
ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਦੀ ਪੰਜਾਬ ਰਾਜ ਕਮੇਟੀ ਵਲੋਂ ਆਉਣ ਵਾਲੀ 22 ਦਸੰਬਰ ਨੂੰ ‘ਦੇਸ਼ ਭਗਤ ਯਾਦਗਾਰ ਜਲੰਧਰ’ ਦੇ ‘ਗ਼ਦਰੀ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਹਾਲ’ ਵਿਖੇ ਇਕ ਸੂਬਾਈ ਸੈਮੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ।
ਨਾਮਵਰ ਬੁੱਧੀਜੀਵੀ ਤੇ ਬਾਵੱਕਾਰ ਪੱਤਰਕਾਰ ਡਾਕਟਰ ਲਖਵਿੰਦਰ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਹੋਣ ਜਾ ਰਹੇ ਉਕਤ ਸੈਮੀਨਾਰ ਦੇ ਮੁੱਖ ਵਿਸ਼ੇ ‘ਸ਼੍ਰੀ ਗੁਰੂ ਤੇਗ਼ ਬਹਾਦਰ, ਚਾਰ ਸਾਹਿਬਜ਼ਾਦੇ ਅਤੇ ਸਮੁੱਚੇ ਸਿੱਖ ਸ਼ਹੀਦਾਂ ਦੀ ਅਦੁੱਤੀ ਕੁਰਬਾਨੀ ਦੇ ਲਾਸਾਨੀ ਜ਼ਜ਼ਬੇ ਦਾ ਅਜੋਕਾ ਮਹੱਤਵ’ ਬਾਰੇ ਉੱਘੇ ਬੁੱਧੀਜੀਵੀ ਤੇ ਮਨੁਖੀ ਅਧਿਕਾਰ ਕਾਰਕੁੰਨ ਪ੍ਰੋ ਜਗਮੋਹਨ ਸਿੰਘ ਕੁੰਜੀਵਤ ਭਾਸ਼ਣ ਦੇਣਗੇ। ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਵੀ ਹਾਜ਼ਰੀਨ ਨਾਲ ਸੰਵਾਦ ਰਚਾਉਣਗੇ।
ਇਹ ਜਾਣਕਾਰੀ ਅੱਜ ਇੱਥੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਰਾਜ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਸਾਥੀ ਰਤਨ ਸਿੰਘ ਰੰਧਾਵਾ ਤੇ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਦਿੱਤੀ ਹੈ।
ਰੰਧਾਵਾ ਤੇ ਜਾਮਾਰਾਏ ਨੇ ਮਾਨਵਤਾ ਨੂੰ ਪਿਆਰ ਕਰਨ ਵਾਲੇ ਸਮੂਹ ਨਿਆਂ ਪ੍ਰੇਮੀਆਂ ਅਤੇ ਫਿਰਕੂ ਇਕਸੁਰਤਾ, ਭਾਈਚਾਰਕ ਸਾਂਝ, ਜਮਹੂਰੀਅਤ, ਧਰਮ ਨਿਰਪੱਖਤਾ ਤੇ ਫੈਡਰਲਿਜ਼ਮ ਦਾ ਪਰਚਮ ਬੁਲੰਦ ਕਰਨ ਦੇ ਚਾਹਵਾਨਾਂ ਨੂੰ ਉਕਤ ਸੈਮੀਨਾਰ ਵਿਚ ਸ਼ਾਮਲ ਹੋਣ ਦੀ ਪੁਰਜ਼ੋਰ ਅਪੀਲ ਕੀਤੀ ਹੈ। ਸੈਮੀਨਾਰ ਸਵੇਰੇ ਠੀਕ 11 ਵਜੇ ਆਰੰਭ ਕੀਤਾ ਜਾਵੇਗਾ।