Now Reading
“ਮਨੂੰਵਾਦ ਭਜਾਓ, ਬੇਗਮਪੁਰਾ ਵਸਾਓ” ਮੁਹਿੰਮ ਤਹਿਤ ਬੀਕਾ ਵਿਖੇ ਜਾਗਰੂਕਤਾ ਮੀਟਿੰਗ ਕੀਤੀ

“ਮਨੂੰਵਾਦ ਭਜਾਓ, ਬੇਗਮਪੁਰਾ ਵਸਾਓ” ਮੁਹਿੰਮ ਤਹਿਤ ਬੀਕਾ ਵਿਖੇ ਜਾਗਰੂਕਤਾ ਮੀਟਿੰਗ ਕੀਤੀ

ਬੰਗਾ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਸ਼ੁਰੂ ਕੀਤੀ “ਮਨੂੰਵਾਦ ਭਜਾਓ, ਬੇਗਮਪੁਰਾ ਵਸਾਓ” ਮੁਹਿੰਮ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬੀਕਾ ਵਿਖੇ ਆਮ ਅਵਾਮ ਦੀ ਜਾਗਰੂਕਤਾ ਲਈ ਇੱਕ ਵਿਸ਼ੇਸ਼ ਮੀਟਿੰਗ ਪਿਛਲੀ ਰਾਤ ਨੂੰ ਸਾਥੀ ਹਰਨੇਕ ਬੀਕਾ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਇਸ ਮੀਟਿੰਗ ਨੂੰ ਪਾਰਟੀ ਜ਼ਿਲ੍ਹਾ ਪ੍ਰਧਾਨ ਸਾਥੀ ਹਰਪਾਲ ਸਿੰਘ ਜਗਤਪੁਰ ਨੇ ਮੁੱਖ ਰੂਪ ਵਿੱਚ ਸੰਬੋਧਨ ਕਰਦਿਆਂ ਜਿਥੇ ਪੰਜਾਬ ਦੀ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਦੀ ਅਲੋਚਨਾਂ ਕੀਤੀ ਉਥੇ ਹੀ ਕੇਂਦਰ ਦੀ ਮੋਦੀ-ਸ਼ਾਹ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਵਿਸਥਾਰ ਸਹਿਤ ਵਿਆਖਿਆ ਕੀਤੀ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੇ ਪੂੰਜੀਪਤੀ ਕਾਰੋਬਾਰੀਆਂ ਤੇ ਕਾਰਪੋਰੇਟ ਮਿਤਰਾਂ ਨੂੰ ਹੋਰ ਫਾਇਦਾ ਪਹੁੰਚਾਉਣ ਖਾਤਰ, ਪਹਿਲਾਂ ਤੋਂ ਚਲਦੇ ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ, ਨਵੇਂ ਕਾਨੂੰਨ ਪਾਸ ਕਰਵਾ ਲਏ ਹਨ, ਇਨ੍ਹਾਂ ਨਵੇਂ ਕਾਨੂੰਨਾਂ ਨਾਲ ਮਜ਼ਦੂਰ ਦੀ ਜ਼ਿੰਦਗੀ ਹੋਰ ਵੀ ਬੱਦ ਤੋਂ ਬੱਦਤਰ ਹੋ ਜਾਵੇਗੀ ਕਿਉਂਕਿ ਇਹਨਾਂ ਕਾਨੂੰਨਾਂ ਤਹਿਤ ਕਿਰਤੀਆਂ ਦੇ ਮਿਹਨਤਾਨੇ ਵਿੱਚ ਕੋਈ ਵੀ ਵਾਧਾ ਨਹੀਂ ਕੀਤਾ ਗਿਆ ਜਦਕਿ ਹੁਣ ਮਜ਼ਦੂਰ ਨੂੰ ਅੱਠ ਘੰਟੇ ਦੀ ਥਾਂ ਬਾਰਾਂ ਘੰਟੇ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸੂਬਾਈ ਤੇ ਕੇਂਦਰੀ ਸਰਕਾਰ ਦੀਆਂ ਪੱਖਵਾਦੀ ਨੀਤੀਆਂ ਤਹਿਤ ਪਿੰਡਾਂ ਵਿੱਚ ਵਸਦੇ ਗਰੀਬ ਮਜ਼ਦੂਰ ਤੇ ਦਲਿਤ ਸਮਾਜ ਲਈ ਮੁਫ਼ਤ ਤੇ ਮਿਆਰੀ ਸਿਹਤ ਤੇ ਸਿੱਖਿਆ ਲਗਭਗ ਖਤਮ ਹੀ ਕਰ ਦਿੱਤੀ ਗਈ ਹੈ। ਕੇਂਦਰੀ ਹਕੂਮਤ ਵਲੋਂ ਡਾਕਟਰ ਭੀਮ ਰਾਓ ਅੰਬੇਦਕਰ ਦੁਆਰਾ ਬਣਾਏ ਭਾਰਤ ਦੇ ਸੰਵਿਧਾਨ ਨੂੰ ਵੀ ਲਗਾਤਾਰ ਅਣਡਿੱਠ ਕਰਕੇ, ਮਨੂੰਵਾਦੀ ਵਿਵਸਥਾ ਨੂੰ ਲਾਗੂ ਕੀਤਾ ਜਾ ਰਿਹਾ ਹੈ। ਮਨੂੰਵਾਦੀ ਵਿਵਸਥਾ ਲਾਗੂ ਹੋਣ ਨਾਲ ਗਰੀਬ ਤੇ ਸਦੀਆਂ ਤੋਂ ਪੀੜਤ ਦਲਿਤ ਸਮਾਜ ਨੂੰ ਮਿਲਦੀਆਂ ਕੁਝ ਕੁ ਸਹੂਲਤਾਂ ਵੀ ਖ਼ਤਮ ਕਰ ਦਿੱਤੀਆਂ ਜਾਣਗੀਆਂ ਅਤੇ ਜ਼ਿੰਦਗੀ ਹੋਰ ਵੀ ਨਰਕ ਭਰੀ ਹੋ ਜਾਵੇਗੀ ਪਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਹੋਰ ਖੱਬੀਆਂ ਤੇ ਜਮਹੂਰੀ ਪਾਰਟੀਆਂ ਨੂੰ ਨਾਲ ਲੈਕੇ ਜਲਦ ਹੀ ਸੂਬਾਈ ਤੇ ਕੌਮੀ ਪੱਧਰ ਤੇ ਸੰਘਰਸ਼ ਕਰਨ ਲਈ ਯਤਨਸ਼ੀਲ ਹੈ। ਉਹਨਾਂ ਨੇ ਜਿਥੇ ਸਮੂਹ ਇਕੱਠ ਨੂੰ ਪਾਰਟੀ ਦੀ ਇਲਾਕਾਈ ਕਾਨਫਰੰਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਉਥੇ ਦੇਸ਼ ਅੰਦਰ ਫਿਰਕੂ ਤੇ ਬਹੁਲਤਾਵਾਦ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਅਤੇ ਆਪਣੇ ਇਲਾਕੇ ਵਿੱਚ ਆਪਸੀ ਏਕਤਾ, ਭਾਈਚਾਰਕ ਸਾਂਝੀਵਾਲਤਾ ਹਰ ਹਾਲ ਬਣਾਈ ਰੱਖੀ ਜਾਵੇ।
ਹੋਰਨਾਂ ਤੋਂ ਇਲਾਵਾ ਇਸ ਮੀਟਿੰਗ ਵਿੱਚ ਸਰਵ ਪਰਮਜੀਤ ਸਿੰਘ, ਕੁਲਦੀਪ ਸਿੰਘ ਦੀਪਾ, ਬਿੰਦੂ, ਕਮਲਜੀਤ, ਮਦਨ ਲਾਲ, ਕਿਰਨੀ ਬੀਕਾ, ਸ੍ਰੀਮਤੀ ਸੁਰਜੀਤ ਕੌਰ, ਜਸਵਿੰਦਰ ਕੌਰ, ਹਰਬੰਸ ਕੌਰ, ਦਵਿੰਦਰ ਕੌਰ, ਚਰਨਜੀਤ ਕੌਰ, ਕਮਲੇਸ਼ ਆਦਿ ਹਾਜ਼ਰ ਸਨ। ਅੰਤ ਵਿੱਚ ਪਿੰਡ ਬੀਕਾ ਦੇ ਯੂਨਿਟ ਸਕਤਰ ਸਾਥੀ ਹਰਨੇਕ ਬੀਕਾ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਅਤੇ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਤੇ ਸਭਨਾਂ ਦਾ ਧੰਨਵਾਦ ਕੀਤਾ।

Scroll To Top