੀ ਇੱਕੋ ਰੇਟ ਤੇ ਮਿਲੇਗੀ। ਅਜਿਹਾ ਹੋਣ ਨਾਲ ਗਰੀਬਾਂ ਨੂੰ ਮੁੜ ਤੇਲ ਦੇ ਦੀਵੇ ਜਗਾਉਣ ਪੈਣਗੇ। ਖੇਤੀ ਮਾਹਿਰ ਡਾ. ਅਜਨਾਲਾ ਨੇ ਅੱਗੇ ਦੱਸਿਆ ਕਿ ਕਾਲਾ ਬੀਜ ਬਿੱਲ ਲਾਗੂ ਹੋਣ ਨਾਲ ਦਿਓਕਦ ਦੇਸੀ ਤੇ ਵਿਦੇਸ਼ੀ ਕਾਰਪੋਰੇਟੀਆਂ ਦੇ ਹੱਥ ਵਿੱਚ ਬੀਜ ਚੱਲੇ ਜਾਣਗੇ ਜਿਸ ਨਾਲ ਸਮੂਚੀ ਖੇਤੀ ਬੂਰੀ ਤਰ੍ਹਾਂ ਪ੍ਰਭਾਵਤ ਹੋਵੇਗੀ।
ਉਹਨਾਂ ਹੋਕਾ ਦਿੱਤਾ ਕਿ ਆਉ ਇਕੱਠੇ ਹੋ ਕੇ ਕਿਸਾਨ, ਮਜ਼ਦੂਰ, ਤੇ ਕਾਰਖਾਨੇਦਾਰ ਮੋਦੀ ਦੇ ਇਹਨਾਂ ਲੋਕ ਵਿਰੋਧੀ ਕਾਲੇ ਬਿੱਲਾ ਨੂੰ ਦਫ਼ਨਾਈਏ। ਮੀਟਿੰਗ ਵਿੱਚ ਵਿਸ਼ੇਸ਼ ਮਤਾ ਪਾਸ ਕੀਤਾ ਗਿਆ ਕਿ ਦੇਸ਼ ਦੀ ਏਕਤਾ – ਅਖੰਡਤਾ ਫਿਰਕੂ ਇਕਸੁਰਤਾ ਅਤੇ ਭਾਈਚਾਰਕ ਸਾਂਝ ਲਈ ਘਾਤਕ ਆਰ ਐਸ ਐਸ ਦੇ ਫਿਰਕੂ – ਫ਼ਾਂਸੀ ਹਮਲਿਆਂ ਖਿਲਾਫ ਇਹਨਾਂ ਬਿੱਲਾਂ ਤੇ ਲੋਕਾਂ ਦੇ ਭਖ਼ਦੇ ਮਸਲਿਆਂ ਬੇਰੁਜ਼ਗਾਰੀ, ਮਹਿਗਾਈ, ਭ੍ਰਿਸ਼ਟਾਚਾਰ ਤੇ ਨਸ਼ਾ ਖੋਰੀ ਵਿਰੁੱਧ ਪੰਜਾਬ ਸਮੇਤ ਦੇਸ਼ ਵਿਆਪੀ, ਜੁਝਾਰੂ ਲਹਿਰ ਖੜ੍ਹੀ ਕਰਨ ਦਾ ਹੋਕਾ ਦੇਣ ਵਾਸਤੇ ਜਿਹੜੀ ਕਾਮਰੇਡ ਦਲੀਪ ਸਿੰਘ ਟਪਿਆਲਾ ਦੀ ਯਾਦ ਵਿੱਚ ਵਿਸ਼ਾਲ ਕਾਨਫਰੰਸ ਟਪਿਆਲਾ ਵਿਖੇ 30 ਦਸੰਬਰ ਨੂੰ ਕੀਤੀ ਜਾ ਰਹੀ ਹੈ ਉਸ ਵਿੱਚ ਵੱਡੀ ਗਿਣਤੀ ਵਿਚ ਇਸ ਇਲਾਕੇ ਵਿੱਚੋਂ ਲੋਕ ਹੁੰਮ ਹੁਮਾ ਕੇ ਪਹੁੰਚਣਗੇ।
ਇਸ ਪੰਚਾਇਤ ਵਿਚ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ, ਗੁਰਦਿਆਲ ਸਿੰਘ, ਇਕਬਾਲ ਸਿੰਘ, ਕੁਲਵਿੰਦਰ ਸਿੰਘ, ਸਕੱਤਰ ਸਿੰਘ, ਫੌਜੀ ਦਵਿੰਦਰ ਸਿੰਘ, ਸੁੱਚਾ ਸਿੰਘ, ਚੈਚਲ ਸਿੰਘ, ਸਿਤਾਰਾ ਸਿੰਘ, ਰਿੰਕਾ ਸ਼ਾਹ ਨੇ ਸ਼ਮੂਲੀਅਤ ਕੀਤੀ।