
ਗੁਰਦਾਸਪੁਰ: ਅੱਜ ਇਥੇ ਸ਼ਹੀਦ ਬਲਜੀਤ ਸਿੰਘ ਭਵਨ ਜੇਲ੍ਹ ਰੋਡ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ, ਵਿਦਿਆਰਥੀਆਂ, ਬਿਜਲੀ ਕਾਮਿਆਂ ਅਤੇ ਹੋਰ ਜਥੇਬੰਦੀਆਂ ਦੀ ਇੱਕ ਸਾਂਝੀ ਮੀਟਿੰਗ ਕੇਂਦਰ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਪੇਸ਼ ਕੀਤੇ ਜਾ ਰਹੇ ਬਿਜਲੀ ਸੋਧ ਬਿੱਲ 2025 ਦੇ ਵਿਰੋਧ ਵਾਸਤੇ ਇੱਕ ਵੱਡਾ ਮੋਰਚਾ ਉਸਾਰਨ ਹਿੱਤ ਉਚੇਚੀ ਮੀਟਿੰਗ ਕੀਤੀ ਗਈ।
ਇਸ ਦੀ ਪ੍ਰਧਾਨਗੀ ਮੰਗਤ ਸਿੰਘ ਜੀਵਨ ਚੱਕ ਬੀ ਕੇ ਯੂ ਡਕੌਂਦਾ ਨੇ ਕੀਤੀ। ਇਸ ਮੌਕੇ ਵਿਚਾਰ ਪ੍ਰਗਟ ਕਰਦਿਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਬਿਜਲੀ ਸੋਧ ਬਿੱਲ ਬਹੁਤ ਹੀ ਖਤਰਨਾਕ ਹੈ ਅਤੇ ਇਸ ਨੂੰ ਕਿਸੇ ਦੀ ਹਾਲਤ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਇਹ ਬਹੁਤ ਖਤਰਨਾਕ ਖੇਡ ਖੇਡੀ ਜਾ ਰਹੀ ਹੈ।
ਇਸ ਮੌਕੇ ਵਿਚਾਰ ਪੇਸ਼ ਕਰਦੇ ਹੋਏ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਸਰਬ ਸਾਥੀ ਸੁਖਦੇਵ ਸਿੰਘ ਭਾਗੋਕਾਵਾਂ, ਅਜੀਤ ਸਿੰਘ ਹੁੰਦਲ, ਲਖਵਿੰਦਰ ਸਿੰਘ ਮਰੜ, ਗੁਰਮੁਖ ਸਿੰਘ ਖਹਿਰਾ, ਗੁਰਦੀਪ ਸਿੰਘ ਮੁਸਤਫਾਾਬਾਦ, ਸੁਰਿੰਦਰ ਸਿੰਘ ਕੋਠੇ, ਤਰਲੋਕ ਸਿੰਘ ਬਹਿਰਾਮਪੁਰ, ਗੁਰਮੀਤ ਸਿੰਘ ਮਗਰਾਲਾ, ਮਨਮੋਹਨ ਸਿੰਘ ਛੀਨਾ’, ਸ਼ਮਸ਼ੇਰ ਸਿੰਘ ਨਵਾਂ ਪਿੰਡ, ਮੇਜਰ ਸਿੰਘ ਰੋੜਾਵਾਲੀ’, ਸੁਰਿੰਦਰ ਪੱਪੂ, ਬਿਮਲ ਕੌਰ’, ਵਿਜੇ ਕੁਮਾਰ ਸੋਹਲ, ਜੋਗਿੰਦਰ ਪਾਲ ਘਰਾਲਾ, ਮੇਜਰ ਸਿੰਘ, ਗੁਰਬਚਨ ਸਿੰਘ’, ਸੰਜੀਵ ਸ਼ਰਮਾ, ਬਲਵਿੰਦਰ ਸਿੰਘ ਉਦੀਪੁਰ, ਜਗਤਾਰ ਸਿੰਘ ਖੁੰਡਾ, ਗੁਰਵੇਲ ਸਿੰਘ ਬਲਪੁਰੀਆ, ਰਵੇਲ ਸਿੰਘ ਸਹਾਇਪੁਰੀ, ਸੰਜੀਵ ਸੈਣੀ, ਮੱਖਣ ਸਿੰਘ ਤਿਬੜ, ਅਸ਼ਵਨੀ ਕੁਮਾਰ ਲੱਖਣ ਕਲਾਂ, ਰਘਬੀਰ ਸਿੰਘ ਚਾਹਲ, ਸਤਬੀਰ ਸਿੰਘ ਸੁਲਤਾਨੀ ਆਦਿ ਨੇ ਕਿਹਾ ਕਿ ਬਿਜਲੀ ਸੋਧ ਬਿਲ 2025 ਜੋ ਹੋਣ ਲਿਆਂਦਾ ਗਿਆ ਹੈ ਇਹ ਪਹਿਲਾਂ ਵੀ 2020 ਵਿੱਚ ਲਿਆਂਦਾ ਗਿਆ ਸੀ ਜੋ ਸੰਯੁਕਤ ਕਿਸਾਨ ਮੋਰਚੇ ਦੇ ਦਬਾਅ ਹੇਠ ਇਹ ਕਹਿ ਕੇ ਵਾਪਸ ਲਿਆ ਗਿਆ ਸੀ ਕਿ ਇਸ ਨੂੰ ਅੱਗੇ ਕਦੇ ਪੇਸ਼ ਨਹੀਂ ਕੀਤਾ ਜਾਵੇਗਾ ਪ੍ਰੰਤੂ ਹੁਣ ਫੇਰ ਇਸਨੂੰ ਲੈ ਆਂਦਾ ਗਿਆ ਹੈ। ਇਹ ਬਿੱਲ ਬਹੁਤ ਹੀ ਖਤਰਨਾਕ ਹੈ ਅਤੇ ਇਸ ਦਾ ਮਕਸਦ ਸਮੁੱਚੇ ਬਿਜਲੀ ਖੇਤਰ ਦਾ ਨਿਜੀਕਰਨ ਕਰਕੇ ਕਾਰਪੋਰੇਟ ਸੈਕਟਰ ਦੇ ਹਵਾਲੇ ਕਰਨਾ ਹੈ ਇਸ ਨਾਲ ਗਰੀਬਾਂ ਤੋਂ ਬਿਜਲੀ ਮੁਕੰਮਲ ਤੌਰ ਤੇ ਖੁਸ ਜਾਵੇਗੀ ਅਤੇ ਬਹੁਤ ਮਹਿੰਗੇ ਭਅ ‘ਤੇ ਮਿਲੇਗੀ, ਸਬਸਿਡੀਆਂ ਵੀ ਬੰਦ ਹੋ ਜਾਣਗੀਆਂ। ਇਹ ਕਿਸੇ ਤਰਾਂ ਵੀ ਸਹਿਨ ਨਹੀਂ ਕੀਤਾ ਜਾ ਸਕਦਾ। ਬਿਜਲੀ ਪਾਣੀ ਸਿਹਤ ਸਿੱਖਿਆ ਇਹ ਸਾਰੇ ਰਾਜਾਂ ਦਾ ਵਿਸ਼ਾ ਹਨ ਅਤੇ ਕੇਂਦਰ ਆਪਣਾ ਅਧਿਕਾਰ ਜਮਾਉਣਾ ਚਾਹੁੰਦਾ ਹੈ।
ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੇ ਨਾਲ ਸਹਿਮਤੀ ਪ੍ਰਗਟ ਕਰਦੀ ਲੱਗਦੀ ਹੈ। ਅਗਰ ਪੰਜਾਬ ਸਰਕਾਰ ਨੇ ਇਸ ਵਿਰੁੱਧ ਸਪੈਸ਼ਲ ਸੈਸ਼ਨ ਸੱਦ ਕੇ ਵਿਰੋਧ ਵਿੱਚ ਮਤਾ ਪਾਸ ਨਾ ਕੀਤਾ ਤਾਂ ਸੂਰਤ ਵਿੱਚ ਉਸ ਦੇ ਵਿਰੁੱਧ ਵੀ ਮੋਰਚਾਬੰਦੀ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਸਮੁੱਚੀਆਂ ਕਿਸਾਨ ਤੇ ਯੂਨੀਅਨ ਨੌਜਵਾਨ ਵਿਦਿਆਰਥੀ ਤੇ ਹੋਰ ਜਥੇਬੰਦੀਆਂ ਦੇ 13 ਦਸੰਬਰ ਦੇ ਫੈਸਲੇ ਮੁਤਾਬਕ ਇਸ ਦਾ ਵਿਰੋਧ ਕਰਨ ਹਿੱਤ ਬਿਲ ਪੇਸ਼ ਹੋਣ ਤੇ ਉਸੇ ਦਿਨ ਸਾਰੇ ਦੇਸ਼ ਵਿੱਚ 12 ਵਜੇ ਤੋੱ ਤਿੰਨ ਵਜੇ ਤੱਕ ਰੇਲਾਂ ਜਾਮ ਕੀਤੀਆਂ ਜਾਣਗੀਆਂ। ਅਗਰ ਫਿਰ ਵੀ ਬਿੱਲ ਵਾਪਸ ਨਾ ਕੀਤਾ ਗਿਆ ਤਾਂ ਦੇਸ਼ ਦੀਆਂ ਕਿਸਾਨ ਮਜ਼ਦੂਰ ਮੁਲਾਜ਼ਮ ਬਿਜਲੀ ਨੌਜਵਾਨ ਵਿਦਿਆਰਥੀ ਔਰਤਾਂ ਅਤੇ ਹੋਰ ਲੋਕ ਹਿਤੇੈਸ਼ੀ ਜਥੇਬੰਦੀਆਂ ਦਾ ਵੱਡਾ ਇਕਾ ਉਸਾਰ ਕੇ ਸਮੁੱਚੀਆਂ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਦਿੱਲੀ ਮੋਰਚੇ ਵਾਂਗ ਵੱਡਾ ਏਕਾ ਕਰਕੇ ਯੁੱਧ ਲੜਿਆ ਜਾਵੇਗਾ। ਇਸ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਸ ਦਿਨ ਗੁਰਦਾਸਪੁਰ ਦੀਆਂ ਸਾਰੀਆਂ ਜਥੇਬੰਦੀਆਂ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਤੇ ਚੱਕਾ ਜਾਮ ਕਰਨਗੀਆਂ।
ਇਸ ਤੋਂ ਬਾਅਦ ਵੱਡੀ ਲਾਮਬੰਦੀ ਵਾਸਤੇ ਤਿਆਰੀ ਕਰਨ ਹਿੱਤ 28 ਦਸੰਬਰ ਤੋਂ 4 ਜਨਵਰੀ ਤੱਕ ਪਿੰਡ ਪਿੰਡ ਝੰਡੇ ਮਾਰਚ ਕੀਤੇ ਜਾਣਗੇ ਅਤੇ ਲੋਕਾਂ ਨੂੰ ਵੱਡੇ ਯੁੱਧ ਲਈ ਤਿਆਰ ਕੀਤਾ ਜਾਵੇਗਾ। ਇਸ ਮੌਕੇ ਰੇਲਾਂ ਜਾਮ ਕਰਨ ਵਾਸਤੇ ਪ੍ਰਬੰਧ ਕਰਨ ਹਿਤ ਪੰਜ ਮੈਂਬਰੀ ਕਮੇਟੀ ਵੀ ਬਣਾਈ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਪ੍ਰੀਤ ਸਿੰਘ ਘਰਾਲਾ, ਰਣਜੀਤ ਸਿੰਘ ਰਾਣਾ ਕਰਾਲਾ, ਗੁਰਵਿੰਦਰ ਸਿੰਘ, ਬਲਬੀਰ ਸਿੰਘ ਉੱਚਾ ਧਕਾਲਾ, ਸਾਹਿਬ ਸਿੰਘ ਘਰਾਲਾ, ਕੁਲਜੀਤ ਸਿੰਘ ਸਿੱਧੂ, ਜਮੀਤਾ ਕਾਲਾ, ਗੁਰਬਚਨ ਸਿੰਘ ਆਦਿ ਸਮੇਤ ਹੋਰ ਬਹੁਤ ਸਾਰੇ ਆਗੂ ਵੀ ਹਾਜ਼ਰ ਸਨ।